ਇਟਲੀ: ਅਜਾਇਬ ਘਰ ‘ਚੋ ਕਰੋੜਾਂ ਦੀਆਂ ਪੇਂਟਿੰਗਾਂ ਚੋਰੀ

Global Team
2 Min Read

ਪਰਮਾ: ਉੱਤਰੀ ਇਟਲੀ ਦੇ ਸ਼ਹਿਰ ਪਰਮਾ ਦੇ ਨੇੜੇ ਇੱਕ ਅਜਾਇਬ ਘਰ ਤੋਂ ਸਿਰਫ਼ ਤਿੰਨ ਮਿੰਟਾਂ ਵਿੱਚ ਲੱਖਾਂ ਡਾਲਰ ਦੀਆਂ ਤਿੰਨ ਪੇਂਟਿੰਗਾਂ ਚੋਰੀ ਹੋ ਗਈਆਂ। ਜ਼ਿਕਰਯੋਗ ਹੈ ਕਿ ਚੋਰੀ 22 – 23 ਮਾਰਚ ਦੀ ਦਰਮਿਆਨੀ ਰਾਤ ਨੂੰ ਇੱਕ ਅਜਾਇਬ ਘਰ ਮੈਗਨਾਨੀ ਰੋਕਾ ਫਾਊਂਡੇਸ਼ਨ ਵਿੱਚ ਹੋਈ। ਚੋਰੀ ਹੋਈਆਂ ਪੇਂਟਿੰਗਾਂ ਵਿੱਚ ਔਗਸਟੇ ਰੇਨੋਇਰ ਦੀ “ਫਿਸ਼”, ਪਾਲ ਸੇਜ਼ਾਨ ਦੀ “ਸਟਿਲ ਲਾਈਫ ਵਿਦ ਚੈਰੀਜ਼” ਅਤੇ ਹੈਨਰੀ ਮੈਟਿਸ ਦੀ “ਓਡਾਲਿਸਕ ਔਨ ਦ ਟੈਰੇਸ” ਸ਼ਾਮਲ ਹਨ।

ਸਥਾਨਕ ਮੀਡੀਆ ਦੇ ਅਨੁਸਾਰ ਚੋਰ ਤਿੰਨ ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ ਪੇਂਟਿੰਗਾਂ ਲੈ ਕੇ ਫਰਾਰ ਹੋ ਗਏ ਅਤੇ ਅਜਾਇਬ ਘਰ ਦੇ ਬਾਗ਼ ਵਿੱਚੋਂ ਭੱਜ ਗਏ। ਇਨ੍ਹਾਂ ਪੇਂਟਿੰਗਾਂ ਦੀ ਕੁੱਲ ਕੀਮਤ ਲਗਭਗ $10 ਮਿਲੀਅਨ (ਲਗਭਗ ₹90-95 ਕਰੋੜ) ਹੋਣ ਦਾ ਅਨੁਮਾਨ ਹੈ।

1977 ਵਿੱਚ ਸਥਾਪਿਤ ਇਸ ਫਾਊਂਡੇਸ਼ਨ ਵਿੱਚ ਕਲਾ ਇਤਿਹਾਸਕਾਰ ਲੁਈਗੀ ਮੈਗਨਾਨੀ ਦਾ ਸੰਗ੍ਰਹਿ ਹੈ। ਇਸ ਵਿੱਚ ਡੁਰਰ, ਰੂਬੇਨਜ਼, ਵੈਨ ਡਾਇਕ, ਗੋਆ ਅਤੇ ਮੋਨੇਟ ਵਰਗੇ ਪ੍ਰਮੁੱਖ ਕਲਾਕਾਰਾਂ ਦੀਆਂ ਰਚਨਾਵਾਂ ਵੀ ਹਨ। ਸਥਾਨਕ ਮੀਡੀਆ ਨੇ ਅਜਾਇਬ ਘਰ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਇਹ ਚੋਰੀ ਇੱਕ ਸੰਗਠਿਤ ਗਿਰੋਹ ਦੁਆਰਾ ਕੀਤੀ ਗਈ ਸੀ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੋਰ ਹੋਰ ਵੀ ਮਾਸਟਰਪੀਸ ਲੈ ਜਾਂਦੇ, ਪਰ “ਸੁਰੱਖਿਆ ਪ੍ਰਣਾਲੀ ਦੇ ਸਰਗਰਮ ਹੋਣ” ਨੇ ਅਲਾਰਮ ਸ਼ੁਰੂ ਕਰ ਦਿੱਤਾ ਅਤੇ ਚੋਰ ਭੱਜ ਗਏ।

ਦੱਸ ਦੇਈਏ ਇਹ ਘਟਨਾ ਯੂਰਪ ਦੇ ਪ੍ਰਮੁੱਖ ਅਜਾਇਬ ਘਰਾਂ ਵਿੱਚ ਹਾਲ ਹੀ ਵਿੱਚ ਹੋਈਆਂ ਚੋਰੀਆਂ ਦੀ ਇੱਕ ਲੜੀ ਤੋਂ ਬਾਅਦ ਆਈ ਹੈ। ਚੋਰਾਂ ਨੇ ਪਹਿਲਾਂ ਪੈਰਿਸ ਦੇ ਲੂਵਰ ਮਿਊਜ਼ੀਅਮ ਤੋਂ ਲਗਭਗ $101 ਮਿਲੀਅਨ ਦੇ ਗਹਿਣੇ ਅਤੇ ਹੋਰ ਚੀਜ਼ਾਂ ਚੋਰੀ ਕੀਤੀਆਂ ਸਨ। ਇੱਕ ਵੱਖਰੀ ਘਟਨਾ ਵਿੱਚ, ਚੋਰਾਂ ਨੇ ਸਿਰਫ਼ ਅੱਠ ਮਿੰਟਾਂ ਵਿੱਚ 88 ਮਿਲੀਅਨ ਯੂਰੋ ਦੇ ਕਰਾਊਨ ਜਵੇਲਜ਼ ਚੋਰੀ ਕਰ ਲਏ। ਕੁਝ ਸ਼ੱਕੀਆਂ ਨੂੰ ਬਾਅਦ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਪਰ ਚੋਰੀ ਹੋਈਆਂ ਚੀਜ਼ਾਂ ਬਰਾਮਦ ਨਹੀਂ ਕੀਤੀਆਂ ਗਈਆਂ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment