ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਵੱਲੋਂ ਹਰ ਹਫਤੇ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਵਿੱਚ ਇਸ ਵਾਰ ਵੱਖ-ਵੱਖ ਵਿਸ਼ਿਆਂ ਦੇ ਖੇਤੀ ਮਾਹਿਰ ਸ਼ਾਮਿਲ ਹੋਏ। ਇਹਨਾਂ ਮਾਹਿਰਾਂ ਨੇ ਕਿਸਾਨਾਂ ਨੂੰ ਚਲਦੇ ਮੌਸਮ ਦੀ ਲੋੜ ਅਨੁਸਾਰ ਖੇਤੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ । ਜੈਵਿਕ ਖੇਤੀ ਸਕੂਲ ਦੇ ਮਾਹਿਰ ਡਾ. ਸੋਹਣ ਸਿੰਘ ਵਾਲੀਆ ਨੇ ਸੰਯੁਕਤ ਖੇਤੀ ਪ੍ਰਬੰਧ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ । ਉਹਨਾਂ ਦੱਸਿਆ ਕਿ ਸੰਗਠਿਤ ਖੇਤੀ ਪ੍ਰਣਾਲੀ ਖੇਤੀ ਉਤਪਾਦਨ ਨੂੰ ਵਧਾਉਣ, ਵਾਤਾਵਰਨ ਪੱਖੀ ਅਤੇ ਛੋਟੇ ਕਿਸਾਨਾਂ ਲਈ ਆਰਥਿਕ ਮਿਆਰ ਉੱਚਾ ਚੁੱਕਣ ਦਾ ਇੱਕ ਢੁੱਕਵਾਂ ਹੱਲ ਹੈ । ਇਸ ਪ੍ਰਣਾਲੀ ਵਿੱਚ ਫ਼ਸਲਾਂ, ਡੇਅਰੀ, ਮੱਛੀ ਪਾਲਣ, ਵਣ ਖੇਤੀ, ਖੇਤੀ ਬਾਗਬਾਨੀ ਆਦਿ ਦੇ ਅਨੁਕੂਲ ਰੁਜ਼ਗਾਰ ਪੈਦਾ ਕਰਨ ਲਈ ਸਹਾਈ ਹੈ।
ਜੁਆਲੋਜੀ ਵਿਭਾਗ ਦੇ ਮੁਖੀ ਡਾ. ਨੀਨਾ ਸਿੰਗਲਾ ਨੇ ਹਾੜੀ ਦੀਆਂ ਫ਼ਸਲਾਂ ਵਿੱਚ ਚੂਹਿਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ । ਉਹਨਾਂ ਦੱਸਿਆ ਕਿ ਚੂਹਿਆਂ ਤੋਂ ਕਿੰਨੀ ਮਿਕਦਾਰ ਵਿੱਚ ਫ਼ਸਲ ਪ੍ਰਭਾਵਿਤ ਹੋ ਸਕਦੀ ਹੈ ਅਤੇ ਚੂਹਿਆਂ ਨੂੰ ਕਾਬੂ ਕਰਨ ਦੇ ਲਈ ਕਿਹੜੀਆਂ-ਕਿਹੜੀਆਂ ਵਿਧੀਆਂ ਕਾਰਗਰ ਸਿੱਧ ਹੁੰਦੀਆਂ ਹਨ । ਇਸ ਤੋਂ ਇਲਾਵਾ ਮਸ਼ੀਨੀ ਤਰੀਕੇ ਨਾਲ ਅਤੇ ਰਸਾਇਣ ਵਿਧੀ ਨਾਲ ਚੂਹਿਆਂ ਨੂੰ ਕਿਸ ਤਰਾਂ ਕਾਬੂ ਕੀਤਾ ਜਾ ਸਕਦਾ ਹੈ।
ਫ਼ਲ ਵਿਗਿਆਨ ਵਿਭਾਗ ਦੇ ਮਾਹਿਰ ਡਾ. ਜਸਵਿੰਦਰ ਸਿੰਘ ਬਰਾੜ ਨੇ ਫ਼ਲਦਾਰ ਬੂਟਿਆਂ ਨੂੰ ਲਾਉਣ ਦਾ ਸਹੀ ਸਮਾਂ ਦੱਸਦਿਆਂ ਫ਼ਲਦਾਰ ਬੂਟਿਆਂ ਉੱਪਰ ਆਉਣ ਵਾਲੇ ਕੀੜਿਆਂ ਦੀ ਰੋਕਥਾਮ ਦੇ ਤਰੀਕੇ ਦੱਸੇ । ਉਹਨਾਂ ਨੇ ਬਾਗਾਂ ਦੇ ਵਿੱਚ ਬਿਨਾਂ ਰਸਾਇਣ ਵਰਤੇ ਨਦੀਨਾਂ ਦੀ ਰੋਕਥਾਮ ਕਰਨ ਅਤੇ ਪੱਤਾ ਪਰਖ ਵਿਧੀ ਰਾਹੀਂ ਖੁਰਾਕੀ ਤੱਤਾਂ ਦੀ ਘਾਟ ਪੂਰਤੀ ਬਾਰੇ ਅੰਦਾਜ਼ਾ ਲਾਉਣ ਬਾਰੇ ਅਹਿਮ ਨੁਕਤੇ ਸਾਂਝੇ ਕੀਤੇ।
ਪੀ.ਏ.ਯੂ. ਦੇ ਖੇਤੀ ਸਾਹਿਤ ਦੀ ਵਿਕਰੀ ਨਾਲ ਸੰਬੰਧਿਤ ਸ੍ਰੀ ਦੀਪਕ ਭਾਟੀਆ ਨੇ ਪੀ.ਏ.ਯੂ. ਦੀਆਂ ਪ੍ਰਕਾਸ਼ਨਾਵਾਂ ਪ੍ਰਾਪਤ ਕਰਨ ਦੇ ਢੰਗਾਂ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਪੀ.ਏ.ਯੂ. ਵੱਲੋਂ ਸਾਹਿਤ ਦੀ ਵਿਕਰੀ ਲਈ ਵੱਖ-ਵੱਖ ਥਾਵਾਂ ਤੇ ਸਟਾਲ ਲਾਏ ਜਾਂਦੇ ਹਨ । ਇਸ ਦੇ ਨਾਲ ਹੀ ਸ੍ਰੀ ਭਾਟੀਆ ਨੇ ਆਨਲਾਈਨ ਮੈਂਬਰਸ਼ਿਪ ਅਤੇ ਸਾਹਿਤ ਖਰੀਦ ਦੀ ਪ੍ਰਕਿਰਿਆ ਸਾਂਝੀ ਕੀਤੀ।