ਇਰਾਨ ਨੇ ਯੁੱਧ ਖਤਮ ਕਰਨ ਲਈ ਰੱਖੀਆਂ ਸ਼ਰਤਾਂ, ਪੜ੍ਹੋ ਪੂਰਾ ਵੇਰਵਾ

Global Team
3 Min Read

ਤਹਿਰਾਨ : ਅੱਜ ਮੱਧ ਪੂਰਬ ਵਿੱਚ ਈਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਕਾਰ ਜੰਗ ਦਾ ਤੇਰ੍ਹਵਾਂ ਦਿਨ ਹੈ। ਅੱਜ ਵੀ ਦੋਵੇਂ ਧਿਰਾਂ ਭਾਰੀ ਮਿਜ਼ਾਈਲਾਂ, ਬੰਬਾਂ ਅਤੇ ਗੋਲਾ ਬਾਰੂਦ ਦਾਗ਼ ਰਹੀਆਂ ਹਨ। ਇਸ ਦੌਰਾਨ ਜਿਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵਿੱਚ ਜੰਗ ਦੇ ਜਲਦੀ ਅੰਤ ਦਾ ਸੰਕੇਤ ਦਿੱਤਾ ਹੈ ਓਥੇ ਹੀ ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਯੁੱਧ ਖਤਮ ਕਰਨ ਲਈ ਤਿੰਨ ਮੁੱਖ ਸ਼ਰਤਾਂ ਦੱਸੀਆਂ ਹਨ।

ਸ਼ਰਤਾਂ ਰੱਖਦਿਆਂ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਪ੍ਰਸਤਾਵ ਵਿੱਚ ਈਰਾਨ ਦੇ ਕਾਨੂੰਨੀ ਅਧਿਕਾਰਾਂ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਸ ਗੱਲ ਦੀ ਗਰੰਟੀ ਦਿੱਤੀ ਜਾਣੀ ਚਾਹੀਦੀ ਹੈ ਕਿ ਦੇਸ਼ ‘ਤੇ ਭਵਿੱਖ ਵਿੱਚ ਹਮਲੇ ਨਹੀਂ ਹੋਣਗੇ।

ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਆਪਣੇ ਅਧਿਕਾਰਤ ਹੈਂਡਲ ਤੋਂ ਟਵੀਟ ਕਰਦੇ ਹੋਏ ਕਿਹਾ “ਰੂਸ ਅਤੇ ਪਾਕਿਸਤਾਨ ਦੇ ਨੇਤਾਵਾਂ ਨਾਲ ਗੱਲ ਕਰਦੇ ਹੋਏ ਮੈਂ ਖੇਤਰ ਵਿੱਚ ਸ਼ਾਂਤੀ ਪ੍ਰਤੀ ਈਰਾਨ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਇਜ਼ਰਾਈਲ ਅਤੇ ਅਮਰੀਕਾ ਦੁਆਰਾ ਸ਼ੁਰੂ ਕੀਤੀ ਗਈ ਇਸ ਜੰਗ ਨੂੰ ਖਤਮ ਕਰਨ ਦਾ ਇੱਕੋ ਇੱਕ ਤਰੀਕਾ ਈਰਾਨ ਦੇ ਜਾਇਜ਼ ਅਧਿਕਾਰਾਂ ਨੂੰ ਮਾਨਤਾ ਦੇਣਾ, ਮੁਆਵਜ਼ੇ ਦੀ ਅਦਾਇਗੀ ਕਰਨਾ ਅਤੇ ਭਵਿੱਖ ਦੇ ਹਮਲੇ ਵਿਰੁੱਧ ਪੱਕੀ ਅੰਤਰਰਾਸ਼ਟਰੀ ਗਰੰਟੀ ਦੇਣਾ ਹੈ।

ਦੂਜੇ ਪਾਸੇ, ਮੱਧ ਪੂਰਬ ਵਿੱਚ ਚੱਲ ਰਹੀ ਜੰਗ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਹੋਰ ਵੱਡਾ ਦਾਅਵਾ ਕੀਤਾ ਹੈ। ਟਰੰਪ ਨੇ ਕਿਹਾ ਕਿ ਈਰਾਨ ਵਿੱਚ ਫੌਜੀ ਠਿਕਾਣਿਆਂ ਅਤੇ ਟੀਚਿਆਂ ‘ਤੇ ਵੱਡੇ ਪੱਧਰ ‘ਤੇ ਹਮਲਿਆਂ ਕਾਰਨ ਈਰਾਨ ਵਿੱਚ ਕੁਝ ਵੀ ਨਹੀਂ ਬਚਿਆ ਹੈ। ਉਨ੍ਹਾਂ ਦੀ ਹਵਾਈ ਸੈਨਾ ਤੋਂ ਲੈ ਕੇ ਉਨ੍ਹਾਂ ਦੇ ਸਾਰੇ ਐਂਟੀ-ਡਿਫੈਂਸ ਤੱਕ ਨੂੰ ਤਬਾਹ ਕਰ ਦਿੱਤਾ ਗਿਆ ਹੈ ਅਤੇ ਹੁਣ ਇਹ ਜੰਗ ਜਦੋਂ ਵੀ ਉਹ ਚਾਹੇ ਖਤਮ ਹੋ ਜਾਵੇਗੀ। ਹਾਲਾਂਕਿ ਟਰੰਪ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਅਮਰੀਕਾ ਯੁੱਧ ਨੂੰ ਖਤਮ ਕਰਨ ਲਈ ਕਿਸ ਤਰ੍ਹਾਂ ਦੀ ਰਣਨੀਤੀ ਅਪਣਾਏਗਾ, ਉਨ੍ਹਾਂ ਕਿਹਾ ਕਿ ਈਰਾਨ ਨੇ 47 ਸਾਲਾਂ ਤੋਂ ਦੁਨੀਆ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਹੁਣ ਉਹ ਇਸਦੀ ਕੀਮਤ ਚੁਕਾ ਰਿਹਾ ਹੈ।

ਦੂਜੇ ਪਾਸੇ ਹਿਜ਼ਬੁੱਲਾ ਦੇ ਠਿਕਾਣਿਆਂ ‘ਤੇ ਇਜ਼ਰਾਈਲ ਦਾ ਹਮਲਾ ਜਾਰੀ ਹੈ। ਇਜ਼ਰਾਈਲ ਨੇ ਲੇਬਨਾਨ ਦੇ ਬੇਰੂਤ ‘ਤੇ ਵੱਡਾ ਹਮਲਾ ਕੀਤਾ ਹੈ। ਆਈਡੀਐਫ ਦੇ ਹਵਾਈ ਹਮਲਿਆਂ ਨੇ ਦੱਖਣੀ ਸ਼ਹਿਰ ਬੇਰੂਤ ਵਿੱਚ ਬੁਰਜ ਅਲ-ਬਾਰਾਜਨੇਹ ਨੂੰ ਤਬਾਹ ਕਰ ਦਿੱਤਾ ਹੈ। ਇਜ਼ਰਾਈਲੀ ਹਮਲੇ ਤੋਂ ਬਾਅਦ ਬੇਰੂਤ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਜ਼ੋਰਦਾਰ ਧਮਾਕੇ ਸੁਣਾਈ ਦਿੱਤੇ ਅਤੇ ਕਈ ਘਰਾਂ ਨੂੰ ਅੱਗ ਲੱਗ ਗਈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment