*ਗੁਰਦੇਵ ਸਿੰਘ (ਡਾ. )
ਇੰਟਰਨੈਸ਼ਨਲ ਵੂਮੈਨ ਡੇ 20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਅਮਰੀਕਾ ਤੋਂ ਮੰਨਾਉਂਣਾ ਸ਼ੁਰੂ ਹੋਇਆ। ਹੁਣ ਇਹ ਦਿਨ ਲਗਭਗ ਸਾਰੇ ਸੰਸਾਰ ਵਿੱਚ ਮਨਾਇਆ ਜਾਂਦਾ ਹੈ। ਪਹਿਲੀ ਵਾਰ ਇਹ 17 ਮਾਰਚ 1911 ਈਸਵੀ ਨੂੰ ਮਨਾਇਆ ਗਿਆ ਪਰ ਬਾਅਦ ਵਿੱਚ 1975 ਈਸਵੀ ਵਿੱਚ 8 ਮਾਰਚ ਨੂੰ ਇੰਟਰਨੈਸ਼ਨਲ ਵੂਮੈਨ ਡੇ (International Women Day) ਦੇ ਰੂਪ ਵਿੱਚ ਸਥਾਪਿਤ ਕਰ ਦਿੱਤਾ ਗਿਆ। ਇਸ ਦਿਨ ਨੂੰ ਇਸਤਰੀ ਜਾਤੀ ਦੇ ਆਦਰ, ਮਾਣ ਤੇ ਸਤਿਕਾਰ ਵਜੋਂ ਮਨਾਇਆ ਜਾਂਦਾ ਹੈ।
ਸੰਸਾਰ ਦੇ ਇਤਿਹਾਸਕ ਪਿਛੋਕੜ ‘ਤੇ ਝਾਤ ਮਾਰੀਏ ਤਾਂ ਇਸਤਰੀ ਜਾਤੀ ਨੂੰ ਸ਼ੁਰੂ ਤੋਂ ਹੀ ਹਰ ਦੇਸ਼, ਹਰ ਕੌਮ ਵਿੱਚ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ। ਉਸ ਨੂੰ ਮੂਲ ਅਧਿਕਾਰਾਂ ਤੋਂ ਵੀ ਵੰਚਿਤ ਕੀਤਾ ਗਿਆ। ਸਦੀਆਂ ਤੋਂ ਹੀ ਇਸਤਰੀ ਦਾ ਸਤਿਕਾਰ ਨਾ ਮਾਤਰ ਰਿਹਾ ਹੈ। ਪੱਛਮੀ ਚਿੰਤਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਤਾਂ ਇਸਤਰੀ ਨੂੰ ਕੁਦਰਤ ਦੀ ਇੱਕ ਮਜੇਦਾਰ ਗਲਤੀ (Agreeable Blunder) ਆਖਿਆ ਹੈ। ਅਰਸਤੂ ਜਿਹੇ ਫਿਲਾਸਫਰਾਂ ਨੇ ਇਸਤਰੀ ਨੂੰ ਨਾ ਮੁਕੰਮਲ ਵਸਤੂ (Erroneous Development) ਕਿਹਾ ਹੈ। ਤੁਲਸੀਦਾਸ ਵਰਗੇ ਕਵੀਆਂ ਨੇ ਔਰਤ ਨੂੰ ਅੱਧਾ ਜ਼ਿਹਰ ਤੇ ਅੱਧਾ ਅੰਮ੍ਰਿਤ ਆਖਿਆ ਹੈ। ਕਈ ਧਰਮ ਤਾਂ ਦੋ ਇਸਤਰੀਆਂ ਦੀ ਅਗਵਾਈ ਇੱਕ ਪੁਰਸ਼ ਦੇ ਤੁਲ ਮੰਨਦੇ ਹਨ ਤੇ ਕਈ ਇਸਤਰੀ ਨੂੰ ਰੂਹ ਤੋਂ ਬਿਨਾਂ ਹੀ ਆਖਦੇ ਹਨ ਪਰ ਸਿੱਖ ਧਰਮ ਨੇ ਇਸਤਰੀ ਜਾਤੀ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ। ਸਿੱਖ ਧਰਮ ਨੇ ਤਾਂ ਸ਼ੁਰੂ ਤੋਂ ਹੀ ਇਸਤਰੀ ਜਾਤੀ ਨੂੰ ਉਸ ਦੇ ਬਣਦੇ ਸਤਿਕਾਰ ਨਾਲ ਨਿਵਾਜਿਆ ਤੇ ਉਸ ਨੂੰ ਇੱਕ ਆਜ਼ਾਦ ਤੇ ਭੈ-ਰਹਿਤ, ਖੂਬਸੂਰਤ ਜੀਵਨ ਜੀਉਣ ਦੇ ਅਵਸਰ ਪ੍ਰਦਾਨ ਕੀਤੇ । ਸਿੱਖ ਧਰਮ ਦੇ ਮੋਢੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਸਤਰੀ ਜਾਤੀ ਦੇ ਸਨਮਾਨ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਆਖਿਆ :
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥ ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 473)
ਭਾਵ ਕਿ ਇਸਤ੍ਰੀ ਤੋਂ ਜਨਮ ਲਈਦਾ ਹੈ, ਇਸਤ੍ਰੀ (ਦੇ ਪੇਟ) ਵਿਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ। ਇਸਤ੍ਰੀ ਦੀ (ਹੀ) ਰਾਹੀਂ ਕੁੜਮਾਈ ਤੇ ਵਿਆਹ ਹੁੰਦਾ ਹੈ। ਇਸਤ੍ਰੀ ਦੀ ਰਾਹੀਂ (ਹੋਰ ਲੋਕਾਂ ਨਾਲ) ਸੰਬੰਧ ਬਣਦਾ ਹੈ। ਤੇ ਇਸਤ੍ਰੀ ਤੋਂ ਹੀ (ਜਗਤ ਦੀ ਉਤਪੱਤੀ ਦਾ) ਰਸਤਾ ਚੱਲਦਾ ਹੈ। ਜੇ ਇਸਤ੍ਰੀ ਮਰ ਜਾਏ ਤਾਂ ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ, ਇਸਤ੍ਰੀ ਤੋਂ ਹੀ (ਹੋਰਨਾਂ ਨਾਲ) ਰਿਸ਼ਤੇਦਾਰੀ ਬਣਦੀ ਹੈ। ਜਿਸ ਇਸਤ੍ਰੀ (ਜਾਤੀ) ਤੋਂ ਰਾਜੇ (ਭੀ) ਜੰਮਦੇ ਹਨ, ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ। ਇਸਤ੍ਰੀ ਤੋਂ ਹੀ ਇਸਤ੍ਰੀ ਪੈਦਾ ਹੁੰਦੀ ਹੈ (ਜਗਤ ਵਿਚ) ਕੋਈ ਜੀਵ ਇਸਤ੍ਰੀ ਤੋਂ ਬਿਨਾ ਪੈਦਾ ਨਹੀਂ ਹੋ ਸਕਦਾ। ਹੇ ਨਾਨਕ! ਕੇਵਲ ਇਕ ਸੱਚਾ ਪ੍ਰਭੂ ਹੀ ਹੈ, ਜੋ ਇਸਤ੍ਰੀ ਤੋਂ ਨਹੀਂ ਜੰਮਿਆ। (ਭਾਵੇਂ ਮਨੁੱਖ ਹੋਵੇ, ਭਾਵੇਂ ਇਸਤ੍ਰੀ, ਜੋ ਭੀ) ਆਪਣੇ ਮੂੰਹ ਨਾਲ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ, ਉਸ ਦੇ ਮੱਥੇ ਉੱਤੇ ਭਾਗਾਂ ਦੀ ਮਣੀ ਹੈ, ਭਾਵ ਉਹਦਾ ਮੱਥਾ ਭਾਗਾਂ ਵਾਲਾ ਹੈ। ਹੇ ਨਾਨਕ! ਉਹੀ ਮੁਖ ਉਸੇ ਸੱਚੇ ਪ੍ਰਭੂ ਦੇ ਦਰਬਾਰ ਵਿਚ ਸੋਹਣੇ ਲੱਗਦੇ ਹਨ।
ਉਹ ਇਸਤਰੀ ਜੋ ਰਾਜਿਆਂ, ਮਹਾਰਾਜਿਆਂ ਦੀ ਜਨਨੀ ਹੈ ਉਸ ਨੂੰ ਕਿਵੇਂ ਮੰਦਾ ਆਖਿਆ ਜਾ ਸਕਦਾ ਹੈ। ਗੁਰੂ ਜੀ ਤਾਂ ਇਸਤਰੀ ਨੂੰ ਮਰਦ ਦਾ ਸ਼ਿੰਗਾਰ ਨਹੀਂ ਸਗੋਂ ਸੰਜਮ ਅਤੇ ਬੰਧੇਜ ਦਾ ਚਿੰਨ੍ਹ ਆਖਦੇ ਹਨ। ਗੁਰੂ ਅਰਜਨ ਦੇਵ ਜੀ ਇਸਤਰੀ ਜਾਤੀ ਦੇ ਪਤੀਬ੍ਰਤਾ ਗੁਣ ਨੂੰ ਅਪਨਾਉਣ ਦਾ ਉਪਦੇਸ਼ ਦੇ ਰਹੇ ਨੇ ਜੋ ਇਸਤਰੀ ਦੇ ਉਚੇ ਕਿਰਦਾਰ ਦਾ ਲਖਾਇਕ ਹਨ:
– ਕਾਇਆ ਕਿਰਦਾਰ ਅਉਰਤ ਯਕੀਨਾ ॥ ਰੰਗ ਤਮਾਸੇ ਮਾਣਿ ਹਕੀਨਾ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 473)
ਭਾਵ ਹੇ ਬੰਦੇ ਤੂੰ ਆਪਦੀ ਕਾਇਆ ਭਾਵ ਸਰੀਰ ਨੂੰ ਪ੍ਰਤੀਬ੍ਰਤਾ ਇਸਤਰੀ ਦੀ ਤਰ੍ਰਾਂ ਬਣਾ ਤਾਂ ਹੀ ਤੂੰ ਰਬੀ ਮਿਲਾਪ ਦੇ ਰੰਗ ਤਮਾਸ਼ੇ ਮਾਣ ਸਕੇਗਾ।
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਔਰਤ ਨੂੰ ਈਮਾਨ ਆਖਿਆ। ਇਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸਤਰੀਆਂ ਨੂੰ ਅਸੀਸ ਦਿੰਦੇ ਹੋਏ ਕਿਹਾ ਸੀ ਕਿ “ਮਾਈਆਂ ਰੱਬ ਰਜਾਈਆ।” ਖਾਲਸੇ ਦੀ ਸਿਰਜਨਾ ਸਮੇਂ ਮਾਤਾ ਜੀਤੋ ਜੀ ਵਲੋਂ ਅੰਮ੍ਰਿਤ ਵਾਲੇ ਬਾਟੇ ਵਿੱਚ ਪਤਾਸੇ ਪਾਉਣੇ ਇਸਤਰੀ ਜਾਤੀ ਦੀ ਸਮਾਜਿਕ ਉਚਤਾ ਨੂੰ ਦਰਸਾਉਂਦਾ ਹੈ। ਇਸ ਤੋਂ ਵੀ ਅੱਗੇ ਮਾਤਾ ਸਾਹਿਬ ਕੌਰ ਨੂੰ ਖਾਲਸੇ ਦੀ ਮਾਤਾ ਆਖਣਾ ਇਸਤਰੀ ਜਾਤ ਲਈ ਅਤਿ ਉੱਚਾ ਸਤਿਕਾਰਤ ਸਥਾਨ ਸਥਾਪਤ ਕਰਨਾ ਹੀ ਹੈ।
ਸਿੱਖ ਇਸਤਰੀਆਂ ਨੇ ਵੀ ਹਰ ਸਿੱਖ ਸੰਗਰਸ਼ ਸਮੇਂ ਸਿੱਖਾਂ ਨਾਲ ਬਰਾਬਰ ਦਾ ਯੋਗਦਾਨ ਪਾਇਆ, ਅਨੇਕ ਕੁਰਬਾਨੀਆਂ ਦਿੱਤੀਆਂ ਇਥੋਂ ਤਕ ਆਪਣੇ ਲਾਲਾਂ ਦੇ ਟੋਟੇ-ਟੋਟੇ ਤਕ ਅਪਣੀਆਂ ਝੋਲੀਆਂ ਵਿੱਚ ਪਵਾਏ।
ਸਿੱਖ ਇਤਿਹਾਸ ‘ਤੇ ਝਾਤ ਮਾਰੀਏ ਤਾਂ ਕਈ ਮਹਾਨ ਸਿੱਖ ਬੀਬੀਆਂ ਨੇ ਆਪਣੀ ਬਹਾਦਰੀ ਤੇ ਸਾਹਸ ਤੇ ਸੇਵਾ ਸਦਕਾ ਆਪਣਾ ਵਿਸ਼ੇਸ਼ ਮੁਕਾਮ ਬਣਾਇਆ ਇਨ੍ਹਾਂ ਵਿੱਚ ਬੇਬੇ ਨਾਨਕੀ ਜੀ, ਮਾਤਾ ਖੀਵੀ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਸੁੰਦਰੀ ਜੀ, ਮਾਤਾ ਸੁਲੱਖਣੀ ਜੀ, ਬੀਬੀ ਭਾਨੀ ਜੀ, ਰਾਣੀ ਸਦਾ ਕੌਰ ਜੀ, ਮਾਈ ਭਾਗੋ ਜੀ ਆਦਿ ਨੇ ਨਾਮ ਵਰਨਣਯੋਗ ਹਨ। ਉਹ ਵੀ ਮਾਵਾਂ ਧੰਨਤਾ ਦੀਆਂ ਪਾਤਰ ਨੇ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦੁਰ, ਸ. ਹਰੀ ਸਿੰਘ ਨਲੂਆ, ਬਾਬਾ ਦੀਪ ਸਿੰਘ, ਮਹਾਰਾਜਾ ਰਣਜੀਤ ਸਿੰਘ ਵਰਗੇ ਵੱਡ ਯੋਧਿਆਂ ਨੂੰ ਜਨਮ ਦਿੱਤਾ।
ਗੁਰੂ ਸਾਹਿਬਾਨ ਨੇ ਇਸਤਰੀ ਜਾਤੀ ਨੂੰ ਉਸ ਦਾ ਬਣਦਾ ਸਤਿਕਾਰ ਦਿੱਤਾ ਹੈ। ਸਮਾਜ ਵਿੱਚ ਭਾਵੇਂ ਅੱਜ ਇਸਤਰੀ ਜਾਤੀ ਕਾਫੀ ਵਿਕਸਿਤ ਹੋ ਚੁੱਕੀ ਹੈ ਪਰ ਫਿਰ ਵੀ ਉਸ ਨੂੰ ਬਣਦਾ ਸਤਿਕਾਰ ਅਜੇ ਮਿਲਣਾ ਬਾਕੀ ਹੈ।
*gurdevsinghdr@gmail.com