ਬਾਗ਼ਬਾਨੀ ਵਿਭਾਗ ਨੂੰ ਮਜ਼ਬੂਤ ਕਰਨ ਲਈ 336 ਆਸਾਮੀਆਂ ’ਤੇ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼: ਚੇਤਨ ਸਿੰਘ ਜੌੜਾਮਾਜਰਾ

Rajneet Kaur
2 Min Read

ਚੰਡੀਗੜ੍ਹ:   ਸੂਬੇ ਵਿੱਚ ਫ਼ਸਲੀ ਵਿਭਿੰਨਤਾ ਨੂੰ ਹੋਰ ਤੀਬਰ ਢੰਗ ਨਾਲ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਬਾਗ਼ਬਾਨੀ ਮੰਤਰੀ  ਚੇਤਨ ਸਿੰਘ ਜੌੜਾਮਾਜਰਾ ਨੇ ਵਿਭਾਗ ਨੂੰ ਮਜ਼ਬੂਤ ਕਰਨ ਵੱਲ ਕਦਮ ਵਧਾਉਂਦਿਆਂ ਉਨ੍ਹਾਂ ਕਿਹਾ ਕਿ 111 ਬਾਗ਼ਬਾਨੀ ਵਿਕਾਸ ਅਫ਼ਸਰਾਂ ਸਮੇਤ ਕੁੱਲ 336 ਵੱਖ-ਵੱਖ ਆਸਾਮੀਆਂ ’ਤੇ ਛੇਤੀ ਭਰਤੀ ਕੀਤੀ ਜਾਵੇਗੀ।

ਜੌੜਾਮਾਜਰਾ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਿੱਤ ਵਿਭਾਗ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਵੱਖ-ਵੱਖ ਆਸਾਮੀਆਂ ਦੀ ਭਰਤੀ ਲਈ ਪੰਜਾਬ ਲੋਕ ਸੇਵਾ ਕਮਿਸ਼ਨ ਅਤੇ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਨੂੰ ਤੁਰੰਤ ਕੇਸ ਬਣਾ ਕੇ ਭੇਜਣ।ਕੈਬਨਿਟ ਮੰਤਰੀ ਨੇ ਕਿਹਾ ਕਿ ਵਿਭਾਗ ਵਿੱਚ ਬਾਗ਼ਬਾਨੀ ਵਿਕਾਸ ਅਫ਼ਸਰਾਂ ਦੀਆਂ 111, ਬੇਲਦਾਰਾਂ/ਮਾਲੀਆਂ ਦੀਆਂ 217 ਅਤੇ ਚੌਕੀਦਾਰਾਂ ਦੀਆਂ 8 ਆਸਾਮੀਆਂ ਖ਼ਾਲੀ ਹਨ, ਜਿਨ੍ਹਾਂ ਨੂੰ ਭਰਨ ਨਾਲ ਜਿੱਥੇ ਵਿਭਾਗ ਦਾ ਕੰਮ ਸੁਚਾਰੂ ਢੰਗ ਨਾਲ ਚਲ ਸਕੇਗਾ। ਕਿਸਾਨਾਂ ਨੂੰ ਵੀ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਕੱਢਣ ਲਈ ਜਾਗਰੂਕਤਾ ਮੁਹਿੰਮ ਵਧੀਆ ਢੰਗ ਨਾਲ ਚਲਾਈ ਜਾ ਸਕੇਗੀ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਤੋਂ ਇਲਾਵਾ ਹੋਰ ਤਕਨੀਕੀ ਸਟਾਫ਼ ਜਿਵੇਂ ਹਾਰਟੀਕਲਚਰ ਟੈਕਨੀਕਲ ਅਸਿਸਟੈਂਟ, ਸਬ-ਇੰਸਪੈਕਟਰ, ਕਲਰਕ ਅਤੇ ਟਾਟਾ ਐਂਟਰੀ ਆਪ੍ਰੇਟਰਾਂ ਦੀ ਪੈਸਕੋ ਰਾਹੀਂ ਭਰਤੀ ਕਰਨ ਸਬੰਧੀ ਪ੍ਰਕਿਰਿਆ ਵੀ ਅਮਲ ਵਿੱਚ ਲਿਆਂਦੀ ਜਾਵੇ।

ਵਿਭਾਗ ਵਿੱਚ ਜੁਆਇੰਟ ਡਾਇਰੈਕਟਰ, ਡਿਪਟੀ ਡਾਇਰੈਕਟਰ ਅਤੇ ਸਹਾਇਕ ਡਾਇਰੈਕਟਰ ਦੀਆਂ ਤਰੱਕੀਆਂ ਸਬੰਧੀ ਕਾਰਵਾਈ ਤੇਜ਼ ਕਰਨ ਦੀ ਹਦਾਇਤ ਕਰਦਿਆਂ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਵਿਭਾਗ ਦੀਆਂ ਹੋਰਨਾਂ ਆਸਾਮੀਆਂ ਦੇ ਸੇਵਾ ਨਿਯਮਾਂ ਦੀ ਸਮਾਂਬੱਧ ਤਰੀਕੇ ਨਾਲ ਰੀ-ਸਟ੍ਰਕਚਰਿੰਗ ਯਕੀਨੀ ਬਣਾਈ ਜਾਵੇ ਅਤੇ ਸੂਬੇ ਭਰ ਵਿੱਚ ਜਿਥੇ ਬਾਗ਼ਬਾਨੀ ਦੇ ਦਫ਼ਤਰ ਨਹੀਂ ਹਨ। ਉਥੇ ਬਣਾਏ ਜਾਣ ਅਤੇ ਖ਼ਸਤਾ ਹਾਲ ਦਫ਼ਤਰਾਂ ਨੂੰ ਨਵਿਆਉਣ ਸਣੇ ਸਾਰੇ ਬਲਾਕ/ਤਹਿਸੀਲ ਪੱਧਰ ਦੇ ਦਫ਼ਤਰਾਂ ਵਿੱਚ ਲੋੜੀਂਦੇ ਉਪਕਰਣ ਯਕੀਨੀ ਬਣਾਏ ਜਾਣ।

Share This Article
Leave a Comment