ਕੋਰੋਨਾ ਵਾਇਰਸ ਦੇ ਆਤੰਕ ਦੇ ਚੱਲਦਿਆਂ ਈਰਾਨ ਨੇ 54 ਹਜ਼ਾਰ ਕੈਦੀਆਂ ਨੂੰ ਕੀਤਾ ਰਿਹਾਅ

TeamGlobalPunjab
2 Min Read

ਤਹਿਰਾਨ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਖਤਰਨਾਕ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ‘ਚ ਖੌਫ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਚੀਨ ਤੋਂ ਬਾਅਦ ਈਰਾਨ ਕੋਰੋਨਾ ਵਾਇਰਸ ਦਾ ਸਭ ਤੋਂ ਵੱਡਾ ਕੇਂਦਰ ਬਣ ਗਿਆ ਹੈ। ਈਰਾਨ ‘ਚ ਪਿਛਲੇ ਦੋ ਹਫਤਿਆਂ ਦੌਰਾਨ ਕੋਰੋਨਾ ਵਾਇਰਸ ਨਾਲ 77 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 2200 ਤੋਂ ਵੱਧ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਬੀਤੇ ਮੰਗਲਵਾਰ ਈਰਾਨ ‘ਚ ਕੋਰੋਨਾ ਵਾਇਰਸ ਦੇ 835 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਈਰਾਨ ਦੇ 23 ਸੰਸਦ ਮੈਂਬਰ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ।

ਕੋਰੋਨਾ ਵਾਇਰਸ ‘ਤੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਦੁਨੀਆ ਦੇ ਹਰ ਦੇਸ਼ ਵੱਲੋਂ ਆਪਣੇ ਪੱਧਰ ‘ਤੇ ਸਖਤ ਕਦਮ ਉਠਾਏ ਜਾ ਰਹੇ ਹਨ। ਜਿਸ ਦੇ ਚੱਲਦਿਆਂ ਈਰਾਨ ਨੇ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਆਪਣੀਆਂ ਜੇਲ੍ਹਾਂ ‘ਚ 54 ਹਜ਼ਾਰ ਕੈਦੀਆਂ ਨੂੰ ਅਸਥਾਈ ਤੌਰ ‘ਤੇ ਰਿਹਾਅ ਕਰ ਦਿੱਤਾ ਹੈ। ਈਰਾਨ ਦੀਆਂ ਜਿਹੜੀਆਂ ਜੇਲ੍ਹਾਂ ‘ਚ ਕੈਦੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਉਨ੍ਹਾਂ ਥਾਵਾਂ ‘ਤੇ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਇਹ ਕਦਮ ਅਸਥਾਈ ਤੌਰ ‘ਤੇ ਚੁੱਕਿਆ ਗਿਆ ਹੈ।

ਈਰਾਨ ਦੀ ਨਿਆਂ ਪਾਲਿਕਾ ਦੇ ਬੁਲਾਰੇ ਘੋਲਮਹੁਸੈਨ ਇਸਮਾਲੀ ਨੇ ਕਿਹਾ ਕਿ ਇਨ੍ਹਾਂ ਕੈਦੀਆਂ ਦੀ ਜਾਂਚ ਦੌਰਾਨ ਨਮੂਨੇ ਨਾਕਾਰਾਤਮਕ ਪਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਅਸਥਾਈ ਤੌਰ ‘ਤੇ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਹੈ। ਦੱਸ ਦਈਏ ਕਿ ਜਿਨ੍ਹਾਂ ਕੈਦੀਆਂ ਨੂੰ ਪੰਜ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ ਉਨ੍ਹਾਂ ਕੈਦੀਆਂ ਨੂੰ ਰਿਹਾਅ ਨਹੀਂ ਕੀਤਾ ਗਿਆ ਹੈ।

ਖਬਰਾਂ ਮੁਤਾਬਕ ਕੁਝ ਦਿਨ ਪਹਿਲਾਂ ਈਰਾਨ ਦੇ ਉੱਚ ਕੋਟੀ ਦੇ ਨੇਤਾ ਆਯਤੁੱਲਾ ਅਲੀ ਖੁਮੈਨੀ ਦੀ ਸਲਾਹਕਾਰ ਪਰਿਸ਼ਦ ਦੇ ਮੈਂਬਰ ਮੁਹੰਮਦ ਮਿਰਮਹੁਮਦੀ ਦੀ ਕੋਰਨਾ ਵਾਇਰਸ ਨਾਲ ਮੌਤ ਹੋ ਗਈ  ਸੀ।

- Advertisement -

Share this Article
Leave a comment