ਟੋਕਿਓ ਓਲੰਪਿਕ : ਜਾਪਾਨ ਸਰਕਾਰ ਦੇ ਫ਼ੈਸਲੇ ਤੋਂ ਭਾਰਤੀ ਓਲੰਪਿਕ ਸੰਘ ਨਾਰਾਜ਼

TeamGlobalPunjab
3 Min Read

ਨਵੀਂ ਦਿੱਲੀ : ਓਲੰਪਿਕ ਖੇਡਾਂ ਦੇ ਮੇਜ਼ਬਾਨ ਜਾਪਾਨ ਦੀ ਸਰਕਾਰ ਦੇ ਫ਼ੈਸਲੇ ਤੋਂ ਭਾਰਤੀ ਓਲੰਪਿਕ ਸੰਘ (IOA) ਕਾਫੀ ਨਾਰਾਜ਼ ਹੈ। ਦਰਅਸਲ ਜਾਪਾਨ ਸਰਕਾਰ ਨੇ ਟੋਕੀਓ ਓਲੰਪਿਕ ਲਈ ਜਾਣ ਵਾਲੇ ਖਿਡਾਰੀਆਂ ਤੇ ਅਧਿਕਾਰੀਆਂ ਨੂੰ ਰਵਾਨਗੀ ਤੋਂ ਇਕ ਹਫ਼ਤੇ ਪਹਿਲਾਂ ਹਰ ਰੋਜ਼ ਕੋਵਿਡ-19 ਜਾਂਚ ਕਰਵਾਉਣ ਤੇ ਪੁੱਜਣ ਤੋਂ ਬਾਅਦ ਤਿੰਨ ਦਿਨ ਤਕ ਕਿਸੇ ਹੋਰ ਦੇਸ਼ ਦੇ ਕਿਸੇ ਵੀ ਵਿਅਕਤੀ ਨਾਲ ਮੇਲਜੋਲ ਨਾ ਕਰਨ ਲਈ ਕਿਹਾ ਹੈ ਜਿਸ ਦਾ ਭਾਰਤੀ ਓਲੰਪਿਕ ਸੰਘ ਨੇ ਵਿਰੋਧ ਕੀਤਾ ਹੈ।

ਇਹ ਸਖ਼ਤ ਨਿਯਮ ਉਨ੍ਹਾਂ 11 ਦੇਸ਼ਾਂ ਦੇ ਸਾਰੇ ਯਾਤਰੀਆਂ (ਖਿਡਾਰੀ, ਕੋਚ ਤੇ ਸਹਿਯੋਗੀ ਸਟਾਫ ਸ਼ਾਮਲ) ਲਈ ਲਾਏ ਗਏ ਹਨ ਜਿੱਥੇ ਕੋਵਿਡ-19 ਦੇ ਵੱਖ-ਵੱਖ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਦੇਸ਼ਾਂ ਵਿਚ ਭਾਰਤ ਵੀ ਸ਼ਾਮਲ ਹੈ। ਆਈਓਏ ਨੇ ਇਸ ਦੀ ਕਾਫੀ ਸਖ਼ਤ ਨਿੰਦਾ ਕੀਤੀ ਤੇ ਉਨ੍ਹਾਂ ਨੂੰ ਗ਼ੈਰਵਾਜਬ ਤੇ ਪੱਖਪਾਤੀ ਦੱਸਿਆ। ਭਾਰਤ ਵਿਚ ਦੂਜੀ ਲਹਿਰ ਤੋਂ ਬਾਅਦ ਕੋਵਿਡ-19 ਹਾਲਾਤ ਕਾਫੀ ਸੁਧਰ ਚੁੱਕੇ ਹਨ ਤੇ ਰੋਜ਼ ਇਨਫੈਕਸ਼ਨ ਦੇ ਮਾਮਲੇ ਘੱਟ ਹੁੰਦੇ ਜਾ ਰਹੇ ਹਨ। ਭਾਰਤ ਨੂੰ ਗਰੁੱਪ-ਇਕ ਵਿਚ ਅਫ਼ਗਾਨਿਸਤਾਨ, ਮਾਲਦੀਵ, ਨੇਪਾਲ, ਪਾਕਿਸਤਾਨ ਤੇ ਸ੍ਰੀਲੰਕਾ ਨਾਲ ਰੱਖਿਆ ਗਿਆ ਹੈ ਤੇ ਇਨ੍ਹਾਂ ਦੇਸ਼ਾਂ ‘ਤੇ ਜਾਪਾਨ ਸਰਕਾਰ ਨੇ ਸਖ਼ਤ ਨਿਯਮ ਲਾਏ ਹਨ।

 

- Advertisement -

ਆਈਓਏ ਦੇ ਪ੍ਰਧਾਨ ਨਰਿੰਦਰ ਬੱਤਰਾ ਤੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਸੰਯੁਕਤ ਬਿਆਨ ਵਿਚ ਨਵੇਂ ਨਿਯਮਾਂ ‘ਤੇ ਸਵਾਲ ਉਠਾਏ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਨੂੰ ਖੇਡ ਪਿੰਡ ਵਿਚ ਆਪਣੇ ਮੁਕਾਬਲੇ ਤੋਂ ਸਿਰਫ਼ ਪੰਜ ਦਿਨ ਪਹਿਲਾਂ ਹੀ ਪ੍ਰਵੇਸ਼ ਦਿੱਤਾ ਜਾਵੇਗਾ। ਹੁਣ ਤਿੰਨ ਦਿਨ ਦਾ ਸਮਾਂ ਖ਼ਰਾਬ ਹੋਵੇਗਾ। ਇਹ ਅਜਿਹਾ ਸਮਾਂ ਹੁੰਦਾ ਹੈ ਜਿਸ ਵਿਚ ਖਿਡਾਰੀਆਂ ਨੂੰ ਆਪਣੀ ਲੈਅ ਦੇ ਸਿਖਰ ‘ਤੇ ਪੁੱਜਣ ਦੀ ਲੋੜ ਹੁੰਦੀ ਹੈ। ਭਾਰਤੀ ਖਿਡਾਰੀਆਂ ਲਈ ਇਹ ਗ਼ੈਰਵਾਜਬ ਹੈ। ਇਨ੍ਹਾਂ ਤਿੰਨ ਦਿਨਾਂ ਵਿਚ ਖਿਡਾਰੀ ਆਪਣਾ ਨਾਸ਼ਤਾ, ਲੰਚ ਤੇ ਡਿਨਰ ਵਗੈਰਾ ਕਦ ਤੇ ਕਿੱਥੇ ਕਰਨਗੇ ਕਿਉਂਕਿ ਹਰ ਕੋਈ ਖੇਡ ਪਿੰਡ ਦੇ ਫੂਡ ਹਾਲ ਵਿਚੋਂ ਖਾਣਾ ਲੈਂਦਾ ਹੈ ਜਿੱਥੇ ਸਾਰੇ ਖਿਡਾਰੀ ਤੇ ਹੋਰ ਰਾਸ਼ਟਰੀ ਓਲੰਪਿਕ ਕਮੇਟੀਆਂ (ਐੱਨਓਸੀ) ਦੇ ਅਧਿਕਾਰੀ ਹਮੇਸ਼ਾ ਮੌਜੂਦ ਰਹਿੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਜੇ ਖਾਣੇ ਦੇ ਪੈਕਟ ਖਿਡਾਰੀਆਂ ਦੇ ਕਮਰੇ ਤੋਂ ਬਾਹਰ ਪਹੁੰਚਾਏ ਜਾਣਗੇ ਤਾਂ ਉਨ੍ਹਾਂ ਦੇ ਸਰੀਰ ਦੀਆਂ ਲੋੜਾਂ ਜਿਵੇਂ ਪ੍ਰਰੋਟੀਨ ਜਾਂ ਖਾਣੇ ਦੀ ਪਸੰਦ ਦੀ ਯੋਜਨਾ ਕੌਣ ਬਣਾਏਗਾ ਤੇ ਕੀ ਇਸ ਨਾਲ ਖਿਡਾਰੀਆਂ ਦੇ ਪ੍ਰਦਰਸ਼ਨ ‘ਤੇ ਅਸਰ ਨਹੀਂ ਪਵੇਗਾ ਜਿਨ੍ਹਾਂ ਨੂੰ ਆਪਣੀ ਪਸੰਦ ਦੀ ਡਾਈਟ ਨਹੀਂ ਮਿਲੇਗੀ ਤੇ ਉਹ ਵੀ ਓਲੰਪਿਕ ਤੋਂ ਸਿਰਫ਼ ਪੰਜ ਦਿਨ ਪਹਿਲਾਂ। ਕਈ ਖਿਡਾਰੀ ਜਿਵੇਂ ਵੇਟਲਿਫਟਰ ਮੀਰਾਬਾਈ ਚਾਨੂ, ਭਲਵਾਨ ਵਿਨੇਸ਼ ਫੋਗਾਟ, ਨੇਜ਼ਾ ਸੁੱਟ ਐਥਲੀਟ ਨੀਰਜ ਚੋਪੜਾ ਵਿਦੇਸ਼ਾਂ ਵਿਚ ਟ੍ਰੇਨਿੰਗ ਕਰ ਰਹੇ ਹਨ ਤਾਂ ਉਹ ਉਥੋਂ ਟੋਕੀਓ ਪੁੱਜਣਗੇ। ਹਾਲਾਂਕਿ ਭਾਰਤੀ ਟੀਮ ਦੇ ਜ਼ਿਆਦਾਤਰ ਮੈਂਬਰ ਭਾਰਤ ਤੋਂ ਹੀ ਰਵਾਨਾ ਹੋਣਗੇ ਤੇ ਇਨ੍ਹਾਂ ਨਿਯਮਾਂ ਨਾਲ ਉਨ੍ਹਾਂ ਦੀ ਟ੍ਰੇਨਿੰਗ ਪ੍ਰਭਾਵਿਤ ਹੋਵੇਗੀ।

Share this Article
Leave a comment