ਨਿਊਜ਼ ਡੈਸਕ : ਜਿੱਥੇ ਇੱਕ ਪਾਸੇ ਜਾਨਲੇਵਾ ਕੋਰੋਨਾਵਾਇਰਸ (ਕੋਵਿਡ-19) ਨਾਲ ਪੂਰੀ ਦੁਨੀਆ ‘ਚ ਖੌਫ ਦਾ ਮਾਹੌਲ ਹੈ ਉੱਥੇ ਦੂਜੇ ਪਾਸੇ ਸਾਈਬਰ ਅਪਰਾਧੀਆਂ ਵੱਲੋਂ ਕੋਰੋਨਾ ਵਾਇਰਸ ਦੀ ਆੜ ਹੇਠ ਆਨਲਾਈਨ ਧੋਖਾਧੜੀ ਨਾਲ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਇੰਟਰਪੋਲ (ਅੰਤਰਰਾਸ਼ਟਰੀ ਅਪਰਾਧਿਕ ਪੁਲਿਸ ਸੰਗਠਨ) ਨੇ ਦੁਨੀਆ ਭਰ ਦੇ ਸਾਰੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਅਜਿਹੀ ਪ੍ਰਸਿਥਤੀ ‘ਚ ਆਨਲਾਈਨ ਧੋਖਾਧੜੀ ਦਾ ਫਾਇਦਾ ਉਠਾਉਣ ਵਾਲੇ ਸਾਈਬਰ ਅਪਰਾਧੀਆਂ ਤੋਂ ਸਾਵਧਾਨ ਰਹਿਣ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਮਾਰਕੀਟ ਵਿੱਚ ਮੈਡੀਕਲ ਸਪਲਾਈਜ਼ ਜਿਵੇਂ ਕਿ ਸਰਜੀਕਲ ਮਾਸਕ ਅਤੇ ਸੈਨੀਟਾਈਜ਼ਰਜ਼ ਦੀ ਵੱਡੀ ਘਾਟ ਹੈ। ਇਸ ਸਥਿਤੀ ਵਿੱਚ ਬਹੁਤ ਸਾਰੀਆਂ ਵੈਬਸਾਈਟਾਂ ਅਤੇ ਸੋਸ਼ਲ ਮੀਡੀਆ ਅਕਾਊਂਟ ਸਾਹਮਣੇ ਆਏ ਹਨ ਜੋ ਇਨ੍ਹਾਂ ਚੀਜ਼ਾਂ ਦੀ ਆਨਲਾਈਨ ਸਪਲਾਈ ਕਰ ਰਹੀਆਂ ਹਨ। ਇਸ ਲਈ ਇੰਟਰਪੋਲ ਨੇ ਲੋਕਾਂ ਨੂੰ ਮੈਡੀਕਲ ਸਪਲਾਈ ਦੀ ਆਨਲਾਈਨ ਖਰੀਦ ਵੇਲੇ ਸਾਵਧਾਨ ਰਹਿਣ ਲਈ ਕਿਹਾ ਹੈ। ਇੰਟਰਪੋਲ ਦਾ ਕਹਿਣਾ ਹੈ ਕਿ ਸਾਈਬਰ ਅਪਰਾਧੀਆਂ ਵੱਲੋਂ ਵਿੱਤੀ ਧੋਖਾਧੜੀ ਕਰਨ ਲਈ ਮੌਜੂਦਾ ਸਥਿਤੀ ਦਾ ਲਾਭ ਉਠਾਇਆ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਉਨ੍ਹਾਂ ਕੋਲ ਏਸ਼ੀਆ ਅਤੇ ਯੂਰਪ ਨਾਲ ਸਬੰਧਤ 30 ਦੇ ਕਰੀਬ ਅਜਿਹੇ ਕੇਸ ਆਏ ਹਨ ਜਿਨ੍ਹਾਂ ‘ਚ ਸਾਈਬਰ ਅਪਰਾਧੀਆਂ ਨੇ ਲੋਕਾਂ ਨਾਲ ਲੱਖਾਂ ਡਾਲਰ ਦੀ ਧੋਖਾਧੜੀ ਕੀਤੀ ਹੈ।
ਇਸ ਸਬੰਧ ਵਿੱਚ ਇੰਟਰਪੋਲ ਦੇ ਡਾਇਰੈਕਟਰ ਜਨਰਲ ਜਰਗਨ ਸਕਾਟ ਨੇ ਕਿਹਾ ਕੋਰੋਨਾ ਵਾਇਰਸ ਦਾ ਫਾਇਦਾ ਉਠਾਉਂਦੇ ਹੋਏ ਸਾਈਬਰ ਅਪਰਾਧੀ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਆਨਲਾਈਨ ਡਾਕਟਰੀ ਸਪਲਾਈ ਖਰੀਦਣ ਤੋਂ ਪਹਿਲਾਂ ਉਸ ਵੈਬਸਾਈਟ ਜਾਂ ਸੋਸ਼ਲ ਮੀਡੀਆ ਅਕਾਊਂਟ ਦੀ ਭਰੋਸੇਯੋਗਤਾ ਦੀ ਜਾਂਚ ਕਰ ਲੈਣ ਨਹੀਂ ਤਾਂ ਉਹ ਸਾਈਬਰ ਅਪਰਾਧੀਆਂ ਦੇ ਚੁੰਗਲ ਵਿੱਚ ਫਸ ਸਕਦੇ ਹਨ।