ਤਹਿਰਾਨ : ਈਰਾਨ ਕੋਲ ਵਿਕਸਤ ਯੂਰੇਨੀਅਮ ਦਾ ਭੰਡਾਰ ਵਧਦਾ ਹੀ ਜਾ ਰਿਹਾ ਹੈ। ਸਰਕਾਰੀ ਮੀਡੀਆ ਨੇ ਸ਼ੁੱਕਰਵਾਰ ਨੂੰ ਰਿਪੋਰਟ ਕੀਤੀ ਕਿ ਈਰਾਨ ਨੇ ਆਪਣੇ 60% ਸੰਸ਼ੋਧਿਤ ਯੂਰੇਨੀਅਮ ਦੇ ਭੰਡਾਰ ਨੂੰ ਵਧਾ ਕੇ 25 ਕਿਲੋਗ੍ਰਾਮ (55 ਪੌਂਡ) ਕਰ ਲਿਆ ਹੈ । ਇਸ ਤੋਂ ਪਹਿਲਾਂ ਈਰਾਨ ਨੇ ਜੂਨ ਵਿੱਚ ਕਿਹਾ ਸੀ ਕਿ ਉਸ ਨੇ 6.5 ਕਿਲੋਗ੍ਰਾਮ ਯੂਰੇਨੀਅਮ ਨੂੰ 60% ਤੱਕ ਸੰਸ਼ੋਧਿਤ ਕੀਤਾ ਹੈ।
ਖ਼ਬਰਾਂ ਅਨੁਸਾਰ ਈਰਾਨ ਹੁਣ ਤਕ 210 ਕਿਲੋਗ੍ਰਾਮ ਯੂਰੇਨੀਅਮ ਵਿਕਸਤ ਕਰ ਚੁੱਕਾ ਹੈ। ਇਸ ਦੇਸ਼ ਦੀ ਪਰਮਾਣੂ ਏਜੰਸੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਸ ਕੋਲ 20 ਫ਼ੀਸਦੀ ਵਿਕਸਤ ਯੂਰੇਨੀਅਮ ਦਾ ਭੰਡਾਰ 210 ਕਿਲੋਗ੍ਰਾਮ ਤੋਂ ਜ਼ਿਆਦਾ ਹੋ ਗਿਆ ਹੈ। ਈਰਾਨ ਦਾ ਇਹ ਉਕਸਾਉਣ ਵਾਲਾ ਕਦਮ ਪੱਛਮੀ ਦੇਸ਼ਾਂ ਨਾਲ ਪਰਮਾਣੂ ਗੱਲਬਾਤ ਸ਼ੁਰੂ ਹੋਣ ਤੋਂ ਪਹਿਲਾਂ ਆਇਆ ਹੈ।
ਅਰਧ ਸਰਕਾਰੀ ‘ਤਸਨੀਮ’ ਅਤੇ ‘ਫਾਰਸ ਸਮਾਚਾਰ’ ਏਜੰਸੀਆਂ ਨੇ ਬੁਲਾਰੇ ਬੇਹਰੋਜ ਕਮਲਵੰਡੀ ਦੇ ਹਵਾਲੇ ਨਾਲ ਦੱਸਿਆ ਕਿ ਪਰਮਾਣੂ ਏਜੰਸੀ ਸੰਸਦ ਵੱਲੋਂ ਨਿਰਧਾਰਤ 20 ਫ਼ੀਸਦੀ ਵਿਕਸਤ ਯੂਰੇਨੀਅਮ ਦੇ 120 ਕਿਲੋਗ੍ਰਾਮ ਦੇ ਟੀਚੇ ਤੋਂ ਜ਼ਿਆਦਾ ਉਤਪਾਦਨ ਕਰ ਚੁੱਕੀ ਹੈ।
ਇਹ ਖ਼ੁਲਾਸਾ ਇਸ ਕਾਰਨ ਵੀ ਮਹੱਤਵਪੂਰਨ ਹੈ ਕਿ ਸਾਲ 2015 ਦੇ ਪਰਮਾਣੂ ਸਮਝੌਤੇ ਤਹਿਤ ਈਰਾਨ 3.67 ਫ਼ੀਸਦੀ ਤੋਂ ਜ਼ਿਆਦਾ ਯੂਰੇਨੀਅਮ ਵਿਕਸਤ ਨਹੀਂ ਕਰ ਸਕਦਾ ਸੀ। ਦੱਸਣਯੋਗ ਹੈ ਕਿ 90 ਫ਼ੀਸਦੀ ਤੋਂ ਜ਼ਿਆਦਾ ਵਿਕਸਤ ਯੂਰੇਨੀਅਮ ਦਾ ਇਸਤੇਮਾਲ ਪਰਮਣੂ ਹਥਿਆਰਾਂ ਲਈ ਹੋ ਸਕਦਾ ਹੈ।
ਕਈ ਮਹੀਨਿਆਂ ਦੀ ਦੇਰੀ ਤੋਂ ਬਾਅਦ ਯੂਰਪੀ ਸੰਘ, ਈਰਾਨ ਅਤੇ ਅਮਰੀਕਾ ਨੇ ਬੁੱਧਵਾਰ ਨੂੰ ਇਹ ਐਲਾਨ ਕੀਤਾ ਕਿ ਵਿਆਨਾ ਵਿਚ 29 ਨਵੰਬਰ ਤੋਂ ਗੱਲਬਾਤ ਬਹਾਲ ਹੋਵੇਗੀ।