ਕੌਮਾਂਤਰੀ ਦੋਸਤੀ ਦਿਵਸ : ਦੋਸਤ ਬਣਾਉਣੇ ਸੌਖੇ ਪਰ ਦੋਸਤੀ ਨਿਭਾਉਣੀ ਔਖੀ

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ;

ਇਹ ਕਿਹਾ ਜਾਦਾ ਹੈ ਕਿ ਜ਼ਿੰਦਗੀ ਦੇ ਵੱਡੇ-ਛੋਟੇ ਦੁੱਖਾਂ ਵਿੱਚ ਕਈ ਵਾਰ ਖ਼ੂਨ ਦੇ ਰਿਸ਼ਤਿਆਂ ਤੋਂ ਵੱਧ ਯਾਰ-ਦੋਸਤ ਕੰਮ ਆਉਂਦੇ ਹਨ। ਖ਼ੂਨ ਦੇ ਰਿਸ਼ਤਿਆਂ ਨੇ ਤਾਂ ਜ਼ਮੀਨ, ਜਾਇਦਾਦ, ਪੈਸਾ ਜਾਂ ਹੋਰ ਕੁਝ ਵੰਡਣਾ ਹੁੰਦਾ ਹੈ ਪਰ ਯਾਰਾਂ-ਦੋਸਤਾਂ ਨੇ ਤਾਂ ਬੇਗ਼ਰਜ਼ ਹੋ ਕੇ ਕੇਵਲ ਮੁਹੱਬਤ, ਹਮਦਰਦੀ ਅਤੇ ਦੁੱਖ-ਸੁੱਖ ਵੰਡਣੇ ਹੁੰਦੇ ਹਨ। ਇਸ ਦੁਨੀਆਂ ਵਿੱਚ ਯਾਰਾਂ ਲਈ ਜਾਨ ਤੱਕ ਦੇ ਦੇਣ ਵਾਲੇ ਦੋਸਤਾਂ ਦੀ ਕੋਈ ਕਮੀ ਨਹੀਂ ਹੈ ਪਰ ਯਾਰ-ਮਾਰ ਕਰਨ ਵਾਲੇ ਦੋਸਤ ਵੀ ਕਦੇ ਕਦੇ ਇਨਸਾਨ ਨੂੰ ਟੱਕਰ ਜਾਂਦੇ ਹਨ। ਫਿਰ ਵੀ ਗ਼ਨੀਮਤ ਹੈ ਕਿ ਯਾਰ ਮਾਰ ਕਰਨ ਵਾਲੇ ਦੋਸਤਾਂ ਦੀ ਸੰਖਿਆ ਆਟੇ ‘ਚ ਲੂਣ ਦੇ ਬਰਾਬਰ ਹੈ। ਗੁਰੂ ਨਾਨਕ ਤੇ ਮਰਦਾਨਾ ਅਤੇ ਸ੍ਰੀ ਕ੍ਰਿਸ਼ਨ ਤੇ ਸੁਦਾਮਾ ਦੀ ਦੋਸਤੀ ਨਿਰਸਵਾਰਥ ਹੋ ਕੇ ਦੋਸਤ ਲਈ ਸਮਰਪਿਤ ਹੋ ਜਾਣ ਦੀਆਂ ਸ਼ਾਨਦਾਰ ਉਦਾਹਰਣਾਂ ਹਨ। ਸੱਚੀ ਦੋਸਤੀ ਵਿੱਚ ਨਫ਼ਾ-ਨੁਕਸਾਨ ਨਹੀਂ ਵੇਖਿਆ ਜਾਂਦਾ ਹੈ ਤੇ ਸਿਆਣੇ ਆਖ਼ਦੇ ਹਨ ਕਿ ਸੱਚਾ ਦੋਸਤ ਉਹੀ ਹੁੰਦਾ ਹੈ ਜੋ ਮੁਸੀਬਤ ਵੇਲੇ ਕੰਮ ਆਵੇ।

ਅੱਜ ਕੌਮਾਂਤਰੀ ਦੋਸਤੀ ਦਿਵਸ ਹੈ। ਇਹ ਦਿਨ ਆਪਣੇ ਉਨ੍ਹਾ ਸਾਰੇ ਦੋਸਤਾਂ ਨੂੰ ਯਾਦ ਤੇ ਸਿਜਦਾ ਕਰਨ ਦਾ ਦਿਨ ਹੈ ਜਿਨ੍ਹਾ ਨੇ ਸਾਡੀ ਜਿੰਦਗੀ ਨੂੰ ਗੁਲਜ਼ਾਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਹੈ ਤੇ ਬਲਿਦਾਨ ਦੇਣ ਲੱਗਿਆਂ ਬਿੰਦ ਵੀ ਨਹੀਂ ਲਾਇਆ ਹੈ। ਉਂਜ ਤਾਂ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿੱਚ ‘ ਦੋਸਤੀ ਦਿਵਸ ’ ਵੱਖ ਵੱਖ ਮਿਤੀਆਂ ‘ਤੇ ਮਨਾਇਆ ਜਾਂਦਾ ਹੈ ਪਰ ਸੰਯੁਕਤ ਰਾਸ਼ਟਰ ਨੇ 30 ਜੁਲਾਈ ਦੇ ਦਿਨ ਕੌਮਾਂਤਰੀ ਦੋਸਤੀ ਦਿਵਸ ਮਨਾਉਣ ਦਾ ਐਲਾਨ 27 ਅਪ੍ਰੈਲ, ਸੰਨ 2011 ਨੂੰ ਸੰਯੁਕਤ ਰਾਸਟਰ ਦੀ ਜਨਰਲ ਅਸੈਂਬਲੀ ਦੇ 65ਵੇਂ ਇਜਲਾਸ ਦੌਰਾਨ ਕੀਤਾ ਸੀ। ਉਂਜ ਬ੍ਰਾਜ਼ੀਲ ਵਿੱਚ ‘ਦੋਸਤੀ ਦਿਵਸ’ 20 ਜੁਲਾਈ,ਮੈਕਸੀਕੋ ਵਿੱਚ 14 ਜੁਲਾਈ,ਪਾਕਿਸਾਨ ਵਿੱਚ 19 ਜੁਲਾਈ,ਅਮਰੀਕਾ ਵਿੱਚ 15 ਫ਼ਰਵਰੀ ਨੂੰ ਅਤੇ ਭਾਰਤ ਵਿੱਚ ਅਗਸਤ ਮਹੀਨੇ ਦੇ ਪਹਿਲੇ ਐਤਵਾਰ ਵਾਲੇ ਦਿਨ ਮਨਾਇਆ ਜਾਂਦਾ ਹੈ ਜੋ ਕਿ ਇਸ ਸਾਲ 1 ਅਗਸਤ ਨੂੰ ਬਣਦਾ ਹੈ।

ਉਂਜ ਤਾਂ ਦੋਸਤੀ ਦਾ ਰਿਸ਼ਤਾ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਪਰ ਇਸ ਨੂੰ ਸਮਰਪਿਤ ਕਰਕੇ ਇੱਕ ਦਿਵਸ ਮਨਾਉਣ ਬਾਰੇ ਪਹਿਲਾ ਵਿਚਾਰ ਸੰਨ 1930 ਵਿੱਚ ਗ੍ਰੀਟਿੰਗ ਕਾਰਡ ਬਣਾਉਣ ਵਾਲੀ ਸੰਸਥਾ ‘ ਹਾਲਮਾਰਕ ਕਾਰਡਜ਼ ’ ਦੇ ਸੰਸਥਾਪਕ ਜੋਏਸੀ ਹਾਲ ਨੇ ਦਿੱਤਾ ਸੀ ਤੇ ਉਹ ਚਾਹੁੰਦੇ ਸਨ ਕਿ ਲੋਕ ਦੋਸਤੀ ਦਿਵਸ ਮਨਾਉਣ ਤੇ ਗ੍ਰੀਟਿੰਗ ਕਾਰਡ ਰਾਹੀਂ ਇੱਕ ਦੂਜੇ ਨੂੰ ਵਧਾਈ ਤੇ ਸ਼ੁਭ-ਇੱਛਾ ਸੰਦੇਸ਼ ਦੇ ਕੇ ਆਪਣੇ ਦੋਸਤਾਂ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਨ। ਉਂਜ ਜੋਏਸੀ ਹਾਲ ਤੋਂ ਪਹਿਲਾਂ ਸੰਨ 1919 ਦੇ ਆਸਪਾਸ ‘ ਗ੍ਰੀਟਿੰਗ ਕਾਰਡਜ਼ ਨੈਸ਼ਨਲ ਐਸੋਸੀਏਸ਼ਨ ’ ਵੱਲੋਂ ਆਪਣੇ ਦੋਸਤਾਂ ਨੂੰ ਫੁੱਲ ਜਾਂ ਗ੍ਰੀਟਿੰਗ ਕਾਰਡ ਦੇਣ ਦੀ ਪ੍ਰੰਪਰਾ ਸ਼ੁਰੂ ਕਰਨ ਦਾ ਯਤਨ ਕੀਤਾ ਗਿਆ ਸੀ ਪਰ ਇਹ ਯਤਨ ਕਾਮਯਾਬ ਨਹੀਂ ਹੋ ਸਕਿਆ ਸੀ। ਕੁਝ ਖੋਜਕਰਤਾਵਾਂ ਦਾ ਇਹ ਵੀ ਮਤ ਹੈ ਕਿ ਇਸ ਦਿਵਸ ਨੂੰ ਮਨਾਉਣ ਦਾ ਆਗ਼ਾਜ਼ ਬੇਸ਼ੱਕ ਸੰਨ 1919 ਵਿੱਚ ਹੋ ਗਿਆ ਸੀ ਪਰ ਇਹ ਲਹਿਰ ਨਹੀਂ ਬਣ ਸਕਿਆ ਸੀ ਤੇ ਕੁਝ ਕੁ ਸਮੂਹਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਸੀ ਤੇ 20 ਜੁਲਾਈ, ਸੰਨ 1958 ਨੂੰ ਪਰੇਗ ਨਦੀ ਦੇ ਕਿਨਾਰੇ ਵੱਸੇ ਸ਼ਹਿਰ ‘ ਪਿਓਰਟੋ ਪਿਨਾਕੋ’ ਵਿਖੇ ਵੱਸਦੇ ਡਾ.ਰੇਮਨ ਏ.ਬਰੈਸ਼ੋ ਨੇ ਆਪਣੇ ਯਾਰਾਂ-ਦੋਸਤਾਂ ਨਾਲ ਰੱਖੇ ਇੱਕ ਡਿਨਰ ਦੌਰਾਨ ਅਜਿਹਾ ਕੋਈ ਦਿਵਸ ਮਨਾਏ ਜਾਣ ਦਾ ਪ੍ਰਸਤਾਵ ਰੱਖਿਆ ਸੀ ਤੇ ਉਨ੍ਹਾ ਵੱਲੋਂ ਆਪਣੇ ਮਿੱਤਰਾਂ ਨਾਲ ਮਿਲ ਕੇ ਬਣਾਈ ਸੰਸਥਾ ‘ ਵਰਲਡ ਫਰੈਂਡਸ਼ਿਪ ਕਰੂਸੇਡ ’ ਨੇ 30 ਜੁਲਾਈ ਦੇ ਦਿਨ ‘ ਦੋਸਤੀ ਦਿਵਸ’ ਮਨਾਏ ਜਾਣ ਦਾ ਐਲਾਨ ਕੀਤਾ ਸੀ ਤੇ ਬਾਅਦ ਵਿੱਚ ਇਸੇ ਸੰਸਥਾ ਦੀ ਪ੍ਰੇਰਨਾ ਸਦਕਾ ਸੰਯੁਕਤ ਰਾਸ਼ਟਰ ਵੱਲੋਂ ਵੀ ‘ ਕੌਮਾਂਤਰੀ ਦੋਸਤੀ ਦਿਵਸ ’ ਮਨਾਉਣ ਲਈ 30 ਜੁਲਾਈ ਦੇ ਦਿਨ ਦੀ ਹੀ ਚੋਣ ਕੀਤੀ ਗਈ ਸੀ।

ਕੌਮਾਂਤਰੀ ਦੋਸਤੀ ਦਿਵਸ ਮੌਕੇ ਵੱਖ ਵੱਖ ਮੁਲਕਾਂ ਵਿੱਚ ਨਵੇਂ-ਪੁਰਾਣੇ ਤੇ ਜਵਾਨ ਜਾਂ ਬਜ਼ੁਰਗ ਦੋਸਤ ਇੱਕ ਥਾਂ ਇਕੱਤਰ ਹੁੰਦੇ ਹਨ ,ਆਪਣੀਆਂ ਯਾਦਾਂ ਤਾਜ਼ਾ ਕਰਦੇ ਹਨ,ਵਧਾਈਆਂ ਜਾਂ ਤੋਹਫ਼ੇ ਦਿੰਦੇ-ਲੈਂਦੇ ਹਨ ਤੇ ਖਾ-ਪੀ ਕੇ, ਨੱਚ-ਗਾ ਕੇ ਇਸ ਦਿਨ ਨੂੰ ਯਾਦਗਾਰੀ ਬਣਾਉਣ ਦਾ ਯਤਨ ਕਰਦੇ ਹਨ।

ਇਸ ਦਿਵਸ ਨਾਲ ਜੁੜੇ ਦੋ ਦਿਲਚਸਪ ਤੱਥ ਇੰਜ ਹਨ ਕਿ ਸੰਨ 1998 ਵਿੱਚ ਸੰਯੁਕਤ ਰਾਸ਼ਟਰ ਸੰਘ ਦੇ ਜਨਰਲ ਸਕੱਤਰ ਕੌਫੀ ਅੰਨਾਨ ਦੀ ਧਰਮਪਤਨੀ ਨੈਨੀ ਅੰਨਾਨ ਨੇ ‘ ਵਿਨੀ ਦ ਪੂਹ ’ ਨੂੰ ਸੰਯੁਕਤ ਰਾਸਟਰ ਵੱਲੋਂ ਦੋਸਤੀ ਦਾ ‘ ਵਰਲਡ ਅੰਬੈਸਡਰ ’ ਭਾਵ ‘ ਕੋਮਾਂਤਰੀ ਰਾਜਦੂਤ’ ਐਲਾਨਿਆ ਸੀ। ਸੰਨ 2005 ਵਿੱਚ ਅਰਜਨਟੀਨਾ ਵਿਖੇ ਦੋਸਤੀ ਦਿਵਸ ਮਨਾਉਂਦੇ ਸਮੇਂ ਲੋਕਾਂ ਨੇ ਮੋਬਾਇਲ ਫ਼ੋਨਾਂ ਰਾਹੀਂ ਇੰਨੀ ਵੱਡੀ ਮਾਤਰਾ ਵਿੱਚ ਸੰਦੇਸ਼ ਭੇਜੇ ਅਤੇ ਕਾਲਾਂ ਕੀਤੀਆਂ ਕਿ ਸਾਰੇ ਮੋਬਾਇਲ ਨੈੱਟਵਰਕ ਦਾ ਹੀ ਬ੍ਰੇਕਡਾਊਨ ਹੋ ਗਿਆ ਸੀ।

ਦੋਸਤੀ ਤੇ ਦੋਸਤ ਅਨਮੋਲ ਹੁੰਦੇ ਹਨ। ਇਨ੍ਹਾ ਦੀ ਕਦਰ ਕਰਨੀ ਚਾਹੀਦੀ ਹੈ ਤੇ ਦੋਸਤ ਦੀ ਮਦਦ ਕਰਨ ਤੋਂ ਕਦੇ ਪਿੱਛੇ ਨਹੀਂ ਹਟਣਾ ਚਾਹੀਦਾ ਹੈ।

Check Also

ਅਮਰੀਕੀ ਅਭਿਨੇਤਾ ਮੈਟ ਫੋਰਡ ਨੂੰ ਹੋਇਆ ਮੰਕੀਪਾਕਸ, ਕਿਹਾ- ਰਾਤ ਭਰ ਸੌਂ ਨਹੀਂ ਪਾ ਰਿਹਾ, ਸਰਕਾਰ ਨੂੰ ਵੈਕਸੀਨ ਅਤੇ ਟੈਸਟਿੰਗ ਵਧਾਉਣ ਦੀ ਜ਼ਰੂਰਤ

ਵਾਸ਼ਿੰਗਟਨ- ਅਮਰੀਕੀ ਅਦਾਕਾਰ ਮੈਟ ਫੋਰਡ ਨੂੰ ਮੰਕੀਪਾਕਸ ਹੋ ਗਿਆ ਹੈ। ਫੋਰਡ ਨੇ ਸੋਸ਼ਲ ਮੀਡੀਆ ‘ਤੇ …

Leave a Reply

Your email address will not be published.