ਨਵੀਂ ਦਿੱਲੀ : ਦੁਬਈ ਵਿੱਚ ਖੇਡੇ ਜਾ ਰਹੇ ਆਈਪੀਐਲ ਦਾ ਅੱਜ ਫਾਈਨਲ ਮੁਕਾਬਲਾ ਹੋਵੇਗਾ। ਚੈਂਪੀਅਨ ਖ਼ਿਤਾਬ ਹਾਸਿਲ ਕਰਨ ਦੇ ਲਈ ਮੁੰਬਈ ਇੰਡੀਅਨਜ਼ ਅਤੇ ਦਿੱਲੀ ਕੈਪੀਟਲਜ਼ ਦੀਆਂ ਟੀਮਾਂ ਭਿੜਨਗੀਆਂ। ਮੁੰਬਈ ਦੀ ਟੀਮ ਆਈਪੀਐਲ ‘ਚ ਪਹਿਲੀ ਵਾਰ ਖ਼ਿਤਾਬੀ ਮੈਚ ਖੇਡ ਰਹੀ ਹੈ। ਦੇਖਿਆ ਜਾਵੇ ਤਾਂ ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਜ਼ ਦੀ ਟੀਮ ਇਸ ਸੈਸ਼ਨ ਵਿੱਚ ਮਜ਼ਬੂਤ ਗੇਂਦਬਾਜ਼ੀ ਕਰਕੇ ਹੀ ਫਾਈਨਲ ਤੱਕ ਪਹੁੰਚੀਆਂ ਹਨ।
ਮੁੰਬਈ ਕੋਲ ਜਸਪ੍ਰੀਤ ਬੁਮਰਾਹ ਅਤੇ ਟ੍ਰੈਂਟ ਬੋਲਟ ਹਨ। ਜਦਕਿ ਦਿੱਲੀ ਕੋਲ ਗੈਗਿਸੋ ਰਬਾਦਾ ਤੇ ਏਨਰਿਕ ਨੌਤਰਜੇ ਹਨ। ਇਨ੍ਹਾਂ ਚਾਰਾਂ ਗੇਂਦਬਾਜ਼ਾਂ ਨੇ ਇਸ ਸੀਜ਼ਨ ‘ਚ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ।
ਆਈਪੀਐਲ 2020 ਵਿੱਚ ਮੁੰਬਈ ਇੰਡੀਅਨ ਨੇ 15 ਮੈਚਾਂ ਵਿਚੋਂ 10 ਮੈਚ ਜਿੱਤੇ ਹਨ ਜਦਕਿ ਦਿੱਲੀ ਦੀ ਟੀਮ ਨੇ 16 ਚੋਂ 9 ਮੈਚ ਜਿੱਤੇ ਹਨ। ਮੁੰਬਈ ਟੀਮ ਦੀ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਟੀਮ ਦੇ ਬੱਲੇਬਾਜ਼ਾਂ ਨੇ 130 ਛੱਕੇ ਮਾਰੇ ਹਨ ਤੇ ਓਧਰ ਦਿੱਲੀ ਦੇ ਬੱਲੇਬਾਜ਼ਾਂ ਨੇ 84 ਛੱਕੇ ਮਾਰੇ ਹਨ। ਇਸ ਸਥਿਤੀ ਨੂੰ ਦੇਖ ਕੇ ਇਹ ਪਤਾ ਲੱਗਦਾ ਹੈ ਕਿ ਮੁੰਬਈ ਦੀ ਟੀਮ ਦਾ ਪੱਲੜਾ ਭਾਰੀ ਹੈ। ਦਿੱਲੀ ਦੀ ਟੀਮ ਵੀ ਖਿਤਾਬ ਹਾਸਲ ਕਰਨ ਲਈ ਪੂਰਾ ਜ਼ੋਰ ਲਗਾਏਗੀ।