ਵਿਰਸੇ ਦੇ ਵਾਰਸੋ ਸੰਭਾਲ ਲਓ ਵਿਰਸਾ

TeamGlobalPunjab
4 Min Read

 

-ਪ੍ਰੋ: ਪਰਮਜੀਤ ਸਿੰਘ ਨਿੱਕੇ ਘੁੰਮਣ

 

‘‘ਜਿਨ੍ਹਾਂ ਲੋਕਾਂ ਨੂੰ ਆਪਣੇ ਇਤਿਹਾਸ, ਸੱਭਿਆਚਾਰ ਤੇ ਵਿਰਸੇ ਦਾ ਪਤਾ ਨਹੀਂ
ਉਹ ਅਜਿਹੇ ਰੁੱਖ ਹਨ ਜਿਨ੍ਹਾਂ ਦੀਆਂ ਜੜ੍ਹਾਂ ਨਹੀਂ ਹਨ।’’ -ਸੈਮੂਅਲ ਹਟਿੰਗਟਨ।

- Advertisement -

ਅੱਜ ਵਿਸ਼ਵ ਵਿਰਾਸਤ ਦਿਵਸ ਹੈ। ਇਹ ਦਿਵਸ ਆਪਣੇ ਵਿਰਸੇ ਨੂੰ ਪਛਾਣਨ, ਸੰਭਾਲਣ ਤੇ ਸਦਾ ਚੇਤੇ ਰੱਖਣ ਦਾ ਦਿਵਸ ਹੈ। ਅਜੋਕੀ ਨੌਜਵਾਨ ਪੀੜ੍ਹੀ ਜੋ ਕਿ ਆਪਣੇ ਵਿਰਸੇ ਤੋਂ ਕੋਹਾਂ ਦੂਰ ਜਾ ਚੁੱਕੀ ਹੈ, ਨੂੰ ਆਪਣੇ ਅਮੀਰ ਵਿਰਸੇ ਪ੍ਰਤੀ ਜਾਗਰੂਕ ਕਰਕੇ ਵਿਰਸਾ ਸੰਭਾਲ ਲਈ ਤਿਆਰ ਕਰਨ ਲਈ ਅੱਜ ਤੋਂ ਸੁਭਾਗਾ ਦਿਨ ਕੋਈ ਹੋਰ ਨਹੀਂ ਹੋ ਸਕਦਾ ਹੈ। ਇਹ ਦਿਵਸ ਹਰੇਕ ਮੁਲਕ ਤੇ ਖਿੱਤੇ ਵਿੱਚ ਵੱਸਦੇ ਲੋਕਾਂ ਨੂੰ ਆਪਣੇ ਇਲਾਕੇ ਦੀਆਂ ਵਿਰਾਸਤੀ ਥਾਵਾਂ, ਇਮਾਰਤਾਂ ਤੇ ਕਦਰਾਂ-ਕੀਮਤਾਂ ਦੀ ਸੰਭਾਲ ਕਰਨ ਲਈ ਅੱਗੇ ਆਉਣ ਦਾ ਸੰਦੇਸ਼ ਦਿੰਦਾ ਹੈ।

ਦਰਅਸਲ ਕੌਮਾਂਤਰੀ ਵਿਰਾਸਤੀ ਸਮਾਰਕ ਕੌਂਸਲ ਨਾਮਕ ਸੰਸਥਾ ਨੇ ਸੰਨ 1982 ਵਿੱਚ ਟਿਊਨੀਸ਼ੀਆ ਵਿਖੇ ਹੋਏ ਇੱਕ ਕੌਮਾਂਤਰੀ ਸੈਮੀਨਾਰ ਦੌਰਾਨ ਇਸ ਦਿਵਸ ਨੂੰ ਮਨਾਉਣ ਦਾ ਸੁਝਾਅ ਦਿੱਤਾ ਸੀ ਜਿਸਨੂੰ ਸੰਨ 1983 ਵਿੱਚ ਯੂਨੇਸਕੋ ਦੀ ਜਨਰਲ ਅਸੈਂਬਲੀ ਦੇ 22ਵੇਂ ਸੈਸ਼ਨ ਵਿੱਚ ਪ੍ਰਵਾਨ ਕਰ ਲਿਆ ਗਿਆ ਸੀ। ਇਥੇ ਇਹ ਵੀ ਵਰਣਨਯੋਗ ਹੈ ਕਿ ਉਕਤ ਕੌਂਸਲ ਦੀ ਸਥਾਪਨਾ ਕੌਮਾਂਤਰੀ ਸਮਾਰਕਾਂ ਦੀ ਸੰਭਾਲ ਲਈ ਸੰਨ 1964 ਵਿੱਚ ਬਣੇ‘ ਵੀਨਸ ਚਾਰਟਰ’ ਦੇ ਸਿਧਾਂਤਾਂ ਦੇ ਆਧਾਰ ‘ਤੇ ਕੀਤੀ ਗਈ ਸੀ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਉਦੇਸ਼ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਪ੍ਰਤੀ ਜਾਗਰੂਕਤਾ ਨੂੰ ਦੁਨੀਆਂ ਭਰ ਵਿੱਚ ਫੈਲਾਉਣਾ ਹੈ ਅਤੇ ਸਾਲ 2020 ਵਿੱਚ ਇਸ ਦਿਵਸ ਦਾ ਥੀਮ ਸੀ – ‘ਸੱਭਿਆਚਾਰ ਦੀ ਸਾਂਝ ਪਾਓ, ਵਿਰਸੇ ਦੀ ਸਾਂਝ ਪਾਓ ਅਤੇ ਇਨ੍ਹਾ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਦੀ ਵੀ ਸਾਂਝ ਪਾਓ।’

ਵਿਰਸਾ ਸੰਭਾਲ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਵਿਸ਼ਵ ਦੀ ਵੱਡੀ ਹਸਤੀ ਸ੍ਰੀ ਨੈਲਸਨ ਮੰਡੇਲਾ ਨੇ ਕਿਹਾ ਸੀ-‘‘ ਸਾਡੇ ਅਮੀਰ ਤੇ ਭਿੰਨਤਾ ਪੂਰਨ ਵਿਰਸੇ ਵਿੱਚ ਉਹ ਅਦਭੁੱਤ ਤਾਕਤ ਹੈ ਜੋ ਸਾਡੇ ਰਾਸ਼ਟਰ ਨਿਰਮਾਣ ਵਿੱਚ ਮਦਦ ਕਰ ਸਕਦੀ ਹੈ। ’’ ਉਨ੍ਹਾ ਦੇ ਇਹ ਬੋਲ ਜੇਕਰ ਭਾਰਤ ‘ਤੇ ਲਾਗੂ ਕਰਕੇ ਵੇਖੇ ਜਾਣ ਤਾਂ ਇਹ ਅੱਖਰ-ਅੱਖਰ ਸੱਚ ਜਾਪਦੇ ਹਨ ਕਿਉਂਕਿ ਭਾਰਤ ਦੇ ਇਤਿਹਾਸ,ਸੱਭਿਆਚਾਰ ਤੇ ਵਿਰਸੇ ਵਿੱਚ ਉਹ ਕਦਰਾਂ-ਕੀਮਤਾਂ ਤੇ ਪ੍ਰੰਪਰਾਵਾਂ ਹਨ ਜਿਨ੍ਹਾ ਦੀ ਅਜੋਕੇ ਸਮਾਜ ਨੂੰ ਭਾਰੀ ਲੋੜ ਹੈ ਤੇ ਇਨ੍ਹਾ ਵਿਰਸੇ ਵਿੱਚ ਮਿਲੀਆਂ ਦਾਤਾਂ ਵਿੱਚ ਬਜ਼ੁਰਗਾਂ ਦਾ ਸਤਿਕਾਰ,ਮੁਲਕ ਪ੍ਰਤੀ ਵਫ਼ਾਦਾਰੀ,ਸਮਾਜ ਪ੍ਰਤੀ ਉਸਾਰੂ ਰਵੱਈਆ ਤੇ ਸੱਚ ਲਈ ਕੁਰਬਾਨ ਹੋ ਜਾਣਾ ਆਦਿ ਵੀ ਸ਼ਾਮਿਲ ਹਨ।

ਭਾਰਤੀ ਪੁਰਾਤਤਵ ਵਿਭਾਗ ਸਾਡੀਆਂ ਇਤਿਹਾਸਕ ਤੇ ਵਿਰਾਸਤੀ ਮਹੱਤਵ ਵਾਲੀਆਂ ਥਾਵਾਂ ਦੀ ਦੇਖ਼ਭਾਲ ਤੇ ਉਨ੍ਹਾ ਦੀ ਪੁਨਰ ਸਿਰਜਣਾ ਲਈ ਜ਼ਿੰਮੇਵਾਰ ਸੰਸਥਾ ਹੈ ਤੇ ਆਪਣੇ ਕਾਰਜ ਪ੍ਰਤੀ ਯਤਨਸ਼ੀਲ ਵੀ ਹੈ ਪਰ ਫੰਡਾਂ ਦੀ ਘਾਟ ਕਰਕੇ ਇਹ ਸੰਸਥਾ ਆਪਣਾ ਫ਼ਰਜ਼ ਪੂਰੀ ਤਰ੍ਹਾਂ ਨਿਭਾਅ ਨਹੀਂ ਪਾ ਰਹੀ ਹੈ। ਸਾਡਾ ਵੀ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਆਸਪਾਸ ਦੀਆਂ ਇਤਿਹਾਸਕ ਤੇ ਵਿਰਾਸਤੀ ਇਮਾਰਤਾਂ ਦੀ ਅਸਲ ਦਿੱਖ ਬਰਕਰਾਰ ਰੱਖਣ ਅਤੇ ਉਨ੍ਹਾ ਦੀ ਸਾਂਭ-ਸੰਭਾਲ ਤੇ ਸਾਫ਼-ਸਫ਼ਾਈ ਰੱਖਣ ਵਿੱਚ ਆਪਣਾ ਭਰਪੂਰ ਯੋਗਦਾਨ ਪਾਈਏ। ਸਾਡੇ ਮੁਲਕ ਦੀਆਂ ਧਾਰਮਿਕ ਜਥੇਬੰਦੀਆਂ ਦਾ ਇਹ ਕਰਤੱਵ ਬਣਦਾ ਹੈ ਕਿ ਉਹ ਵੀ ਵਿਰਾਸਤੀ ਮਹੱਤਵ ਵਾਲੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੀ ਸੰਭਾਲ ਤੇ ਪੁਨਰ ਨਿਰਮਾਣ ਸਮੇਂ ਸੰਗਮਰਮਰ ਤੇ ਸੋਨਾ ਲਗਾਉਣ ਦੀ ਥਾਂ ਉਨ੍ਹਾ ਦਾ ਵਿਰਾਸਤੀ ਰੂਪ ਬਰਕਰਾਰ ਰੱਖਣ ਲਈ ਹਰੇਕ ਹੀਲਾ ਕਰਨ ਤੇ ਅੱਜ ਮੌਜੂਦ ਆਧੁਨਿਕ ਤਕਨੀਕ ਤੇ ਸਾਧਨ ਜ਼ਰੂਰ ਵਰਤਣ।

ਦੁਨੀਆਂ ਭਰ ਵਿੱਚ ਮਸ਼ਹੂਰ ਕੁਝ ਵਿਰਾਸਤੀ ਇਮਾਰਤਾਂ ਤੇ ਸਥਾਨਾਂ ਦਾ ਜੇ ਜ਼ਿਕਰ ਕੀਤਾ ਜਾਵੇ ਤਾਂ ਉਨ੍ਹਾ ਵਿੱਚ ‘ਸ੍ਰੀ ਹਰਿਮੰਦਰ ਸਾਹਿਬ, ਲਾਲ ਕਿਲਾ, ਤਾਜ ਮਹੱਲ, ਹਮਾਯੂੰ ਦਾਮਕਬਰਾ, ਕੁਤੁਬ ਮੀਨਾਰ, ਕੋਣਾਰਕਮੰਦਿਰ, ਚੀਨ ਦੀ ਦੀਵਾਰ,ਪੀਸਾ ਦੀ ਮੀਨਾਰ, ਅਜੰਤਾ-ਏਲੋਰਾ ਦੀਆਂ ਗੁਫ਼ਾਵਾਂ, ਵੈਟੀਕਨ ਸਿਟੀ, ਮਾਊਂਟ ਸੇਂਟ ਮਾਈਕਲ, ਸਟੇਚੂ ਆਫ਼ ਲਿਬਰਟੀ, ਮਿਸਰ ਦੇ ਪਿਰਾਮਿਡ’ ਆਦਿ ਦਾ ਸ਼ੁਮਾਰ ਹੁੰਦਾ ਹੈ ਜੋ ਚੱਤੇ ਪਹਿਰ ਅੱਜ ਵੀ ਹਰੇਕ ਨੂੰ ਆਪਣੇ ਅਮੀਰ ਵਿਰਸੇ ਨੂੰ ਨੇੜਿਉਂ ਤੱਕਣ, ਪਛਾਣਨ, ਸੰਭਾਲਣ ਤੇ ਉਸ ਤੋਂ ਕੁਝ ਸਿੱਖਣ ਦਾ ਸੰਦੇਸ਼ ਦੇ ਰਹੇ ਹਨ।

- Advertisement -

 

ਮੋਬਾਇਲ: 97816-46008

Share this Article
Leave a comment