ਨਵੀਂ ਦਿੱਲੀ :- ਕੋਰੋਨਾ ਮਹਾਮਾਰੀ ਦੇ ਕੌਮਾਂਤਰੀ ਪੱਧਰ ‘ਤੇ ਆ ਰਹੇ ਨਵੇਂ ਸਟ੍ਰੇਨ ਨਾਲ ਚੁਣੌਤੀਆਂ ਵਧਣ ਦੇ ਖਤਰੇ ਨੂੰ ਦੇਖਦੇ ਹੋਏ ਸਰਕਾਰ ਨੇ ਕੌਮਾਂਤਰੀ ਉਡਾਣਾਂ ‘ਤੇ ਇਸ ਸਾਲ ਮਾਰਚ ਦੇ ਅੰਤ ਤਕ ਰੋਕ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਤਹਿਤ ਕੌਮਾਂਤਰੀ ਉਡਾਣਾਂ ‘ਤੇ ਜਾਰੀ ਮੌਜੂਦਾ ਰੋਕ 31 ਮਾਰਚ ਤਕ ਲਾਗੂ ਰਹੇਗੀ। ਡੀਜੀਸੀਏ ਨੇ ਪਹਿਲਾਂ ਇਹ ਪਾਬੰਦੀ 28 ਫਰਵਰੀ ਤੱਕ ਲਗਾਈ ਸੀ।
ਦੱਸ ਦਈਏ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਦੁਵੱਲੇ ਏਅਰ ਬੱਬਲ ਸਮਝੌਤਿਆਂ ਤਹਿਤ ਕਾਰਗੋ ਉਡਾਣਾਂ ਤੇ ਫਲਾਈਟ ਸੇਵਾਵਾਂ ਜਾਰੀ ਰਹਿਣਗੀਆਂ। ਭਾਰਤ ਨੇ 27 ਦੇਸ਼ਾਂ ਅਫ਼ਗਾਨਿਸਤਾਨ, ਬਹਿਰੀਨ, ਬੰਗਲਾਦੇਸ਼, ਭੂਟਾਨ, ਕੈਨੇਡਾ, ਇਥੋਪੀਆ, ਫਰਾਂਸ, ਜਰਮਨੀ, ਇਰਾਕ, ਜਾਪਾਨ, ਕੀਨੀਆ, ਕੁਵੈਤ, ਮਾਲਦੀਵ, ਨੇਪਾਲ, ਨੀਦਰਲੈਂਡ, ਨਾਇਜੀਰੀਆ, ਓਮਾਨ, ਕਤਰ, ਰਵਾਂਡਾ, ਤਨਜ਼ਾਨੀਆ, ਯੂਕਰੇਨ, ਬਰਤਾਨੀਆ ਤੇ ਅਮਰੀਕਾ ਆਦਿ ਨਾਲ ਦੁਵੱਲਾ ਏਅਰ ਬੱਬਲ ਸਮਝੌਤਾ ਕੀਤਾ ਹੋਇਆ ਹੈ।