ਰਾਜਸੀ ਨੇਤਾਵਾਂ ਦੇ ਦੂਹਰੇ ਚਿਹਰੇ ਕਿਉਂ?

Rajneet Kaur
5 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ

ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਦੂਹਰੀ ਲੜਾਈ ਲੜਨੀ ਪੈ ਰਹੀ ਹੈ। ‘ਆਪ’ ਦੀ ਦਿੱਲੀ ਅਤੇ ਪੰਜਾਬ ‘ਚ ਦੋਵਾਂ ਥਾਵਾਂ ‘ਤੇ ਸਰਕਾਰ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਰਕਾਰ ਦੇ ਕਈ ਸਾਬਕਾ ਮੰਤਰੀ ਸਰਕਾਰ ਦੇ ਨਿਸ਼ਾਨੇ ‘ਤੇ ਹਨ। ਹੁਣ ਵਿਜੀਲੈਂਸ ਵਲੋਂ ਸਾਬਕਾ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਸਰੋਤਾਂ ਤੋਂ ਵਧੇਰੇ ਜਾਇਦਾਦ ਬਨਾਉਣ ਦੇ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਸੋਨੀ ਕੈਪਟਨ ਅਮਰਿੰਦਰ ਸਰਕਾਰ ਵੇਲੇ ਕੈਬਨਟ ਮੰਤਰੀ ਸਨ ਅਤੇ ਚੰਨੀ ਦੀ ਸਰਕਾਰ ਵੇਲੇ ਉਪ ਮੁੱਖ ਮੰਤਰੀ ਸਨ। ਵਿਜੀਲੈਂਸ ਕੋਲ ਜਿਹੜੀ ਸ਼ਿਕਾਇਤ ਆਈ ਹੈ ਉਸ ਮੁਤਾਬਿਕ ਸੋਨੀ ਨੇ ਆਮਦਨ ਤੋਂ ਵੱਧ ਬੇਹਿਸਾਬੀ ਜਾਇਦਾਦ ਬਣਾਈ ਹੈ। ਭਗਵੰਤ ਮਾਨ ਸਰਕਾਰ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਿਛਲੀਆਂ ਸਰਕਾਰਾਂ ਵਲੋਂ ਭ੍ਰਿਸ਼ਟਾਚਾਰ ਮਾਮਲਿਆਂ ‘ਚ ਪਾਏ ਗਏ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀ ਜਾਵੇਗਾ।ਸੋਨੀ ਤੋਂ ਪਹਿਲਾਂ ਸਾਬਕਾ ਫੂਡ ਐਂਡ ਸਪਲਾਈ ਮੰਤਰੀ ਆਸ਼ੂ ਵੀ ਆਪਣੇ ਵਿਭਾਗ ‘ਚ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਜਾਂਚ ਦਾ ਸਾਹਮਣਾ ਕਰ ਰਹੇ ਹਨ।ਸਾਧੂ ਸਿੰਘ ਧਰਮਸੋਤ ਜੰਗਲਾਤ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।ਇਸੇ ਤਰ੍ਹਾਂ ਇਸੀ ਕੜੀ ‘ਚ ਹੋਰ ਸਰਕਾਰੀ ਅਧਿਕਾਰੀ ਅਤੇ ਆਗੂਆਂ ਦੇ ਨਾਂ ਵੀ ਸ਼ਾਮਿਲ ਹਨ।ਇਹ ਤਾਂ ਅਦਾਲਤੀ ਫੈਸਲੇ ਅਤੇ ਜਾਂਚ ਪੜਤਾਲ ਦੇ ਸਿਟੇ ਤੈਅ ਕਰਨਗੇ ਕਿ ਕੌਣ ਦੋਸ਼ੀ ਹੈ ਅਤੇ ਕਿਸ ਉਪਰ ਰਾਜਨੀਤੀ ਹੋ ਰਹੀ ਹੈ ਪਰ ਕਾਂਗਰਸ ਦੇ ਆਗੂਆਂ ਦਾ ਲਗਾਤਾਰ ਇਹ ਕਹਿਣਾ ਹੈ ਕਿ ਮਾਨ ਸਰਕਾਰ ਕਾਂਗਰਸ ਦੇ ਆਗੂਆਂ ਨੂੰ ਰਾਜਸੀ ਬਦਲੇ ਦੀ ਭਾਵਨਾ ਨਾਲ ਭ੍ਰਿਸ਼ਟਾਚਾਰ ਦੇ ਕੇਸਾਂ ‘ਚ ਫਸਾ ਰਹੀ ਹੈ।

ਆਓ ਹੁਣ ਆਪਾਂ ਦਿੱਲੀ ਦੀ ਵੀ ਗੱਲ ਕਰ ਲਈਏ। ਦਿੱਲੀ ਦੇ ਸ਼ਰਾਬ ਘੁਟਾਲੇ ਮਾਮਲੇ ‘ਚ ਸੀਬੀਆਈ ਨੇ ਦੋਸ਼ੀਆਂ ਵਿਰੁੱਧ ਪਹਿਲਾਂ ਦੋਸ਼ ਪੱਤਰ ਦਾਖਲ ਕਰ ਦਿਤਾ ਹੈ। ਦਸ ਹਜ਼ਾਰ ਪੰਨਿਆਂ ਦੇ ਇਸ ਦੋਸ਼ ਪੱਤਰ ‘ਚ ਵਿਜੇ ਨਾਇਰ ਸਮੇਤ ਕੁਲ ਸੱਤ ਵਿਅਕਤੀਆਂ ਦਾ ਨਾਂ ਸ਼ਾਮਿਲ ਹੈ ਪਰ ਇਸ ‘ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦਾ ਨਾਂ ਸ਼ਾਮਿਲ ਨਹੀਂ ਹੈ।ਸੀਬੀਆਈ ਦਾ ਕਹਿਣਾ ਹੈ ਕਿ ਸਿਸੋਦੀਆ ਵਿਰੁੱਧ ਅਜੇ ਜਾਂਚ ਚੱਲ ਰਹੀ ਹੈ।ਇਸ ਮਾਮਲੇ ‘ਚ ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਥੋਂ ਲਗਾਇਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੇ ਸ਼ਰਾਬ ਘੁਟਾਲਾ ਮਾਮਲੇ ਨੂੰ ਫਰਜ਼ੀ ਕਰਾਰ ਦਿੱਤਾ ਹੈ।ਕੇਜ਼ਰੀਵਾਲ ਦਾ ਕਹਿਣਾ ਹੈ ਕਿ ਸਿਸੋਦੀਆ ਵਿੱਰੁਧ ਜਾਂਚ ‘ਚ ਕੁਝ ਵੀ ਨਹੀਂ ਮਿਲਿਆ ਪਰ ਉਸਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਪਹਿਲਾਂ ਵੀ ਕੇਜ਼ਰੀਵਾਲ ਸਰਕਾਰ ਦੇ ਇਕ ਮੰਤਰੀ ਜੇਲ੍ਹ ‘ਚ ਬੈਠੇ ਹਨ ਅਤੇ ਆਏ ਦਿਨ ਉਸਦੀ ਨਵੀਂ ਵੀਡੀਓ ਵਾਇਰਲ ਹੋ ਰਹੀ ਹੈ।ਜੇਕਰ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਗੱਲ ਕੀਤੀ ਜਾਵੇ ਤਾਂ ਮੀਡੀਆ ਦੀ ਰਿਪੋਰਟਾਂ ਅਨੁਸਾਰ ਦਿੱਲੀ ਸਰਕਾਰ ਦੇ ਵਿਜੀਲੈਂਸ ਡਾਇਰੈਕਟੋਰੇਟ ਨੇ ਦਿੱਲੀ ਸਰਕਾਰ ਦੇ ਸਰਕਾਰੀ ਸਕੂਲਾਂ ‘ਚ ਜਮਾਤਾਂ ਦੇ ਨਿਰਮਾਣ ‘ਚ ਕਥਿਤ ਬੇਨਿਜ਼ਮੀਆਂ ਦੀ ਵਿਸ਼ੇਸ਼ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਜੇਕਰ ਦਿੱਲੀ ‘ਚ ਵੱਧ ਰਹੇ ਟਕਰਾਅ ਦਾ ਜ਼ਿਕਰ ਕੀਤਾ ਜਾਵੇ ਤਾਂ ਦਿੱਲੀ ਦੇ ਉਪ ਮੁੱਖ ਮੰਤਰੀ ਸਿਸੋਦੀਆ ਨੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਦੀ ਹੱਤਿਆ ਦਾ ਖਦਸ਼ਾ ਪ੍ਰਗਟ ਕੀਤਾ ਹੈ।ਉਨ੍ਹਾਂ ਨੇ ਸਿੱਧੇ ਤੌਰ ‘ਤੇ ਦਿੱਲੀ ਨਗਰ ਨਿਗਮ ਅਤੇ ਗੁਜਰਾਤ ‘ਚ ਹਾਰ ਦੇ ਡਰ ਤੋਂ ਭਾਜਪਾ ਸਿਰ ਸਾਜਿਸ਼ ਘੜਨ ਦਾ ਦੋਸ਼ ਲਗਾਇਆ ਹੈ। ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕੀਤਾ ਹੈ।ਇਹ ਵੀ ਹੁਣ ਜਾਂਚ ਦਾ ਵਿਸ਼ਾ ਹੈ ਕਿ ਇਸ ਦੇਸ਼ ਅੰਦਰ ਰਾਜਸੀ ਧਿਰਾਂ ਸਤਾ ‘ਤੇ ਕਾਬਜ਼ ਹੋਣ ਲਈ ਇਕ ਦੂਜੇ ਵਿਰੁੱਧ ਦੋਸ਼ ਲਾ ਰਹੀਆਂ ਹਨ ।ਜੇਕਰ ਅਜਿਹੇ ਦੋਸ਼ਾਂ ‘ਚ ਸਚਾਈ ਹੈ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡਾ ਜਮਹੂਰੀ ਤੰਤਰ ਕਿਹੋ ਜਿਹੇ ਖ਼ਤਰਨਾਕ ਦੌਰ ਵਿੱਚੋਂ ਲੰਘ ਰਿਹਾ ਹੈ। ਦਿੱਲੀ ਅਤੇ ਪੰਜਾਬ ‘ਚ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਕਈ ਘੁਟਾਲਿਆਂ ਬਾਰੇ ਕੌਮੀ ਅਤੇ ਸੁਬਾਈ ਏਜੰਸੀਆਂ ਜਾਂਚ ਕਰ ਰਹੀਆਂ ਹਨ। ਅਜਿਹੀ ਸਥਿਤੀ ‘ਚ ਜਾਂਚ ਏਜੰਸੀਆਂ ਉੱਪਰ ਵੀ ਪੱਖਪਤੀ ਜਾਂਚ ਦੇ ਦੋਸ਼ ਲੱਗ ਰਹੇ ਹਨ। ਇਸ ਦੇਸ਼ ਨੂੰ ਚੰਗੇ ਭੱਵਿਖ ਦਾ ਸੁਪਨਾ ਵਿਖਾਉਣ ਵਾਲੇ ਰਾਜਸੀ ਨੇਤਾਵਾਂ ਅਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਨੂੰ ਲੈ ਕੇ ਉੱਠ ਰਹੇ ਸਵਾਲ ਘੱਟੋ-ਘੱਟ ਇਸ ਦੇਸ਼ ਦੇ ਲੋਕਾਂ ਲਈ ਚਿੰਤਾ ਦਾ ਕਾਰਨ ਜ਼ਰੂਰ ਬਣ ਰਹੇ ਹਨ। ਵੱਡਾ ਸਵਾਲ ਇਹ ਵੀ ਹੈ ਕਿ ਇਸ ਦੇਸ਼ ਦੇ ਆਗੂ ਦੂਹਰੇ ਮਾਪਦੰਡਾ ਤੋਂ ਕਦੋਂ ਬਾਹਰ ਆਉਣਗੇ?

- Advertisement -

Share this Article
Leave a comment