ਜਨਜਾਤੀ ਇਸਤਰੀਆਂ ਦੀ ਬਦਹਾਲੀ ਵਾਲੀ ਸਿਹਤ ਲਈ ਮੌਜੂਦਾ ਰਾਜਸੀ ਢਾਂਚਾ ਜਿੰਮੇਵਾਰ ?

TeamGlobalPunjab
15 Min Read

-ਰਾਜਿੰਦਰ ਕੌਰ ਚੋਹਕਾ;

ਆਜ਼ਾਦੀ ਤੋਂ ਬਾਅਦ ਵੀ ਦੇਸ਼ ਦੇ ਬਹੁਤ ਸਾਰੇ ਪਛੜੇ, ਦੂਰ ਦੁਰੇਡੇ ਇਲਾਕਿਆਂ ਅਤੇ ਬਣ ਖੇਤਰਾਂ ‘ਚ ਨਿਵਾਸ ਕਰਦੇ ਬਹੁਤ ਸਾਰੇ ਜਨਜਾਤੀ ਅਤੇ ਕਬਾਇਲੀ ਲੋਕਾਂ ਦੀਆਂ, ਇਸਤਰੀਆਂ ਦੀਆਂ ਸਮਾਜਿਕ, ਆਰਥਿਕ, ਰਹਿਣ-ਸਹਿਣ, ਮਿਲਣ-ਜੁਲਣ ਅਤੇ ਖਾਸ ਕਰਕੇ ਸਿਹਤ ਸਬੰਧੀ ਸਮੱਸਿਆਵਾਂ ਅੱਜ ਵੀ ਬਦ-ਤੋਂ ਬਦਤਰ ਹਾਲਤ ਵਿੱਚ ਹਨ। ਇਕ ਰਿਪੋਰਟ ਅਨੁਸਾਰ, ਜਨਜਾਤੀ ਇਲਾਕਿਆਂ ਵਿੱਚ ਖਾਸ ਕਰਕੇ ਇਸਤਰੀਆਂ ਦੀਆਂ ਜੀਵਨ ਸਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਦੇ ਮਾਮਲੇ ਵਿਚ ਸਰਕਾਰਾਂ, ਪੂਰੀ ਤਰ੍ਹਾਂ ‘‘ਉਦਾਸਹੀਣ’’ ਦਿਸ ਰਹੀਆਂ ਹਨ ? ਸਗੋਂ ਤੇ ਉਨ੍ਹਾਂ ਨੂੰ ਮੁੱਖ ਬੁਨਿਆਦੀ ਸਹੂਲਤਾਂ ਉਪਲਬਧ ਕਰਾਉਣ ਵਿਚ ਸਰਕਾਰਾਂ ਆਨਾਂ-ਕਾਨੀ ਕਰ ਰਹੀਆਂ ਹਨ। ਬੀਤੇ ਡੇਢ ਸਾਲ ਤੋਂ ਕੋਵਿਡ-19 ਦੀ ਮਹਾਂਮਾਰੀ ਤੋਂ ਲੈ ਕੇ ਹੁਣ ਤੱਕ ਜੇਕਰ ਦੇਖਿਆ ਜਾਵੇ ਤਾਂ, ਇਸਤਰੀ ਵਰਗ ਹਰ ਪੱਖੋਂ ਕਮਜ਼ੋਰ ਹੀ ਰਿਹਾ ਹੈ। ਦੇਸ਼ ਦੀ ਅੱਧੀ ਆਬਾਦੀ ਨੂੰ ਆਪਣੀ ਜੀਵਨ-ਲੀਲਾ ਨੂੰ ਬਿਹਤਰ ਬਣਾਉਣ ਲਈ ਬੜਾ ਹੀ ਸਖਤ-ਸੰਘਰਸ਼ ਕਰਨਾ ਪੈ ਰਿਹਾ ਹੈ। ਪ੍ਰਤੂੰ ! ਦੂਸਰੇ ਪਾਸੇ ਸਰਕਾਰਾਂ ਵੱਲੋਂ ਇਨ੍ਹਾਂ ਕਬਾਇਲੀ ਤੇ ਜਨਜਾਤੀਆਂ ਦੀਆਂ ਇਸਤਰੀਆਂ ਨੂੰ ਸਮਾਜਿਕ ਪੱਖੋਂ ਬਿਹਤਰ ਸਹੂਲਤਾਂ, ਸਿਹਤ, ਵਿਦਿਆ, ਆਰਥਿਕ ਸਹੂਲਤਾਂ ਦੇਣ ਤੋਂ ਪਾਸਾ ਹੀ ਵੱਟਿਆ ਜਾ ਰਿਹਾ ਹੈ। ਉਨ੍ਹਾਂ ਦਾ ਜੀਵਨ ਬਦਹਾਲੀ ਕਾਰਨ, ਹਰ ਪੱਖੋਂ ਬਹੁਤ ਹੀ ਜਟਿਲ ਹੋ ਗਿਆ ਹੈ।

ਇਸਤਰੀਆਂ ਸਮਜ ਦਾ ਪੱਛੜਿਆ ਵਰਗ ਹੋਣ ਦੇ ਬਾਵਜੂਦ ਵੀ ਦੇਸ਼ ਦੇ ਵਿਕਾਸ ਵਿੱਚ ਪੂਰਨ-ਰੂਪ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ। ਇਸਤਰੀ ਕੇਵਲ ਜਨਨੀ ਹੀ ਨਹੀਂ ? ਸਗੋਂ ਤੇ ਉਹ ਇੱਕ ਚੰਗੀ ਸਿਹਤਮੰਦ ਕਾਮੇ ਵਜੋਂ ਸਮਾਜ ਦੀ ਅਗਵਾਈ ਵੀ ਕਰ ਰਹੀ ਹੈ । ਪ੍ਰਤੂੰ ! ਕੋਵਿਡ-19 ਕਾਰਨ ਪੈਦਾ ਹੋਏ ਆਰਥਿਕ ਹਾਲਤਾਂ ਵਿਚ ਉਹ ਆਪਣੀ ਚੰਗੀ ਸਿਹਤ ਦੀ ਸਾਂਭ-ਸੰਭਾਲ ਤਾਂ ਹੀ ਕਰ ਸਕਦੀ ਹੈ, ਜੇਕਰ ਘਰ ਵਿੱਚ ਕੋਈ ਆਮਦਨ ਦੇ ਵਸੀਲੇ ਹੋਣਗੇ ? ਜਦਕਿ ਕਰੋਨਾ ਦੌਰਾਨ, ਇਸਤਰੀਆਂ ਦੀ ਸਿਹਤ-ਸੰਭਾਲ ਦੀ ਦੇਖ-ਭਾਲ ਕਰਨੀ ਬਹੁਤ ਜ਼ਰੂਰੀ ਹੈ। ਇਸਤਰੀ ਹਰ ਪ੍ਰੀਵਾਰ ਦਾ ਧੁਰਾ ਹੁੰਦੀ ਹੈ। ਮਹਾਨ ਸਮਾਜਿਕ ਚਿੰਤਨ, ਵਿਗਿਆਨੀ, ‘‘ਚਾਰਲਸ-ਫੋਰੀਅਰ’’ ਨੇ ਕਿਹਾ ਹੈ, ‘‘ਕਿ ਕਿਸੇ ਦੇਸ਼ ਦੀ ਜਮਹੂਰੀਅਤ ਨੂੰ ਨਾਪਣ ਲਈ ਇਹ ਦੇਖੋ, ਕਿ ਉਸ ਦੇਸ਼ ਵਿੱਚ ਇਸਤਰੀ ਦੀ ਦਸ਼ਾ ਕੀ ਹੈ ? ਕਿਸੇ ਵੀ ਦੇਸ਼ ਵਿੱਚ ਇਸਤਰੀ ਦੀ ਹਾਲਤ ਇਕ ਜਮਹੂਰੀਅਤ ਦਾ ‘‘ਬੈਰੋਮੀਟਰ’’ ਹੁੰਦੀ ਹੈ!’’ ਭਾਵੇਂ ! ਸੰਵਿਧਾਨਿਕ ਤੌਰ ਤੇ ਇਸਤਰੀਆਂ ਨੂੰ ਮਰਦ ਦੇ ਬਰਾਬਰ ਦਾ ਰੁਤਬਾ ਦਿੱਤਾ ਗਿਆ ਹੈ? ਪ੍ਰਤੂੰ ! ਹਕੀਕਤ ਇਸ ਤੋਂ ਉਲਟ ਹੈ ?

- Advertisement -

ਸਿਹਤ ਪੱਖੋ ਦੇਸ਼ ਦੇ ਇਨ੍ਹਾਂ ਜਨਜਾਤੀ ਕਬਾਇਲੀ ਇਲਾਕਿਆਂ ਵਿੱਚ ਸਰਕਾਰੀ ਹਸਪਤਾਲਾਂ ਤ ਡਿਸਪੈਂਸਰੀਆਂ ਦੀ ਹਾਲਤ ਬਹੁਤ ਮੰਦਹਾਲੀ-ਵਾਲੀ ਹੈ। ਡਾਕਟਰੀ ਸਹੂਲਤਾਂ ਸਮੇਂ ਸਿਰ ਨਾ ਮਿਲਣ ਤੇ ਆਵਾਜਾਈ ਦੇ ਸਾਧਨਾ ਦੀ ਘਾਟ ਹੋਣ ਕਾਰਨ ਬਹੁਤ ਸਾਰੀਆਂ ਇਸਤਰੀਆਂ ਬੱਚੇ ਨੂੰ ਜਨਮ ਦੇਣ ਦੌਰਾਨ ਹੀ ਮਰ ਜਾਂਦੀਆਂ ਹਨ। ਦੂਰ-ਦੂਰੇਡੇ ਹਸਪਤਾਲ ਹੋਣ ਕਾਰਨ, ਆਉਣ ਜਾਣ ਦੇ ਸਾਧਨਾ ਦੀ ਘਾਟ, ਮਰੀਜ਼ ਨੂੰ ਕਈ ਵਾਰੀ ਸਮੇਂ ਸਿਰ ਡਾਕਟਰੀ ਸਹਾਇਤਾ ਨਾਂ ਮਿਲਣ ਕਾਰਨ ਉਹ ਕਈ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੀਆਂ ਹਨ। ਸਰਕਾਰ ਵੱਲੋਂ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ‘‘ਨਿਗੂਣਾ ਜਿਹਾ ਬਜਟ 2.23 ਕਰੋੜ ਰੁਪਏ ਦਾ ਰੱਖਿਆ ਗਿਆ ਹੈ’’। ਇਸ ਬਜਟ ਦਾ ਲਾਭ ਗਰੀਬ ਅਤੇ ਕਬਾਇਲੀ ਇਲਾਕੇ ਦੇ ਲਾਭਪਾਤਰੀਆਂ ਨੂੰ ਨਹੀਂ ਮਿਲ ਰਿਹਾ ਹੈ। ਜਿਸ ਕਾਰਨ ਉਹ ਸਿਹਤ ਪੱਖੋਂ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਦਮ ਤੋੜ ਜਾਂਦੇ ਹਨ।

ਭਾਰਤ ਦੇ ਸੰਵਿਧਾਨ ਵਿੱਚ ਭਾਂਵੇਂ ! ਇਹ ਅੰਕਿਤ ਹੈ, ਕਿ ਦੇਸ਼ ਦੇ ਹਰ ਨਾਗਰਿਕ ਨੂੰ ਕੁੱਲੀ, ਗੁਲੀ, ਜੁੱਲੀ ਤੇ ਮੁੱਖ ਬੁਨਿਆਦੀ ਸਹੂਲਤਾਂ, ਬਿਨ੍ਹਾਂ ਲਿੰਗ, ਭਿੰਨ, ਭੇਦ ਮੁਤਾਬਿਕ ਦਿੱਤੀਆਂ ਜਾਣਗੀਆਂ ਪ੍ਰਤੂੰ ! ਇਹ ਸਾਰੇ ਵਾਅਦੇ ਅਤੇ ਬਿਆਨ ਸਿਰਫ਼ ਕਾਗਜ਼ੀ ਕਾਰਵਾਈ ਬਣ ਕੇ ਰਹਿ ਗਏ ਹਨ।ਅੱਜ ! ਭਾਵੇਂ ਅਸੀਂ ਆਰਥਿਕ ਤਰੱਕੀ ਤਾਂ ਕਰ ਲਈ ਹੈ, ਪ੍ਰਤੂੰ ਸਿਹਤ ਤੇ ਭੁੱਖ ਮਰੀ ਦਾ ਢਾਂਚਾ ਵਿਗੜ ਰਿਹਾ ਹੈ। ਖਾਸ ਕਰਕੇ ਜਨਜਾਤੀ ਤੇ ਕਬਾਇਲੀ ਇਸਤਰੀਆਂ ਦੀ ਸਿਹਤ ਸਬੰਧੀ ਸਮੱਸਿਆਵਾਂ ਦਾ ਸੂਚਕ ਅੰਕ ਆਰਥਿਕ ਤੇ ਸਮਾਜਿਕ ਸਬੰਧੀ ਸਮੱਸਿਆਵਾਂ ਨਾਲੋਂ ਕਿਤੇ ਵੱਧ ਹਨ। ਪੁਰਸ਼ਾਂ ਦੇ ਮੁਕਾਬਲੇ ਕਬਾਇਲੀ ਇਸਤਰੀਆਂ ਨੂੰ ਸਿਹਤ ਸਬੰਧੀ ਜਿੱਥੇ ਜਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਆਪਣੀ ਆਰਥਿਕਤਾ ਨੂੰ ਬਿਹਤਰ ਬਣਾਉਣ ਲਈ ਕੰਮ ਦੇ ਦੌਰਾਨ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਵੀ ਹੋ ਰਿਹਾ ਹੈ।

ਸਿਹਤ ਸਬੰਧੀ ਇਕ ਰੀਪੋਰਟ ਮੁਤਾਬਿਕ ਅਲੱਗ-ਅਲੱਗ ਜਨਜਾਤੀਆਂ ਦੇ ਕਬਾਇਲੀ ਇਲਾਕਿਆਂ, ਖਾਸ ਕਰਕੇ ਪੱਛਮੀ ਬੰਗਾਲ ਤੇ ਉਸ ਦੇ ਨਾਲ ਲਗਦੇ ਇਲਾਕਿਆਂ ਵਿੱਚ ਵਿਟਾਮਿਨ-ਬੀ ਦੀ ਮਿਕਦਾਰ 64.2 ਫ਼ੀ-ਸਦ ਇਸਤਰੀਆਂ ‘ਚ ਘੱਟ ਪਾਈ ਗਈ ਹੈ। ਝਾਰਖੰਡ ਜਿਹੇ ਜਨਜਾਤੀ ਕਬਾਇਲੀਆਂ ਵਿੱਚ 73-ਫ਼ੀ-ਸਦ ਔਸਤ ਦੇ ਮੁਕਾਬਲੇ 82-ਫ਼ੀ-ਸਦ ਇਸਤਰੀਆਂ ਖੂੰਨ ਦੀ ਕਮੀ ਦਾ ਸ਼ਿਕਾਰ ਹਨ। ਝਾਰਖੰਡ ਅਤੇ ਪਛਮੀ ਬੰਗਾਲ ਵਿੱਚ 43-ਫ਼ੀ-ਸਦ ਜਨਜਾਤੀ ਦੀਆਂ ਇਸਤਰੀਆਂ ਪ੍ਰਸੂਤੀ ਬੀਮਾਰੀਆਂ ਦੀਆਂ ਸ਼ਿਕਾਰ ਹਨ। ਨਾਂ ਤਾਂ ਉਨ੍ਹਾਂ ਨੂੰ ਕੋਈ ਸਿਹਤ ਸਬੰਧੀ ਗਾਈਡ ਕੀਤਾ ਜਾ ਰਿਹਾ ਹੈ ਅਤੇ ਨਾਂ ਹੀ ਕੋਈ ਸਹੀ ਇਲਾਜ ਤੇ ਦਵਾਈ ਦਿੱਤੀ ਜਾ ਰਹੀ ਹੈ। ਇਨ੍ਹਾਂ ਜਨਜਾਤੀਆਂ ਦੇ ਆਸ ਪਾਸ ਨਾ ਤਾਂ ਕੋਈ ਸਿਹਤ ਕੇਂਦਰ ਹਨ ਤੇ ਨਾ ਹੀ ਕੋਈ ਡਾਕਟਰ ਉਪਲੱਬਧ ਹੋਣ ਕਾਰਨ ਕਈ ਵਾਰੀ ਜਚਾ-ਬੱਚਾ ਦੌਰਾਨ ਮਾਂ ਦੀ ਸਿਹਤ ਖਰਾਬ ਹੋਣ ਕਾਰਨ ਬਹੁਤ ਸਾਰੇ ਬੱਚੇ ਸਮੇਂ ਤੋਂ ਪਹਿਲਾਂ ਹੀ ਪੈਦਾ ਹੋ ਰਹੇ ਹਨ ਅਤੇ ਕਈ ਸਮੇਂ ਸਿਰ ਇਲਾਜ ਨਾਂ ਹੋਣ ਕਾਰਨ ਮੌਤ ਦੇ ਮੂੰਹ ਵਿੱਚ ਹੀ ਚਲੇ ਜਾਂਦੇ ਹਨ।

ਇਕ ਰੀਪੋਰਟ ਮੁਤਾਬਿਕ ਇਨ੍ਹਾਂ ਜਨਜਾਤੀ ਕਬਾਇਲੀ ਇਲਾਕਿਆਂ ਵਿੱਚ ਤਿੰਨ ਸਾਲ ਤੋੋਂ ਘੱਟ ਉਮਰ ਦੇ 57-ਫ਼ੀ-ਸਦ ਬੱਚੇ ਘੱਟ ਭਾਰ ਦੇ ਪੈਦਾ ਹੁੰਦੇ ਹਨ। ਸਿਰਫ਼ 18-ਫ਼ੀ-ਸਦ ਗਰਭਵਤੀ ਜਨਜਾਤੀ ਦੀਆਂ ਇਸਤਰੀਆਂ ਨੂੰ ਟੈਟਨਸ ਦਾ ਟੀਕਾ ਮਿਲਦਾ ਹੈ। ਸਿਰਫ਼ 12-ਫ਼ੀ-ਸਦ ਨੂੰ ਹੀ ਫੋਲਿਕ ਐਸਿਡ ਆਇਰਨ ਦੀਆਂ ਗੋਲੀਆਂ ਹੀ ਮਿਲਦੀਆਂ ਹਨ। 69-ਫ਼ੀ-ਸਦ ਇਸਤਰੀਆਂ ਪਰੰਪਰਕ ਤਰੀਕਿਆਂ ਨਾਲ ਘਰ ਵਿੱਚ ਬੱਚੇ ਨੂੰ ਜਨਮ ਦੇ ਪਾਉਂਦੀਆਂ ਹਨ, 24-ਫ਼ੀ-ਸਦ ਦੋਸਤਾਂ ਤੇ ਰਿਸ਼ਤੇਦਾਰਾਂ ਰਾਹੀਂ, 7-ਫ਼ੀ-ਸਦ ਡਾਕਟਰ ਜਾ ਆਸ਼ਾ ਵਰਕਰਾਂ ਰਾਹੀਂ ਬੱਚੇ ਦਾ ਜਨਮ ਕੀਤਾ ਜਾਂਦਾ ਹੈ। ਪੂਰੀ ਸਿੱਖਿਆ ਨਾ ਮਿਲਣ ਕਾਰਨ, ਕਈ ਵਾਰੀ ਦੂਸਰੇ ਬੱਚੇ ਦਾ ਜਲਦੀ ਜਨਮ ਹੋਣ ਨਾਲ ਵੀ ਮਾਂ ਤੇ ਬੱਚੇ ਦੀ ਸਿਹਤ ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਨ੍ਹਾਂ ਕਬਾਇਲੀ ਤੇ ਜਨਜਾਤੀ ਦੇ ਇਲਾਕਿਆਂ ਵਿੱਚ ਜਿਆਦਾਤਰ ਮੌਤਾਂ ਡਾਇਰੀਆ, ਸਾਹ ਜਿਹੀਆਂ ਬਿਮਾਰੀਆਂ ਤੇ ਖੂਨ ਦੀ ਘਾਟ ਦੀ ਸਮੱਸਿਆ ਪੈਦਾ ਹੋਣ ਨਾਲ ਹੁੰਦੀਆਂ ਹਨ।

ਜੇਕਰ ਦੇਖਿਆ ਜਾਵੇ ਤਾਂ ਪਿਛਲੇ ਕਾਫੀ ਸਮੇਂ ਤੋਂ ਦੇਸ਼ ਦਾ ਸਿਹਤ ਢਾਂਚਾ ਚਿਰਮਰਾ ਰਿਹਾ ਹੈ। ਇਸ ਸਮੇਂ ਦੇਸ਼ ਵਿੱਚ ਸਿਹਤ ਸਬੰਧੀ ਦੇਖ-ਭਾਲ ਦੇ ਤਿੰਨ ਢੰਗ ਤਰੀਕੇ ਹਨ। ਸਭ ਤੋਂ ਥਲੇ ਪਿੰਡਾਂ ਤਕ ਸਿਹਤ ਕੇਂਦਰ ਹਨ ਪਰ ਉਹ ਨਾਮ ਦੇ ਹੀ ਹਨ। ਉਥੇ ਮਰੀਜ਼ਾਂ ਨੂੰ ਕੋਈ ਸਹੂਲਤ ਨਹੀਂ ਮਿਲਦੀ ਤੇ ਨਾ ਹੀ ਕੋਈ ਡਾਕਟਰ ਉਪਲਬੱਧ ਹਨ। ਦੂਸਰਾ ਜ਼ਿਲਿ੍ਹਆਂ ਵਿੱਚ ਹਸਪਤਾਲਾਂ ਦੇ ਰੂਪ ਵਿੱੱਚ ਮਰੀਜ਼ਾ ਨੂੰ ਸਿਹਤ ਸਬੰਧੀ ਸਹੂਲਤਾਂ ਮਿਲਦੀਆਂ ਹਨ। ਤੀਸਰੇ ਆਧੁਨਿਕ ਦੇਖਭਾਲ ਵਾਲੇ ਮੁੱਖ ਹਸਪਤਾਲਾਂ ਦਾ ਨਾਮ ਆਉਂਦਾ ਹੈ, ਜਿੱਥੇ ਵੱਧ ਪੈਸੇ ਲੈ ਕੇ ਇਲਾਜ ਦੇ ਨਾਂ ਤੇ ਲੁੱਟ ਜਾਰੀ ਹੈ। ਜੇਕਰ ਹਸਪਤਾਲਾਂ ਵਿੱਚ ਪੂਰਨ ਰੂਪ ਵਿੱਚ ਸਹੂਲਤਾਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਕੇਂਦਰ ਹਸਪਤਾਲਾਂ ਵਿਚ ਵੀ ਜ਼ਿਆਦਾਤਰ ਸੌ ਤੋਂ ਪੰਜ੍ਹ ਸੌ (500) ਬਿਸਤਰੇ ਹੀ ਹਨ ਜੋ ਹਰ ਜ਼ਿਲੇ ਵਿੱਚ ਇਕ ਲੱਖ ਤੋਂ ਦਸ ਲੱਖ ਨਾਗਰਿਕਾਂ ਨੂੰ ਸੇਵਾਵਾਂ ਦਿੰਦੇ ਹਨ। ਜ਼ਿਲ੍ਹਾ ਹਸਪਤਾਲਾਂ ਵਿੱਚ ਪਹਿਲੀ ਵਾਰ ਸਿਹਤ ਸਬੰਧੀ ਨਿਰਦੇਸ਼-2007 ਵਿੱਚ ਜਾਰੀ ਕੀਤੇ ਗਏ ਸਨ।ਫਿਰ -2012 ਵਿਚ ਸੋਧ ਕੀਤੀ ਗਈ। ਸਿਹਤ ਤੇ ਪ੍ਰੀਵਾਰ ਕਲਿਆਣ ਮੰਤਰਾਲੇ ਨੇ -2017 ‘ਚ ਮਲਟੀ ਸਪੈਸ਼ਲਟੀ ਦੇਖਭਾਲ ਲਈ ਜ਼ਿਲ੍ਹਾ ਹਸਪਤਾਲਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਸੀ। ਪ੍ਰਤੂੰ ! ਇਹ ਯੋਜਨਾਵਾਂ ਸਿਰੇੇ ਨਹੀਂ ਚੜ੍ਹ ਸਕੀਆਂ।ਜੇਕਰ ਪਿਛਲੇ ਅੰਕੜਿਆਂ ‘ਤੇ ਝਾਤ ਮਾਰੀ ਜਾਵੇ ਤਾਂ ਅੱਸੀ ਦੇ ਦਹਾਕੇ ਦੌਰਾਨ ਦੇਸ਼ ਦੇ ਬਹੁਤ ਸਾਰੇ ਹਸਪਤਾਲਾਂ ਦਾ ਪ੍ਰਬੰਧ ਬਹੁਤ ਚੰਗਾ ਸੀ। ਪਰ ਬਾਅਦ ਵਿੱਚ ਇਨ੍ਹਾਂ ਹਸਪਤਾਲਾਂ ਦਾ ਹੌਲੀ ਹੌਲੀ ਪ੍ਰਬੰਧ ਵਿਗੜਦਾ ਹੀ ਗਿਆ। ਕਿਉਂਕਿ ? ਕੇਂਦਰ ਤੇ ਰਾਜ ਸਰਕਾਰਾਂ ਵੱਲੋਂ, ਇਨ੍ਹਾਂ ਹਸਪਤਾਲਾਂ ਦਾ ਪ੍ਰਬੰਧ, ਦੇਖ-ਭਾਲ, ਤਜ਼ਰਬੇਕਾਰ ਡਾਕਟਰ ਅਤੇ ਹਸਪਤਾਲਾਂ ਲਈ ਦਵਾਈ, ਸਿਹਤ ਸਬੰਧੀ ਉਪਕਰਨ ਦੀ ਅਤੇ ਬੈਡਾਂ ਦੀ ਘਾਟ ਹੁੰਦੀ ਗਈ।

- Advertisement -

1990 ਤੋਂ ਬਾਅਦ ਦੇਸ਼ ਵਿੱਚ ਉਦਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਤੋਂ ਬਾਦ ਸਿਹਤ, ਵਿਦਿਆ ਤੇ ਹੋਰ ਮਹਿਕਮਿਆਂ ਵਿੱਚ ਨਿਘਾਰ ਹੀ ਆਉਂਦਾ ਗਿਆ। ਖਾਸ ਤੌਰ ‘ਤੇ ਦੂਰ ਦੁਰੇਡੇ ਰਹਿੰਦੇ ਜਨਜਾਤੀ, ਆਦਿਵਾਸੀ ਇਲਾਕਿਆਂ ਦੀ ਹਾਲਤ ਸਿਹਤ ਪੱਖੋਂ ਹੋਰ ਵੀ ਵਿਗੜ ਗਈ। ਹਸਪਤਾਲਾਂ ਦੀ ਮਾੜੀ ਹਾਲਤ ਅਤੇ ਦਵਾਈਆਂ ਨਾ ਮਿਲਣੀਆਂ, ਡਾਕਟਰੀ ਸਹਾਇਤਾਂ ਖਾਸ ਕਰਕੇ ਮੈਡੀਕਲ, ਵਿੱਦਿਆ ਦੀ ਘਾਟ ਕਾਰਨ ਇਹ ਗ਼ਰੀਬ ਤੇ ਪਛੜੇ ਲੋਕ ਝਾੜ-ਫੂਕ, ਜੜੀ ਬੂਟੀਆਂ ਤੇ ਪਾਖੰਡੀ ਬਾਬਿਆਂ ਦੇ ਚੁੰਗਲ ਵਿੱਚ ਫਸ ਜਾਂਦੇ ਹਨ ਤੇ ਇਹੋ ਜਿਹੇ ਇਲਾਜਾਂ ਵਿੱਚ ਹੀ ਯਕੀਨ ਰੱਖਦੇ ਹਨ। ਇਨ੍ਹਾਂ ਜਨਜਾਤੀ ਲੋਕਾਂ ਦੀ ਤਰਕੀ ਲਈ ਅਤੇ ਮੈਡੀਕਲ, ਸਿੱਖਿਆ ਤੇ ਸਹੂਲਤਾਂ ਦਾ ਸਰਕਾਰੀ ਤੌਰ ਤੇ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਣਾ ਲਾਜਮੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਹੀ ਅਸੀਂ ਇਨ੍ਹਾਂ ਜਨਜਾਤੀ ਤੇ ਕਬਾਇਲੀਆਂ ਨੂੰ ਦੇਸ਼ ਦੇ ਨਾਗਰਿਕਾਂ ਦੇ ਹਾਣ ਦਾ ਬਣਾ ਸਕਾਂਗੇ ? ਇਨ੍ਹਾਂ ਜਨਜਾਤੀ ਆਦਿਵਾਸੀਆਂ ਨੂੰ ਦੇਸ਼ ਦੀ ਮੁੱਖ ਧਾਰਾ ਨਾਲ ਜੋੜਨ ਲਈ ਸਰਕਾਰਾਂ ਵੱਲੋਂ ਇਨ੍ਹਾਂ ਦੀਆ ਮੁੱਖ ਬੁਨਿਆਦੀ ਸਹੂਲਤਾਂ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਦੀ ਚੰਗੀ ਸਿਹਤ, ਪੌਸ਼ਟਿਕ ਖੁਰਾਕ, ਵਿਦਿਆ, ਰੁਜ਼ਗਾਰ ਦੀ ਗਰੰਟੀ, ਰਹਿਣ ਸਹਿਣ ਲਈ ਚੰਗੇ ਮਕਾਨ, ਸਾਫ ਪੀਣ ਵਾਲਾ ਪਾਣੀ, ਆਵਾਜਾਈ ਦੇ ਸਾਧਨਾਂ ਨੂੰ ਯਕੀਨੀ ਬਣਾਇਆ ਜਾਵੇ ਤੇ ਇਨ੍ਹਾਂ ਕਬਾਇਲੀ ਲੋਕਾਂ ਦੇ ਮਸਲਿਆਂ ਨੂੰ ਨਜਿੱਠਣ ਦੀ ਪਹਿਲ ਕਦਮੀ ਕੀਤੀ ਜਾਵੇ ਤੇ ਸਭਿਆਚਾਰਕ ਤੌਰ ਤੇ ਭਾਈਚਾਰਕ ਸਾਂਝ ਬਣਾਈ ਜਾਵੇ। ਚੰਗੀ ਸਿਹਤ ਲਈ, ਪਛੜੇ ਕਬਾਇਲੀ ਤੇ ਜੰਗਲਾਂ ਵਿੱਚ ਰਹਿਣ ਵਾਲੇ ਜਨਜਾਤੀ ਦੇ ਲੋਕਾਂ ਦੀ ਸਿਹਤ ਲਈ ਸਿਹਤ ਸਬੰਧੀ ਜਾਂਚ ਕਰਨ ਲਈ ਸਿਹਤ ਕੇਂਦਰ, ਉਨ੍ਹਾਂ ਦੀ ਚੰਗੀ ਖੁਰਾਕ, ਪੋਲੀਓ, ਟੈਟਨਸ ਤੇ ਹੋਰ ਬੀਮਾਰੀਆਂ ਸਬੰਧੀ ਟੀਕਾਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਵਿੱਚ ਕੁਪੋਸ਼ਣ ਨਾਲ ਹੋਣ ਵਾਲੀਆਂ ਬੀਮਾਰੀਆਂ ਤੇ ਕਾਬੂ ਪਾਇਆ ਜਾ ਸਕੇ। ਇਨ੍ਹਾਂ ਲਈ ਪੀਣ ਵਾਲੇ ਪਾਣੀ ਦਾ ਸਾਫ ਪ੍ਰਬੰਧ, ਸਾਫ ਸਫਾਈ ਦੇ ਨਾਲ-ਨਾਲ ਇਨ੍ਹਾਂ ਲੋਕਾਂ ਨੂੰ ਦੇਸ਼ ਦੀ ਸਮਾਜਿਕ, ਸੰਸਕਿ੍ਰਤੀ ਨਾਲ ਜੋੜਨ ਲਈ ਵੀ ਪਹਿਲ ਕਦਮੀ ਕਰਨੀ ਪਏਗੀ। ਇਨ੍ਹਾਂ ਪਛੜੇ ਇਲਾਕਿਆਂ ਵਿੱਚ ਸਿੱਖਿਆ ਤੇ ਪੜ੍ਹਾਈ ਦੇ ਮੁਢਲੇ ਪ੍ਰਬੰਧ ਨਾਂ ਹੋਣ ਕਾਰਨ ਉਹ ਕੋਰੇ ਅਨਪੜ੍ਹ ਹਨ। ਖਾਸ ਕਰਕੇ ਇਸਤਰੀਆਂ ਵਿੱਚ ਪਿਛੜਾਪਨ, ਅੰਧ ਵਿਸ਼ਵਾਸ਼ ਤੇ ਲਿੰਗਕ ਭੇਦ-ਭਾਵ ਦੀ ਵੀ ਉਹ ਸ਼ਿਕਾਰ ਹੈ। ਲੜਕੀਆਂ ਨੂੰ ਸਿਰਫ਼ ਘਰੇਲੂ ਕੰਮ, ਚੁੱਲ੍ਹਾ-ਚੌਕਾਂ, ਜੰਗਲਾਂ ‘ਚੋਂ ਲਕੜੀਆਂ ਇੱਕਠੀਆਂ ਕਰਨੀਆਂ, ਪਸ਼ੂਆਂ, ਜਾਨਵਰਾਂ ਲਈ ਚਾਰਾ ਲਿਆਉਣ ਦੇ ਕੰਮਾਂ ਤੱਕ ਹੀ ਸੀਮਿਤ ਰੱਖਿਆ ਜਾ ਰਿਹਾ ਹੈ। ਸਗੋਂ ਤੇ ਇਨ੍ਹਾਂ ਲੜਕੀਆਂ ਨੂੰ ਪੜਾਈ ਕਿੱਤਾ ਅਤੇ ਰੂਜ਼ਗਾਰ ਮੁੱਖੀ ਕੰਮਾਂ ‘ਚ ਸਿੱਖਿਅਤ ਕਰਨਾ ਚਾਹੀਦਾ ਹੈ। ਦੂਸਰਾ ਅੰਧ-ਵਿਸ਼ਵਾਸ਼ ਤੇ ਗਰੀਬੀ ਵੀ ਇਨ੍ਹਾਂ ਦੀ ਤਰੱਕੀ ਦੇ ਰਾਹ ਵਿੱਚ ਰੋੜਾ ਹੈ। ਗਿਆਨ-ਵਿਗਿਆਨ ਦੀ ਇਕ ਸਰਗਰਮ ਲਹਿਰ ਚਲਾਉਣੀ ਚਾਹੀਦੀ ਹੈ।

ਆਦਿਵਾਸੀ ਤੇ ਇਨ੍ਹਾਂ ਜਨਜਾਤੀ ਲੋਕਾਂ ਵਿੱਚ ਜਾਗਿ੍ਰਤੀ ਲਿਆਉਣ ਲਈ ਸਰਕਾਰ ਵਲੋਂ ਸਰਕਾਰੀ ਤੌਰ ਤੇ ਉਨ੍ਹਾਂ ਲਈ ਭਲਾਈ ਫੰਡ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਦੀ ਦੇਖ-ਭਾਲ ਲਈ ਇਲਾਕਿਆਂ ਵਿੱਚ ਰਹਿਣ ਲਈ ਚੰਗੀ ਵਿਵਸਥਾ, ਸਾਫ ਸਫਾਈ, ਪੀਣ ਲਈ ਸਾਫ ਪਾਣੀ, ਚੰਗੀ ਤੇ ਪੌਸ਼ਟਿਕ ਖੁਰਾਕ, ਬਸਤੀਆਂ ਦੀ ਪੱਕੀ ਵਿਵਸਥਾ, ਆਵਾਜਾਈ ਲਈ ਪੱਕੀਆਂ ਸੜਕਾਂ, ਸਕੂਲ, ਹਸਪਤਾਲ ਮੁਫਤ, ਦਵਾਈਆਂ ਮੁਫ਼ਤ, ਚੈਕ ਅਪ, ਸਮੇਂ-ਸਮੇਂ ਸਿਰ ਮੁਫਤ ਟੀਕੇ ਲਗਾਉਣ ਦਾ ਉਚੇਚਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਜਨਜਾਤੀਆਂ ਨੂੰ ਵੀ ਪੂਰੀਆਂ ਉਹੀ ਸਹੂਲਤਾਂ ਦਿੱਤੀਆਂ ਜਾਣ, ਜਿਹੜੀਆਂ ਦੇਸ਼ ਦੇ ਆਮ ਨਾਗਰਿਕਾਂ ਨੂੰ ਮਿਲ ਰਹੀਆਂ ਹਨ। ਸਿਹਤ ਸਮਾਜ ਦੀ ਸਥਾਪਨਾ ਲਈ ਕਬਾਇਲੀ ਤੇ ਪਛੜੇ ਜਾਤੀਵਾਸੀ ਵੀ ਸਮਾਜ ਦੇ ਵਿਕਾਸ ਵਿੱਚ ਉਨ੍ਹ੍ਹਾਂ ਹੀ ਯੋਗਦਾਨ ਪਾ ਰਹੇ ਹਨ, ਜਿਨ੍ਹਾਂ ਬਾਕੀ ਦੇਸ਼ ਵਾਸੀ। ਫਿਰ ਉਹ ਦੇਸ਼ ਵਿੱਚ ਹੋ ਰਹੇ ਵਿਕਾਸ ਤੋਂ ਕਿਉਂ ਵੰਚਿਤ ਰਹਿਣ ?

ਦੇਸ਼ ਦੇ ਪਛਡੇ ਕਬਾਇਲੀ ਅਤੇ ਵਣ ਇਲਾਕਿਆਂ ਦੇ ਲੋਕ ਕਰੋਨਾ ਦੇ ਦੁਰ ਪ੍ਰਭਾਵ ਤੋਂ ਅਜੇ ਬਾਹਰ ਨਹੀਂ ਆਏ ਹਨ। ਜਨਤਕ ਨਿਵੇਸ਼ ‘ਚ ਅਜੇ ਵਾਧਾ ਨਹੀਂ ਹੋਇਆ ਹੈ। ਮੋਦੀ ਸਰਕਾਰ ਨੂੰ ਬੁਨਿਆਦੀ ਢਾਚਾਂ ਬਣਾਉਣ, ਰੁਜ਼ਗਾਰ ਤੇ ਮੰਗ ਪੈਦਾ ਕਰਨ ਲਈ ਵਧੇਰੇ ਪੂੰਜੀ ਲਾਉਣੀ ਚਾਹੀਦੀ ਹੈ। ਇਕ ਪਾਸੇ ਤਾਂ ਹਾਕਮ ਨੇ ਕੌਮੀ ਅਸਾਸਿਆਂ ਦੀ ਲੁੱਟ ਲਈ ਜਨਤਕ ਅਦਾਰਿਆਂ ਨੂੰ ਖੁੱਲ੍ਹੀ ਸੇਲ ਤੇ ਲਗਾ ਦਿੱਤਾ ਹੈ। ਡੀਜਲ ਤੇ ਪੈਟਰੋਲ ਤੇ, ਹਦੋਂ ਵੱਧ ਲਗਾਏ ਟੈਕਸਾਂ ਤੋ ਆਇਆ ਪੈਸਾ ਕਿੱਥੇ ਗਿਆ ਹੈ? ਦੁੱਨੀਆਂ ਅੰਦਰ ਸਰਕਾਰਾਂ ਆਪਣੇ ਨਾਗਰਿਕਾਂ ਲਈ ਰੁਜ਼ਗਾਰ ਤੇ ਰੋਜ਼ੀ ਰੋਟੀ ਦੀ ਮਦਦ ਕਰ ਰਹੀਆਂ ਹਨ। ਪਰ! ਮੋਦੀ ਸਰਕਾਰ ਦੇ ਰਾਜ ਅੰਦਰ ਪਿਛਲੇ 6 ਸਾਲਾਂ ਦੌਰਾਨ ਹਰ ਖੇਤਰ ‘ਚ ਰੁਜ਼ਗਾਰ ਖੁੱਸਿਆ ਹੈ। ਕੋਵਿਡ-19 ਅਜੇ ਖਤਮ ਹੋਣ ਵਾਲਾ ਨਹੀ ਹੈ ਅਤੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਵੈਕਸੀਨ ਰਾਹੀਂ ਹੀ ਬਚਾਇਆ ਜਾ ਸਕਦਾ ਹੈ।ਦੂਸਰਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਪੌਸ਼ਟਿਕ ਖੁਰਾਕ, ਭੋਜਨ ਦੀ ਪ੍ਰਾਪਤੀ, ਸਿਹਤ ਸਹੂਲਤਾਂ ਤੇ ਸਿੱਖਿਆ ਰਾਹੀਂ ਹੀ ਗਰੀਬੀ ਗੁਰਬਤ ਤੋਂ ਨਿਜਾਤ ਮਿਲ ਸਕਦੀ ਹੈ। ਦੇਸ਼ ਦੇ ਇਨ੍ਹਾਂ ਇਲਾਕਿਆਂ ‘ਚ ਰਹਿੰਦੀ ਗਰੀਬ ਜਨਤਾ ਨੂੰ ਵੀ ਭਾਰਤ ਅੰਦਰ ਇਕ ਖੁਸ਼ਹਾਲ ਨਾਗਰਿਕ ਵਜੋਂ ਜਿਊਣ ਦਾ ਹੱਕ ਮਿਲਣਾ ਚਾਹੀਦਾ ਹੈ।

ਦੇਸ਼ ਦੇ ਆਦਿਵਾਸੀਆਂ ਇਲਾਕਿਆਂ ਦੇ ਲੋਕਾਂ ਦੀ ਸੰਸਕਿ੍ਰਤੀ ਨੂੰ ਮੋਦੀ ਸਰਕਾਰ ਅੰਦਰ ਹਿੰਦੂਤਵਾਂ ਵਿਚਾਰ ਧਾਰਾਵਾਂ ਦੇ ਵਾਹਕਾਂ ਆਰ.ਐਸ.ਐਸ. ਆਦਿਵਾਸੀ ਸੰਗਠਨਾਂ, ਜਿਹੜੇ ਇਤਿਹਾਸ ਦੇ ਬ੍ਰਹਮਣਵਾਦੀ ਸੰਸਕਰਨਾ ਅਨੁਸਾਰ ਆਦਿਵਾਸੀਆਂ ਨੂੰ ‘ਵਣਵਾਸੀ’ ਗਰਦਾਨਦੇ ਹਨ, ਤੋਂ ਵੱਡਾ ਖਤਰਾ ਪੈਦਾ ਹੋ ਗਿਆ ਹੈ। ਇਨ੍ਹਾਂ ਸੰਗਠਨਾਂ ਦੇ ਹਮਲਿਆਂ ਰਾਹੀਂ ਕਬਾਇਲੀ ਪਛਾਣ ਅਤੇ ਜੀਵਨ ਜਾਂਚ ਨੂੰ ਮਿਸ਼ਰਤ ਬਣਾਉਣ ਅਤੇ ਹਿੰਦੂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਖਾਸ ਕਰਕੇ ਬੱਚੀਆਂ ਤੇ ਇਸਤਰੀਆਂ ਤੇ ਹੋ ਰਹੇ ਤਰ੍ਹਾਂ-ਤਰ੍ਹਾਂ ਦੇ ਲਿੰਗਕ ਹਮਲਿਆਂ ਦਾ ਗ੍ਰਾਫ ਵਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ‘‘ਗੌਣਵਣ’’ ਉਪਜ ਇਕਤਰ ਕਰਨ ਦੇ ਪ੍ਰੰਪਰਿਕ ਰੋਟੀ-ਰੋਜ਼ੀ ਢੰਗਾਂ ਨੂੰ ਕਬਾਇਲੀ ਵਸੋਂ ਵਾਲੇ ਇਲਾਕਿਆਂ ਵਿੱਚ ਨਵਉਦਾਰਵਾਦੀ, ਪੂੰਜੀਵਾਦੀ ਨੀਤੀਆਂ ਦੇ ਹਮਲਿਆਂ ਰਾਹੀਂ ਤੋੜਿਆ ਭੰਨਿਆ ਜਾ ਰਿਹਾ ਹੈ।ਆਦਿਵਾਸੀਆਂ ਦੇ ਜ਼ਮੀਨ ਦੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ, ਉਨ੍ਹਾਂ ਤੋਂ ਗੈਰ ਕਾਨੂੰਨੀ ਖੋਹੀਆਂ ਜਮੀਨਾਂ ਬਹਾਲ ਕਰਨ, ਜੰਗਲਾਤ ਅਧਿਕਾਰ ਕਾਨੂੰਨ ਨੂੰ ਪੂਰਨ ਰੂਪ ਵਿੱਚ ਲਾਗੂ ਕੀਤਾ ਜਾਵੇ। ‘‘ਗੌਣਵਣ’’ ਉਪਜ ਲਈ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾਵੇ। ਕਬਾਇਲੀ ਭਾਸ਼ਾਵਾਂ ਅਤੇ ਸੱਭਿਆਚਾਰ ਦੀ ਸੁਰੱਖਿਆ ਕੀਤੀ ਜਾਵੇ। 5-ਵੇਂ ਤੇ 6-ਵੇਂ ਸ਼ਡਿਊਲ ਅਤੇ ‘ਪੇਸਾ’ ਕਾਨੂੰਨਾਂ ਦੀ ਸੁਰੱਖਿਆ ਕੀਤੀ ਜਾਵੇ।ਜਿੰਨੀ ਤੇਜ਼ੀ ਨਾਲ ਕਬਾਇਲੀ ਖੇਤਰਾਂ ਅੰਦਰ ਇਸਤਰੀਆਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ‘ਚ ਵਾਧਾ ਹੋ ਰਿਹਾ ਹੈ, ਬਦਹਾਲੀ ਵੱਧ ਰਹੀ ਹੈ, ਇਸ ਦੇ ਮੁਲਅੰਕਣ ਰਾਂਹੀ ਦੇਸ਼ ਦੇ ਸਮਾਜਿਕ ਵਿਕਾਸ ਦਾ ਪਤਾ ਲੱਗ ਜਾਂਦਾ ਹੈ। ਅੱਜ ! ਭਾਰਤ ਗਰੀਬੀ, ਭੁੱਖ ਮਰੀ ਕਾਰਨ ਦੁੱਨੀਆਂ ਤੋਂ ਸਭ ਤੋਂ ਪਛੜਿਆ ਦੇਸ਼ ਹੈ ਅਤੇ ਇਸ ਤੋਂ ਵੱਧ ਪ੍ਰਭਾਵਿਤ ਜਨਨੀ ਇਸਤਰੀ ਭਾਵ ! ਮਾਂ ਹੈ। ਸਮਾਜਿਕ ਪ੍ਰੀਵਰਤਨ ਰਾਹੀਂ ਹੀ ਇਸਤਰੀਆਂ ਦੀਆਂ ਸਮੱਸਿਆਵਾਂ ਨੂੰ ਮੁਕਤੀ ਮਿਲ ਸਕਦੀ ਹੈ।

ਸੰਪਰਕ: 91-98725-44738
ਕੈਲਗਰੀ :001-403-285-4208

Share this Article
Leave a comment