ਬਗਦਾਦ: ਇਰਾਕ ਵਿੱਚ 21 ਅੱਤਵਾਦੀਆਂ ਅਤੇ ਕਾਤਲਾਂ ਨੂੰ ਸੋਮਵਾਰ ਨੂੰ ਸਮੂਹਿਕ ਤੌਰ ਤੇ ਫਾਂਸੀ ‘ਤੇ ਲਟਕਾ ਦਿੱਤਾ ਗਿਆ। ਇਰਾਕ ਦੇ ਅੰਦਰੂਨੀ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿਤੀ ਹੈ। ਦੱਖਣੀ ਇਰਾਕ ਦੇ ਸ਼ਹਿਰ ਨਸੀਰੀਆ ਦੀ ਜੇਲ੍ਹ ਵਿੱਚ ਇਨ੍ਹਾਂ ਲੋਕਾਂ ਨੂੰ ਫਾਂਸੀ ਦਿੱਤੀ ਗਈ। ਇਨ੍ਹਾਂ ਵਿੱਚ ਇਰਾਕ ਦੇ ਉੱਤਰੀ ਸ਼ਹਿਰ ਤਲ ਅਫ਼ਰ ਵਿੱਚ ਹੋਏ ਦੋ ਆਤਮਘਾਤੀ ਹਮਲਿਆਂ ਵਿੱਚ ਲੋਕ ਸ਼ਾਮਲ ਸਨ। ਇਨ੍ਹਾਂ ਹਮਲਿਆਂ ਵਿੱਚ ਦਰਜਨਾਂ ਲੋਕ ਮਾਰੇ ਗਏ ਸਨ।
ਬਿਆਨ ‘ਚ ਫਾਂਸੀ ਤੇ ਲਟਕਾਏ ਗਏ ਲੋਕਾਂ ਦੀ ਪਹਿਚਾਣ ਉਜਾਗਰ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਇਹ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਕਿਸ ਗੁਨਾਹ ਲਈ ਦੋਸ਼ੀ ਠਹਿਰਾਇਆ ਗਿਆ ਸੀ।
ਇਰਾਕ ਵਿੱਚ ਫ਼ਾਂਸੀ ਦੀ ਸਜ਼ਾ ਆਮ ਹੈ, ਤਮਾਮ ਵਿਰੋਧ-ਪ੍ਰਦਰਸ਼ਨਾਂ ਦੇ ਬਾਵਜੂਦ ਇੱਥੋ ਦੀ ਸਰਕਾਰ ਨੇ ਕੈਪਿਟਲ ਪਨਿਸ਼ਮੈਂਟ ਨੂੰ ਖਤਮ ਨਹੀਂ ਕੀਤਾ ਹੈ। 2017 ਦੇ ਅਖੀਰ ਵਿੱਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ‘ਤੇ ਜਿੱਤ ਤੋਂ ਬਾਅਦ, ਇਰਾਕ ਨੇ ਜਿਹਾਦੀ ਸੰਗਠਨ ਪ੍ਰਤੀ ਨਿਸ਼ਠਾ ਦਾ ਹਵਾਲਾ ਦਿੰਦੇ ਹੋਏ ਆਪਣੇ ਹੀ ਅਣਗਿਣਤ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਹਾਲਾਂਕਿ, ਇਹਨਾਂ ‘ਚੋਂ ਕੁੱਝ ਹੀ ਲੋਕਾਂ ਨੂੰ ਸੂਲੀ ਉੱਤੇ ਚੜ੍ਹਾਇਆ ਗਿਆ, ਕਿਉਂਕਿ ਇਰਾਕ ਵਿੱਚ ਫ਼ਾਂਸੀ ਦੀ ਸਜ਼ਾ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣਾ ਜਰੂਰੀ ਹੈ ਅਤੇ ਉਸ ਵੇਲੇ ਇਹ ਸੰਭਵ ਨਹੀਂ ਹੋ ਸਕਿਆ ਸੀ।