‘ਉਡਣਾ ਸਿੱਖ’ ਮਿਲਖਾ ਸਿੰਘ ਨੂੰ ਆਖਰੀ ਸਲਾਮ! ਅਸਥੀਆਂ ਜਲ ਪ੍ਰਵਾਹ

TeamGlobalPunjab
6 Min Read

(ਉਡਣਾ ਸਿੱਖ ਮਿਲਖਾ ਸਿੰਘ ਦੀਆਂ ਅਸਥੀਆਂ ਐਤਵਾਰ (20 ਜੂਨ, 2021) ਨੂੰ ਉਨ੍ਹਾਂ ਦੇ ਪੁੱਤਰ ਜੀਵ ਮਿਲਖਾ ਸਿੰਘ ਨੇ ਆਪਣੇ ਪਰਿਵਾਰ ਨਾਲ ਗੁਰਦੁਆਰਾ ਪਤਾਲਪੁਰੀ ਸਾਹਿਬ (ਕੀਰਤਪੁਰ ਸਾਹਿਬ) ਵਿਖੇ ਜਲ ਪ੍ਰਵਾਹ ਕੀਤੀਆਂ। ਇਸ ਸਮੇਂ ਸਾਰੇ ਪਰਿਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਬਹੁਤ ਦੁਖੀ ਹਨ ਅਤੇ ਕੋਈ ਗੱਲਬਾਤ ਨਹੀਂ ਕਰ ਸਕਦੇ।)

ਇੱਕ ਬੜੀ ਮਸ਼ਹੂਰ ਕਹਾਵਤ ਹੈ,ਕਿ ਮਰਨਾ ਸੱਚ ਅਤੇ ਜਿਉਣਾ ਝੂਠ ਹੈ। ਇਹ ਗੱਲ ਹਰ ਮਨੁੱਖ ਦੀ ਜਿੰਦਗੀ ਤੇ ਪੂਰੀ ਤਰ੍ਹਾਂ ਢੁੱਕਦੀ ਹੈ। ਕਹਿੰਦੇ ਹਨ ਕਿ ਇੱਕ ਵਾਰ, ਗੁਰੂ ਨਾਨਕ ਸਾਹਿਬ ਨੇ, ਭਾਈ ਮਰਦਾਨਾ ਜੀ ਨੂੰ ਇੱਕ ਟਕਾ ਦੇ ਕੇ ਸੱਚ ਤੇ ਝੂਠ ਦਾ ਸੌਦਾ ਕਰਨ ਲਈ ਬਜਾਰ ਵਿੱਚ ਭੇਜਿਆ। ਭਾਈ ਮਰਦਾਨਾ ਜੀ ਸਾਰੇ ਬਜਾਰ ਵਿੱਚ ਸ਼ਾਮ ਤੱਕ ਘੁੰਮਦੇ ਰਹੇ।ਪਰ ਸੱਚ ਤੇ ਝੂਠ ਵਾਲਾ ਸੌਦਾ ਕਿਸੇ ਵੀ ਦਕਾਨ ਤੋਂ ਨਾ ਮਿਲਿਆ। ਆਖਰ ਥੱਕ ਹਾਰ ਕੇ ਭਾਈ ਮਰਦਾਨਾ ਜੀ ਨੇ ਇੱਕ ਆਖਰੀ ਹੰਭਲਾ ਮਾਰਿਆ ਤੇ ਇੱਕ ਦੁਕਾਨਦਾਰ ਨੂੰ ਸੱਚਾ ਤੇ ਝੂਠਾ ਸੌਦਾ ਦੇਣ ਲਈ ਕਿਹਾ।ਐਨੀ ਗੱਲ ਸੁਣ ਕੇ ਦੁਕਾਨਦਾਰ ਪਹਿਲਾਂ ਤਾਂ ਬੜਾ ਹੈਰਾਨ ਹੋਇਆ, ਤੇ ਫੇਰ ਉਸਨੇ ਇੱਕ ਕਾਗਜ ਦਾ ਟੁੱਕੜਾ ਚੁੱਕਿਆ ਅਤੇ ਉਹਦੇ ਉੱਤੇ ਲਿਖ ਦਿੱਤਾ ਕਿ ਮਰਨਾ ਸੱਚ ਤੇ ਜਿਉਣਾ ਝੂਠ ਹੈ। ਜਿਹੜਾ ਕਿ ਮਨੁੱਖੀ ਜਿੰਦਗੀ ਦੀ ਅਟੱਲ ਸਚਾਈ ਨੂੰ ਬਿਆਨ ਕਰਦਾ ਹੈ।

ਜਦੋਂ ਹਰ ਮਨੁੱਖ ਨੇ ਇਸ ਸੰਸਾਰ ਵਿਚੋਂ ਇੱਕ ਨਾ ਇੱਕ ਦਿਨ ਚਲੇ ਹੀ ਜਾਣਾ ਹੈ। ਫੇਰ ਪਤਾ ਨਹੀਂ ਕਿਉਂ, ਦੁਨੀਆਂ ਦਾ ਹਰ ਮਨੁੱਖ ਇਸ ਮੌਤ ਵਰਗੀ ਸਚਾਈ ਤੋਂ ਅੱਖਾਂ ਫੇਰ ਲੈਂਦਾ ਹੈ ਅਤੇ ਇਹ ਗੱਲ ਭੁੱਲ ਹੀ ਜਾਂਦਾ ਹੈ ਕਿ ਉਸਨੂੰ ਤਾਂ ਸ਼ਾਇਦ ਕਦੇ ਮੌਤ ਆਉਣੀ ਹੀ ਨਹੀਂ। ਇਸੇ ਭੁਲੇਖੇ ‘ਚ ਹੀ ਮਨੁੱਖ ਸਾਰੀ ਉਮਰ ਵਾਧੂ ਦੀਆਂ ਠੱਗੀਆਂ ਜਾਂ ਬੇਕਾਰ ਦੇ ਕੰਮਾਂ ਚ ਹੀ ਗੁਜਾਰ ਦਿੰਦਾ ਹੈ ਅਤੇ ਆਪਣੇ ਹੀਰੇ ਜੈਸੇ ਜੀਵਨ ਨੂੰ ਕੌਡੀਆਂ ਦੇ ਵਾਂਗ ਰੋਲ ਦਿੰਦਾ ਹੈ।ਪਰ ਜਦੋਂ ਅੰਤ ਸਮਾਂ ਨੇੜੇ ਆਉਂਦਾ ਹੈ,ਤਾਂ ਬੜਾ ਪਛਤਾਉਂਦਾ ਹੈ,ਕਿ ਮੈਂ ਇਸ ਸੰਸਾਰ ਚ ਆ ਕੇ ਕੋਈ ਵੀ ਚੰਗਾ ਕੰਮ ਨਹੀਂ ਕੀਤਾ।

ਜਿਹੜਾ ਮਨੁੱਖ ਇਸ ਸੰਸਾਰ ਵਿੱਚ ਆਇਆ ਹੈ, ਉਸਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਤੋਂ ਰੁਖਸਤ ਹੋ ਹੀ ਜਾਣਾ ਹੈ। ਜਦੋਂ ਮਨੁੱਖ ਨੂੰ ਇਸ ਗੱਲ ਦਾ ਪਤਾ ਹੈ,ਕਿ ਉਸਨੇ ਇੱਕ ਦਿਨ ਇਸ ਸੰਸਾਰ ਤੋਂ ਚਲੇ ਹੀ ਜਾਣਾ ਹੈ,ਤਾਂ ਕਿਉਂ ਨਾ ਇਸ ਸੰਸਾਰ ਵਿੱਚ ਕੋਈ ਅਜਿਹਾ ਕੰਮ ਕੀਤਾ ਜਾਵੇ।ਜਿਸ ਨਾਲ ਉਸਨੂੰ ਉਸਦੀ ਮੌਤ ਤੋਂ ਬਾਅਦ ਵੀ ਸਤਿਕਾਰ ਸਹਿਤ ਯਾਦ ਕੀਤਾ ਜਾਵੇ।ਕਹਿੰਦੇ ਹਨ,ਕਿ ਆਪਣੇ ਤੇ ਆਪਣੇ ਪਰਿਵਾਰ ਲਈ ਤਾਂ ਹਰ ਮਨੁੱਖ ਕੁੱਝ ਨਾ ਕੁੱਝ ਕਰਦਾ ਹੈ,ਤਾਂ ਕਿ ਉਹਦਾ ਤੇ ਉਹਦੇ ਪਰਿਵਾਰ ਦਾ ਪਾਲਣ ਪੋਸ਼ਣ ਹੋ ਸਕੇ ਅਤੇ ਨਾਮ ਰੌਸਨ ਹੋ ਸਕੇ।ਪਰ ਉਹ ਲੋਕ ਧਨ ਹਨ, ਜਿਹੜੇ ਨਿੱਜ ਤੋਂ ਉੱਪਰ ਉੱਠਕੇ ਆਪਣੇ ਦੇਸ਼ ਅਤੇ ਕੌਮ ਦਾ ਨਾਮ ਰੌਸਨ ਕਰਦੇ ਹਨ,ਜਿਹੜਾ ਰਹਿੰਦੀ ਦੁਨੀਆਂ ਤੱਕ ਧਰੂ ਤਾਰੇ ਵਾਂਗ ਹਮੇਸ਼ਾ ਚਮਕਦਾ ਰਹਿੰਦਾ ਹੈ।

- Advertisement -

ਅਜਿਹੇ ਹੀ ਬੱਬਰ ਸ਼ੇਰ ਸਰਦਾਰ ਮਿਲਖਾ ਸਿੰਘ ਵੀ ਸਨ। ਜਿਸਨੂੰ ਸਰਦਾਰ ਹੋਣ ਦੇ ਨਾਤੇ ‘ਉਡਣਾ ਸਿੱਖ’ ਕਰਕੇ ਵੀ ਸਤਿਕਾਰ ਸਹਿਤ ਯਾਦ ਕੀਤਾ ਜਾਂਦਾ ਹੈ।ਇਸ ਭਾਰਤੀ ਅਥਲੀਟ ਦੀ ਕਰੋਨਾ ਜਿਹੀ ਨਾਮੁਰਾਦ ਬੀਮਾਰੀ ਨਾਲ ਲੰਮੀ ਜੱਦੋਜਹਿਦ ਤੋਂ ਬਾਅਦ ਬੀਤੀ ਰਾਤ ਮਿਤੀ 18/6/2021 ਨੂੰ ਅਚਾਨਕ ਪੀ.ਜੀ.ਆਈ ਚੰਡੀਗੜ੍ਹ ਵਿਖੇ ਮੌਤ ਹੋ ਗਈ। ਇਨ੍ਹਾਂ ਦੀ ਉਮਰ 91ਸਾਲ ਦੇ ਲੱਗਭੱਗ ਸੀ।ਇੰਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਨਿਰਮਲ ਕੌਰ ਦਾ ਵੀ ਪਿਛਲੇ ਦਿਨੀਂ ਕਰੋਨਾ ਦੇ ਕਾਰਨ ਹੀ ਦੇ ਦੇਹਾਂਤ ਹੋ ਗਿਆ ਸੀ। ਜਿਹੜੇ ਵਾਲੀਵਾਲ ਟੀਮ ਦੇ ਸਾਬਕਾ ਕਪਤਾਨ ਵੀ ਰਹੇ ਸਨ।ਸਰਦਾਰ ਮਿਲਖਾ ਸਿੰਘ ਦੇ ਪਰਿਵਾਰ ‘ਚ ਉਨ੍ਹਾਂ ਦਾ ਇੱਕ ਪੁੱਤਰ ਸਰਦਾਰ ਜੀਵ ਮਿਲਖਾ ਸਿੰਘ ਹਨ, ਜੋ ਕਿ ਗੌਲਫ ਦੇ ਉੱਘੇ ਖਿਡਾਰੀ ਹਨ। ਇਸ ਤੋਂ ਇਲਾਵਾ ਪਰਿਵਾਰ ‘ਚ ਉਨ੍ਹਾਂ ਦੀਆਂ ਤਿੰਨ ਧੀਆਂ ਵੀ ਹਨ। ਸਰਦਾਰ ਮਿਲਖਾ ਸਿੰਘ ਦਾ ਖੇਡਾਂ ਦੇ ਖੇਤਰ ਵਿੱਚ ਬੜਾ ਵੱਡਾ ਯੋਗਦਾਨ ਰਿਹਾ ਹੈ। ਇਸ ਉੱਡਣੇ ਸਿੱਖ ਨੇ ਏਸਿਆਈ ਖੇਡਾਂ ਵਿੱਚ ਚਾਰ ਵਾਰ ਤੇ 1958 ਦੀਆਂ ਰਾਸਟਰ ਮੰਡਲ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ।ਉਨ੍ਹਾਂ 1956 ਤੇ 1964 ਓਲੰਪਿਕਸ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ। ਜਿਸਦੇ ਸਦਕਾ, ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਸਾਲ 1959 ਵਿੱਚ ਪਦਮਸ਼੍ਰੀ ਨਾਲ ਵੀ ਨਿਵਾਜਿਆ ਗਿਆ ਸੀ,ਜੋ ਕਿ ਕਿਸੇ ਖਿਡਾਰੀ ਲਈ ਬੜੇ ਮਾਣ ਵਾਲੀ ਗੱਲ ਹੁੰਦੀ ਹੈ।

ਹੁਣ ਸੋਚਣ ਤੇ ਵਿਚਾਰਨ ਵਾਲੀ ਗੱਲ ਤਾਂ ਇਹ ਹੈ,ਕਿ ਕੀ ਸਾਨੂੰ ਇਸ ਸੰਸਾਰ ਚ ਆ ਕੇ ਸਿਰਫ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ ਜਾਂ ਫਿਰ ਜਿੰਦਗੀ ਚ ਕੋਈ ਅਜਿਹਾ ਉੱਦਮ ਵੀ ਕਰਨਾ ਚਾਹੀਦਾ ਹੈ,ਜਿਸ ਨਾਲ ਸਮਾਜ ,ਦੇਸ਼ ਜਾਂ ਕੌਮ ਦਾ ਨਾਮ ਵੀ ਉੱਚਾ ਹੋ ਸਕੇ।ਅਜਿਹਾ ਕਰਮ ਹੀ ਸਰਦਾਰ ਮਿਲਖਾ ਸਿੰਘ ਨੇ ਆਪਣੀ ਕਰੜੀ ਮਿਹਨਤ ਅਤੇ ਸਖਤ ਤਪੱਸਿਆ ਦੇ ਨਾਲ ਕਰਕੇ ਵਿਖਾਇਆ। ਜਿੱਥੇ ਉੱਡਣਾ ਸਿੱਖ, ਮਿਲਖਾ ਸਿੰਘ ਨੇ ਆਪਣੇ ਦੇਸ਼ ਦਾ ਨਾਮ ਉੱਚਾ ਕੀਤਾ। ਉੱਥੇ ਸਿੱਖ ਕੌਮ ਨੂੰ ਵੀ ਉਨ੍ਹਾਂ ਦੀਆਂ ਪ੍ਰਾਪਤੀਆਂ ਤੇ ਮਾਣ ਹੈ।ਕਿਉਂਕਿ ਇੱਕ ਸਿੱਖ ਹੋਣ ਦੇ ਨਾਤੇ ਹੀ ਉਨ੍ਹਾਂ ਦਾ ਨਾਮ’ਉੱਡਣਾ ਸਿੱਖ’ ਵਜੋਂ ਪ੍ਰਚੱਲਿਤ ਹੋਇਆ ਸੀ।

ਸੋ ਦੇਸ਼ ਦੇ ਹਰ ਬੱਚੇ ਨੂੰ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਲੋੜ ਹੈ,ਤਾਂ ਕਿ ਅਸੀਂ ਵੀ ਉਨ੍ਹਾਂ ਵਾਂਗ ਹੀ ਆਪਣੇ ਸਮਾਜ, ਕੌਮ ਅਤੇ ਦੇਸ਼ ਦਾ ਨਾਮ ਰੌਸਨ ਕਰ ਸਕੀਏ।ਭਾਵੇਂ ਸਰਦਾਰ ਮਿਲਖਾ ਸਿੰਘ ਜੀ ਮੌਤ ਦੇ ਹੱਥੋਂ ਸਰੀਰ ਰੂਪੀ ਜਿੰਦਗੀ ਦੀ ਬਾਜੀ ਹਾਰ ਗਏ ਹਨ।ਪਰ ਉਨ੍ਹਾਂ ਨੇ ਆਪਣੀ ਸਖਤ ਮਿਹਨਤ ਅਤੇ ਕਰੜੀ ਤਪੱਸਿਆ ਦੇ ਨਾਲ ਜਿੰਦਗੀ ਦੇ ਅਸਲੀ ਮਨੋਰਥ ਦੀ ਬਾਜੀ ਜਿੱਤ ਲਈ ਹੈ। ਪ੍ਰਮਾਤਮਾ, ਉਨ੍ਹਾਂ ਨੂੰ ਆਪਣੇ ਚਰਨ੍ਹਾਂ ਚ ਨਿਵਾਸ ਬਖਸ਼ੇ। ਸਾਰੇ ਦੇਸ਼ ਵਾਸੀ ਉਨ੍ਹਾਂ ਨੂੰ ਸਲਾਮ ਕਰਦੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀ ਇਸ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣਗੀਆਂ ਅਤੇ ਉਨ੍ਹਾਂ ਤੋਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ।

-ਸੁਬੇਗ ਸਿੰਘ

Share this Article
Leave a comment