ਚੀਨ-ਭਾਰਤ ਤਣਾਅ : ਭਾਰਤੀ ਫੌਜ ਨੇ ਫਿੰਗਰ 4 ਦੀਆਂ ਕਈ ਚੋਟੀਆਂ ‘ਤੇ ਕੀਤਾ ਕਬਜ਼ਾ

TeamGlobalPunjab
2 Min Read

ਨਵੀਂ ਦਿੱਲੀ : ਭਾਰਤ ਅਤੇ ਚੀਨ ਵਿਚਾਲੇ ਅਸਲ ਕੰਟਰੋਲ ਰੇਖਾ ‘ਤੇ ਤਣਾਅ ਲਗਾਤਾਰ ਜਾਰੀ ਹੈ। ਭਾਰਤੀ ਫੌਜ ਨੇ ਲੱਦਾਖ ‘ਚ ਜਾਰੀ ਤਣਾਅ ਵਿਚਾਲੇ ਚੀਨ ‘ਤੇ ਆਪਣੀ ਧਾਕ ਜਮਾਈ ਹੋਈ ਹੈ ਅਤੇ ਚੀਨੀ ਹਮਲਿਆਂ ਦਾ ਢੁੱਕਵਾਂ ਜਵਾਬ ਦੇ ਰਹੀ ਹੈ। ਸੂਤਰਾਂ ਅਨੁਸਾਰ ਭਾਰਤੀ ਫੌਜ ਨੇ ਹੁਣ ਪੈਂਗੋੋਂਗ ਤਸੋ ਝੀਲ ਦੇ ਕੰਡੇ ਫਿੰਗਰ 4 ਦੇ ਕੋਲ ਕਈ ਚੋਟੀਆਂ ‘ਤੇ ਕਬਜ਼ਾ ਕਰਕੇ ਚੀਨ ਦੇ ਸਾਹਮਣੇ ਆਪਣੀ ਸਥਿਤੀ ਮਜ਼ਬੂਤ ​​ਕੀਤੀ ਹੈ। ਸੂਤਰਾਂ ਅਨੁਸਾਰ ਭਾਰਤੀ ਫੌਜ ਨੇ ਅਗਸਤ ਦੇ ਅਖੀਰ ‘ਚ ਹੀ ਪੈਂਗੋਂਗ ਤਸੋ ਝੀਲ ਦੇ ਦੱਖਣੀ ਸਿਰੇ ‘ਤੇ ਸਥਿਤ ਉੱਚੇ ਇਲਾਕਿਆਂ ‘ਤੇ ਕਬਜ਼ਾ ਕਰਨ ਲਈ ਆਪਰੇਸ਼ਨ ਸ਼ੁਰੂ ਕਰ ਦਿੱਤਾ ਸੀ।

ਦੱਸ ਦਈਏ ਕਿ ਚੀਨੀ ਫੌਜ ਵੱਲੋੋਂ ਲਗਾਤਾਰ ਭਾਰਤੀ ਖੇਤਰਾਂ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੀਨੀ ਫੌਜ ਨੇ ਬੀਤੀ 29-30 ਅਗਸਤ ਨੂੰ ਪੈਂਗੋਂਗ ਤਸੋ ਝੀਲ ਦੇ ਦੱਖਣੀ ਸਿਰੇ ‘ਤੇ ਕਬਜ਼ਾ ਕਰਨ ਦੀ ਨਾਪਾਕ ਕੋਸ਼ਿਸ਼ ਕੀਤੀ ਸੀ ਜਿਸ ਨੂੰ ਭਾਰਤੀ ਫੌਜ ਨੇ ਨਾਕਾਮ ਕਰ ਦਿੱਤਾ। ਇਸ ਤੋਂ ਬਾਅਦ ਵੀ ਚੀਨੀ ਫੌਜ ਨੇ ਤਿੰਨ ਵਾਰ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਫੌਜ ਨੇ ਚੀਨੀ ਫੌਜ ਨੂੰ ਮੂੰਹ ਤੋੜਵਾ ਜਵਾਬ ਦਿੱਤਾ।

ਜ਼ਿਕਰਯੋਗ ਹੈ ਕਿ ਪੂਰਬੀ ਲੱਦਾਖ ‘ਚ ਅਸਲ ਕੰਟਰੋਲ ਰੇਖਾ ‘ਤੇ ਤਣਾਅ ਦੇ ਮੱਦੇਨਜ਼ਰ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਵਾਂਗ ਯੀ ਵਿਚਕਾਰ ਰੂਸ ਦੀ ਰਾਜਧਾਨੀ ਮਾਸਕੋ ‘ਚ ਗੱਲਬਾਤ ਜਾਰੀ ਹੈ। ਇਸ ਦੇ ਨਾਲ ਹੀ ਪੂਰਬੀ ਲੱਦਾਖ ‘ਤੇ ਤਣਾਅ ਘੱਟ ਕਰਨ ਲਈ ਬੀਤੇ ਦਿਨ ਬ੍ਰਿਗੇਡ ਕਮਾਂਡਰ ਅਤੇ ਕਮਾਂਡਿੰਗ ਅਧਿਕਾਰੀ ਪੱਧਰ ਦੀ ਗੱਲਬਾਤ ਹੋਈ। ਭਾਰਤੀ ਸੈਨਾ ਦੇ ਸੂਤਰਾਂ ਅਨੁਸਾਰ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦਰਮਿਆਨ ਸੰਪਰਕ ਲਾਈਨ ਖੋਲ੍ਹਣ ਦੇ ਮੁੱਦੇ ‘ਤੇ ਗੱਲਬਾਤ ਕੀਤੀ।

Share this Article
Leave a comment