ਹਰਿਆਣੇ ਦੇ ਗੁਰਦੁਆਰਿਆਂ ਦਾ ਪ੍ਰਬੰਧ ਪੁਲਿਸ ਜਰੀਏ ਜਬਰੀ ਲੈਣਾ ਬਿਲਕੁਲ ਗਲਤ- ਗਿਆਨੀ ਹਰਪ੍ਰੀਤ ਸਿੰਘ

Global Team
2 Min Read

ਸ਼੍ਰੋਮਣੀ ਕਮੇਟੀ ਵੱਲੋਂ ਸੱਦੇ ਗਏ ਉਚੇਚੇ ਇਜਲਾਸ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਦੀ ਨਾਮਜ਼ਦ ਐਡਹਾਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨ ਦਾ ਪੁਲਿਸ ਜਰੀਏ ਪ੍ਰਬੰਧ ਹਥਿਆਉਣਾ ਇਕ ਵੱਡੀ ਗਲਤੀ ਹੈ, ਜੋ ਉਨ੍ਹਾਂ ਨੂੰ ਮੰਨ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਸਵੈ-ਚਿੰਤਨ ਕਰਨਾ ਚਾਹੀਦਾ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਸਿੱਖ ਗੁਰਦੁਆਰਾ ਐਕਟ 1925 ਹੁਣ ਵੀ ਜਿਊਂ ਦਾ ਤਿਊਂ ਖੜ੍ਹਾ ਹੈ ਅਤੇ ਸੁਪਰੀਮ ਕੋਰਟ ਆਪਣੇ ਫੈਸਲੇ ਵਿਚ ਇਸ ਨੂੰ ਬਿਲਕੁਲ ਨਹੀਂ ਛੇੜਿਆ ਹੈ। ਉਨ੍ਹਾਂ ਆਖਿਆ ਕਿ ਹਰਿਆਣਾ ਦੇ ਗੁਰਦੁਆਰਾ ਪ੍ਰਬੰਧਾਂ ਦੇ ਮਾਮਲੇ ’ਤੇ ਸ਼੍ਰੋਮਣੀ ਕਮੇਟੀ ਨਾਲ ਗੱਲ ਕਰਨੀ ਚਾਹੀਦੀ ਸੀ ਅਤੇ ਜੇਕਰ ਸੁਣਵਾਈ ਨਾ ਹੁੰਦੀ ਤਾਂ ਕੋਰਟ ਪਾਸ ਪਹੁੰਚ ਕਰਨੀ ਚਾਹੀਦੀ ਸੀ। ਗੁਰੂ ਮਰਯਾਦਾ ਵਿਰੁੱਧ ਸਰਕਾਰੀ ਤਰੀਕੇ ਨਾਲ ਪ੍ਰਬੰਧ ਲੈਣਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਕੌਮ ਦਾ ਮਾਣ ਹਨ ਅਤੇ ਇਨ੍ਹਾਂ ਦੀ ਮਜ਼ਬੂਤੀ ਬਹੁਤ ਜ਼ਰੂਰੀ ਹੈ। ਸ਼੍ਰੋਮਣੀ ਕਮੇਟੀ ਕੌਮ ਦਾ ਹਾਸਲ ਹੈ ਇਹ ਕੌਮ ਦੀ ਰੀੜ ਦੀ ਹੱਡੀ ਹੈ। ਬਾਕੀ ਸੰਸਥਾਵਾਂ ਵੀ ਕੌਮ ਦਾ ਅਹਿਮ ਅੰਗ ਹਨ। ਸ਼੍ਰੋਮਣੀ ਕਮੇਟੀ ਨੂੰ ਤੋੜਨਾ ਮੰਦਭਾਗਾ ਹੈ। ਸਿੱਖ ਪੰਥ ਨੂੰ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਮਜ਼ਬੂਤ ਬਣਾਈ ਰੱਖਣ ਲਈ ਅੱਗੇ ਆਉਣ, ਕਿਉਂਕਿ ਇਸ ਦੀ ਮਜ਼ਬੂਤੀ ਨਾਲ ਹੀ ਪੰਥ ਮਜ਼ਬੂਤ ਰਹੇਗਾ।
ਇਜਲਾਸ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸੀਨੀਅਰ ਮੀਤ ਪ੍ਰਧਾਨ ਸ. ਬਲਦੇਵ ਸਿੰਘ ਕਾਇਮਪੁਰ, ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਬੀਬੀ ਕਿਰਨਜੋਤ ਕੌਰ, ਸ. ਜਸਵੰਤ ਸਿੰਘ ਪੁੜੈਣ, ਸ. ਮਹਿੰਦਰ ਸਿੰਘ ਹੁਸੈਨਪੁਰ, ਬਾਬਾ ਗੁਰਪ੍ਰੀਤ ਸਿੰਘ, ਸ. ਅਲਵਿੰਦਰਪਾਲ ਸਿੰਘ ਪੱਖੋਕੇ, ਸ. ਬਲਵਿੰਦਰ ਸਿੰਘ ਬੈਂਸ, ਸ. ਕਰਨੈਲ ਸਿੰਘ ਪੰਜੋਲੀ, ਸ. ਸਰਵਨ ਸਿੰਘ ਕੁਲਾਰ ਅਤੇ ਸਕੱਤਰ ਸ. ਪ੍ਰਤਾਪ ਸਿੰਘ ਨੇ ਸੰਬੋਧਨ ਕੀਤਾ। ਇਜਲਾਸ ’ਚ ਪੁੱਜੇ ਸਿੰਘ ਸਾਹਿਬਾਨ ਅਤੇ ਮੈਂਬਰਾਂ ਦਾ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਧੰਨਵਾਦ ਕੀਤਾ।

Share this Article
Leave a comment