ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਣਵ ਨੂੰ ਮਿਲਣ ਲਈ ਪੁੱਜੇ ਜੋ ਕਿ 18 ਮਹੀਨੇ ਦਾ ਬੱਚਾ ਹੈ। ਕਣਵ ਜੈਨੇਟਿਕ ਬੀਮਾਰੀ ਨਾਲ ਜੂਝ ਰਿਹਾ ਹੈ। ਕੇਜਰੀਵਾਲ ਉਸ ਨੂੰ ਮਿਲਣ ਲਈ ਨਜਫਗੜ੍ਹ ਪਹੁੰਚੇ ਅਤੇ ਪਰਿਵਾਰ ਨੂੰ ਮਿਲ ਕੇ ਹੌਸਲਾ ਦਿੱਤਾ ਗਿਆ। ਪਰਿਵਾਰ ਬੱਚੇ ਦੀ ਬੀਮਾਰੀ ਨੂੰ ਲੈ ਕੇ ਕਾਫ਼ੀ ਚਿੰਤਾ ਵਿੱਚ ਹੈ ਕਿਉਂਕਿ ਬੱਚੇ ਦੇ ਪਰਿਵਾਰ ਕੋਲ ਉਸ ਦੇ ਇਲਾਜ ਲਈ ਪੈਸੇ ਦੀ ਕਮੀ ਹੈ।
ਉਨ੍ਹਾਂ ਨੇ ਇਲਾਜ ਲਈ ਰਿਸ਼ਤੇਦਾਰਾਂ ਅਤੇ ਹੋਰ ਸਾਕ ਸਬੰਧੀਆਂ ਤੋਂ ਧਨ ਇਕੱਠਾ ਕੀਤਾ ਹੈ। ਬੱਚਾ ਸਪਾਈਨਲ ਮਸਕੁਲਰ ਏਟਰੋਫੀ (ਐੱਸ.ਐੱਮ.ਏ.) ਨਾਂਅ ਦੀ ਭਿਆਨਕ ਬੀਮਾਰੀ ਨਾਲ ਜੂਝ ਰਿਹਾ ਹੈ। ਇਹ ਇੱਕ ਅਜਿਹੀ ਜੈਨੇਟਿਕ ਬੀਮਾਰੀ ਹੈ ਜੋ ਦਿਮਾਗ ਦੀ ਨਰਵ ਸੇਲਸ ਅਤੇ ਰੀੜ੍ਹ ਦੀ ਹੱਡੀ ਨੂੰ ਨੁਕਸਾਨ ਪਹੁੰਚਾਉਂਦੀ ਹੈ।
ਜੇਕਰ ਸਮੇਂ ਨਾਲ ਇਸ ਬੀਮਾਰੀ ਦਾ ਇਲਾਜ ਨਾ ਕੀਤਾ ਗਿਆ ਤਾਂ ਇਹ ਇੱਕ ਭਿਆਨਕ ਰੂਪ ਧਾਰਨ ਕਰ ਲਵੇਗੀ। ਜਿਸ ਦੀ ਲਪੇਟ ਤੋਂ ਕਣਵ ਨੂੰ ਬਚਾਉਣਾ ਮੁਸ਼ਕਿਲ ਹੋ ਜਾਵੇਗਾ। ਜੇਕਰ ਇਲਾਜ ਸਮੇਂ-ਸਿਰ ਨਾ ਕਰਵਾਇਆ ਗਿਆ ਤਾਂ ਮਾਸਪੇਸ਼ੀਆਂ ਸੁੰਗੜਨੀਆਂ ਸ਼ੁਰੂ ਹੋ ਜਾਣਗੀਆਂ ਅਤੇ ਸਰੀਰ ਦੇ ਅੰਦਰੂਨੀ ਹਿੱਸਿਆਂ ਵਿੱਚ ਕਮਜ਼ੋਰੀ ਹੋ ਜਾਵੇਗੀ। ਮਾਸਪੇਸ਼ੀਆਂ ਦੇ ਸੁੰਗੜਨ ਨਾਲ ਪਾਚਨ, ਦਿਲ ਅਤੇ ਫੇਫੜਿਆਂ ਦੀਆਂ ਮਾਸਪੇਸ਼ੀਆਂ ਉੱਤੇ ਵੀ ਗਹਿਰਾ ਪ੍ਰਭਾਵ ਪਵੇਗਾ। ਇਸ ਨਾਲ ਦਿਲ ਦੀ ਧੜਕਣ ਵਿੱਚ ਦਿੱਕਤ ਪੇਸ਼ ਆਵੇਗੀ ਅਤੇ ਹਿਲਣਾ ਜੁਲਣਾ ਵੀ ਬੰਦ ਹੋ ਸਕਦਾ ਹੈ। ਬੱਚੇ ਦੇ ਇੱਕ ਐੱਸ.ਐੱਮ.ਏ. ਨਾਂਅ ਦਾ ਟੀਕਾ ਲਗਾਇਆ ਜਾਣਾ ਹੈ ਜਿਸ ਦੀ ਕੀਮਤ 17.5 ਕਰੋੜ ਰੁਪਏ ਹੈ। ਏਨੀ ਵੱਡੀ ਰਕਮ ਪਰਿਵਾਰ ਲਈ ਇਕੱਠੀ ਕਰਨਾ ਇੱਕ ਮੁਸ਼ਕਿਲ ਕੰਮ ਹੈ। ਕੇਜਰੀਵਾਲ ਨੇ ਦੱਸਿਆ ਕਿ ਇਹ ਗੰਭੀਰ ਜੈਨੇਟਿਕ ਬੀਮਾਰੀ ਹੈ ਅਤੇ ਦੇਸ਼ ਵਿੱਚ ਇਸ ਤਰ੍ਹਾਂ ਦੇ ਸਿਰਫ਼ 9 ਮਾਮਲੇ ਹਨ। ਦਿੱਲੀ ਵਿੱਚ ਇਸ ਬੀਮਾਰੀ ਦਾ ਇਹ ਪਹਿਲਾ ਮਾਮਲਾ ਹੈ। ਜਿਸ ਦੀ ਇਲਾਜ ਕਰਵਾਉਣ ਦੀ ਰਾਸ਼ੀ ਬਹੁਤ ਵੱਡੀ ਦੱਸੀ ਜਾਂਦੀ ਹੈ।
ਕਣਵ ਦੇ ਪਰਿਵਾਰ ਨੇ ਆਪ ਦੇ ਵਿਧਾਇਕ ਸੰਜੀਵ ਅਰੋੜਾ ਨਾਲ ਸੰਪਰਕ ਕੀਤਾ ਸੀ ਜਿਨ੍ਹਾਂ ਨੇ ਬੱਚੇ ਦੇ ਇਲਾਜ ਲਈ ਚੰਦਾ ਜਮ੍ਹਾਂ ਕਰਨਾ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਚੰਦੇ ਦੀ ਮਦਦ ਨਾਲ 10.5 ਕਰੋੜ ਰੁਪਏ ਇਕੱਠੇ ਕੀਤੇ ਅਤੇ ਅਮਰੀਕਾ ਤੋਂ ਦਵਾਈ ਮੰਗਵਾਈ ਗਈ। ਇਲਾਜ ਮਗਰੋਂ ਬੱਚੇ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੋਈ ਦੱਸੀ ਜਾ ਰਹੀ ਹੈ ਅਤੇ ਉਹ ਬੈਠ ਸਕਣ ਅਤੇ ਹਿਲ-ਜੁਲ ਕਰਨ ਦੇ ਸਮਰਥ ਹੋ ਸਕਦਾ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਇਸ ਮਹਿੰਗੇ ਟੀਕੇ ਲਈ ਰੁਪਏ ਦਾਨ ਕਰਨ ਵਾਲੀਆਂ ਕੁਝ ਹਸਤੀਆਂ, ਸੰਸਦਾਂ ਮੈਂਬਰਾਂ ਸਮੇਤ ਆਮ ਲੋਕਾਂ ਦਾ ਧੰਨਵਾਦ ਕੀਤਾ।
- Advertisement -
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.