ਅਮਰੀਕਾ ਦੇ ਵਾਲਮਾਰਟ ਸਟੋਰ ‘ਚ ਅੰਨ੍ਹੇਵਾਹ ਗੋਲੀਬਾਰੀ, ਹੁਣ ਤੱਕ 10 ਲੋਕਾਂ ਦੀ ਮੌਤ

Rajneet Kaur
3 Min Read

ਵਰਜੀਨੀਆ : ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਵਰਜੀਨੀਆ ਦੇ ਵਾਲਮਾਰਟ ਵਿੱਚ ਹੋਈ ਗੋਲੀਬਾਰੀ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਚੈਸਪੀਕ, ਵਰਜੀਨੀਆ ਵਿੱਚ ਦੇਰ ਸ਼ਾਮ ਦੀ ਇਸ ਘਟਨਾ ਵਿੱਚ ਪੁਲਿਸ ਨੇ ਸ਼ੂਟਰ ਨੂੰ ਵੀ ਮਾਰ ਦਿੱਤਾ ਹੈ।

ਪੁਲਿਸ ਮੁਤਾਬਕ ਮੰਗਲਵਾਰ ਰਾਤ ਕਰੀਬ 10:12 ਵਜੇ ਪੁਲਿਸ ਨੂੰ ਵਾਲਮਾਰਟ ਦੇ ਅੰਦਰ ਗੋਲੀਬਾਰੀ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਪੁਲਿਸ ਟੀਮ ਤੁਰੰਤ ਹਰਕਤ ‘ਚ ਆ ਗਈ ਅਤੇ ਸਟੋਰ ਨੂੰ ਘੇਰ ਲਿਆ। ਜਦੋਂ ਇੱਕ ਟੀਮ ਅੰਦਰ ਦਾਖਲ ਹੋਈ ਤਾਂ ਫਾਇਰਿੰਗ ਕਰਨ ਵਾਲਾ ਵਿਅਕਤੀ ਮਰ ਚੁੱਕਾ ਸੀ। ਪੁਲਿਸ ਨੇ ਦੱਸਿਆ ਕਿ ਇਸ ਗੋਲੀਬਾਰੀ ਵਿੱਚ ਦਸ ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਇਹ ਅੰਕੜਾ ਵਧ ਵੀ ਸਕਦਾ ਹੈ।

ਇਸ ਦੇ ਨਾਲ ਹੀ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੋਲੀਬਾਰੀ ਕਰਨ ਵਾਲੇ ਨੇ ਬਾਅਦ ‘ਚ ਖੁਦ ਨੂੰ ਗੋਲੀ ਮਾਰ ਲਈ ਜਾਂ ਉਹ ਪੁਲਿਸ ਦੀ ਗੋਲੀਬਾਰੀ ਦਾ ਸ਼ਿਕਾਰ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਨੇ ਪੁਲਿਸ ‘ਤੇ ਗੋਲੀ ਨਹੀਂ ਚਲਾਈ। ਵਾਲਮਾਰਟ ਨੇ ਵੀ ਗੋਲੀਬਾਰੀ ਦੀ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ। ਕੰਪਨੀ ਨੇ ਅਧਿਕਾਰਤ ਬਿਆਨ ਜਾਰੀ ਕਰਦੇ ਹੋਏ ਕਿਹਾ, ”ਅਮਰੀਕੀ ਸਟੋਰ ‘ਚ ਵਾਪਰੀ ਘਟਨਾ ਤੋਂ ਅਸੀਂ ਹੈਰਾਨ ਹਾਂ।”

ਇਸੇ ਤਰ੍ਹਾਂ ਦੀ ਗੋਲੀਬਾਰੀ ਦੀ ਘਟਨਾ ਕੁਝ ਦਿਨ ਪਹਿਲਾਂ ਕੋਲੋਰਾਡੋ ਦੇ ਇਕ LGBTQ ਨਾਈਟ ਕਲੱਬ ਵਿੱਚ ਦੇਖਣ ਨੂੰ ਮਿਲੀ ਸੀ। ਨਾਈਟ ਕਲੱਬ ‘ਚ ਹੋਈ ਗੋਲੀਬਾਰੀ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ 18 ਜ਼ਖਮੀ ਹੋ ਗਏ। ਅਮਰੀਕਾ ਸਥਿਤ ਕੋਲੋਰਾਡੋ ਸਪ੍ਰਿੰਗਜ਼ ‘ਚ ਐਤਵਾਰ ਰਾਤ ਨੂੰ ਇਕ ਹਮਲਾਵਰ ਨੇ ਗੋਲੀਬਾਰੀ ਕੀਤੀ, ਜਿਸ ਨੂੰ ਬਾਅਦ ‘ਚ ਹਿਰਾਸਤ ‘ਚ ਲੈ ਲਿਆ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

- Advertisement -

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਕੋਲੋਰਾਡੋ ਦੇ ਨਾਈਟ ਕਲੱਬ ‘ਚ ਗੋਲੀਬਾਰੀ ਦੀ ਘਟਨਾ ‘ਤੇ ਦੁੱਖ ਪ੍ਰਗਟ ਕੀਤਾ । ਰਾਸ਼ਟਰਪਤੀ ਬਾਇਡਨ ਨੇ ਕਿਹਾ ਸੀ ਕਿ ਅਮਰੀਕਾ ਕਦੇ ਵੀ ਨਫ਼ਰਤ ਨੂੰ ਬਰਦਾਸ਼ਤ ਨਹੀਂ ਕਰੇਗਾ ਤੇ ਨਾ ਹੀ ਕਰਨਾ ਚਾਹੀਦਾ ਹੈ। ਬਾਇਡਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਉਦੇਸ਼ ਅਸਮਾਨਤਾਵਾਂ ਨੂੰ ਦੂਰ ਕਰਨਾ ਹੈ ਜੋ ਐਲਜੀਬੀਟੀ ਲੋਕਾਂ ਵਿਰੁੱਧ ਹਿੰਸਾ ਵਿੱਚ ਯੋਗਦਾਨ ਪਾਉਂਦੀਆਂ ਹਨ ਤੇ ਇਹ ਕਿ ਉਹ ਨਫ਼ਰਤ ਨੂੰ ਬਰਦਾਸ਼ਤ ਨਹੀਂ ਕਰ ਸਕਦਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment