ਏਅਰ ਇੰਡੀਆ ਕੰਪਨੀ ਨੂੰ ਵੇਚਣ ਦਾ ਖਮਿਆਜ਼ਾ ਭੁਗਤ ਰਹੇ ਹਨ ਯੂਕਰੇਨ ‘ਚ ਫਸੇ ਭਾਰਤੀ : ਭਗਵੰਤ ਮਾਨ

TeamGlobalPunjab
4 Min Read

ਚੰਡੀਗੜ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਯੂਕਰੇਨ ਵਿੱਚ ਪੜ ਰਹੇ ਵਿਦਿਆਰਥੀਆਂ ਨੂੰ ਮੁਫ਼ਤ ਅਤੇ ਸੁਰੱਖਿਅਤ ਘਰ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ। ਮਾਨ ਨੇ ਇਹ ਵੀ ਮੰਗ ਕੀਤੀ ਕਿ ਏਅਰ ਲਾਇਨਜ਼ ਕੰਪਨੀਆਂ ਵੱਲੋਂ ਜਹਾਜ਼ਾਂ ਦੀਆਂ ਟਿੱਕਟਾਂ ਦੀਆਂ ਕੀਮਤਾਂ ‘ਚ ਕੀਤੇ ਗਏ ਕਈ ਗੁਣਾਂ ਵਾਧੇ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ, ਕਿਉਂਕਿ ਇਹ ਸੰਕਟ ‘ਚ ਘਿਰੇ ਲੋਕਾਂ ਦੀ ਅੰਨੀ ਲੁੱਟ ਹੈ, ਜਿਸ ਲਈ ਸਰਕਾਰ ਜ਼ਿੰਮੇਵਾਰ ਹੈ।

ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ, ”ਯੂਕਰੇਨ ਅਤੇ ਰੂਸ ਵਿਚਕਾਰ ਬਣੇ ਅਣਸੁਖਾਵੇਂ ਹਲਾਤ ਕਾਰਨ ਯੂਕਰੇਨ ਵਿੱਚ ਪੜ ਰਹੇ ਵਿਦਿਆਰਥੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਸਮੇਤ ਪੂਰੇ ਭਾਰਤ ਵਿਚੋਂ ਸੈਂਕੜੇ ਵਿਦਿਆਰਥੀ ਯੂਕਰੇਨ ‘ਚ ਮੈਡੀਕਲ ਦੀ ਪੜਾਈ ਕਰਨ ਲਈ ਗਏ ਸਨ। ਭਾਰਤ ਸਰਕਾਰ ਨੇ ਵਿਦਿਆਰਥੀਆਂ ਨੂੰ ਯੂਕਰੇਨ ਛੱਡ ਕੇ ਵਾਪਸ ਆਉਣ ਦੇ ਆਦੇਸ਼ ਤਾਂ ਜਾਰੀ ਕੀਤੇ ਹਨ, ਪਰ ਵਿਦਿਆਰਥੀਆਂ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਦਾ ਕੋਈ ਪ੍ਰਬੰਧ ਨਹੀਂ ਕੀਤਾ। ਨਾ ਕਿਸੇ ਏਅਰਲਾਇਨਜ਼ ਨੂੰ ਜ਼ਿੰਮੇਵਾਰੀ ਸੌਂਪੀ ਹੈ ਅਤੇ ਨਾ ਹੀ ਜਹਾਜਾਂ ਦੀਆਂ ਟਿੱਕਟਾਂ ਦੀਆਂ ਕੀਮਤਾਂ ‘ਤੇ ਕੰਟਰੋਲ ਕੀਤਾ ਗਿਆ ਹੈ।”

ਭਗਵੰਤ ਮਾਨ ਨੇ ਦੱਸਿਆ ਕਿ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੇ ਯੂਕਰੇਨ ਸਥਿਤ ਭਾਰਤੀ ਅੰਬੈਸੀ ‘ਤੇ ਕਿਸੇ ਵੀ ਤਰਾਂ ਸਹਿਯੋਗ ਨਾ ਕਰਨ ਦਾ ਦੋਸ਼ ਲਾਇਆ ਹੈ। ਜੋ ਕਿ ਬਹੁਤ ਮੰਦਭਾਗਾ ਹੈ। ਉਨਾਂ ਕਿਹਾ ਕਿ ਦੂਜੇ ਮੁਲਕ ਵਿੱਚ ਭਾਰਤ ਦੀ ਅੰਬੈਸੀ ਹੀ ਭਾਰਤੀਆਂ ਲਈ ਵੱਡਾ ਸਹਾਰਾ ਹੁੰਦੀ ਹੈ, ਪਰ ਭਾਰਤ ਸਰਕਾਰ ਨੇ ਭਾਰਤੀ ਅੰਬੈਸੀ ਦੇ ਸਟਾਫ਼ ਅਤੇ ਉਨਾਂ ਦੇ ਸਾਕ- ਸੰਬੰਧੀਆਂ ਨੂੰ ਪਹਿਲਾਂ ਹੀ ਭਾਰਤ ਬੁਲਾ ਲਿਆ, ਜਦੋਂ ਸੈਂਕੜੇ ਭਾਰਤੀ ਵਿਦਿਆਰਥੀ ਅਤੇ ਹੋਰ ਭਾਰਤੀ ਯਾਰਤੀ ਯੂਕਰੇਨ ਵਿੱਚ ਮਦਦ ਲਈ ਭਾਰਤੀ ਅੰਬੈਸੀ ਨੂੰ ਅਪੀਲਾਂ ਕਰ ਰਹੇ ਹਨ।

ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਵੱਲੋਂ ਏਅਰ ਇੰਡੀਆ ਕੰਪਨੀ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ‘ਤੇ ਦੁੱਖ ਜ਼ਾਹਰ ਕਰਦਿਆਂ ਭਗਵੰਤ ਮਾਨ ਨੇ ਕਿਹਾ, ”ਅੱਜ ਸੰਕਟ ਦੀ ਘੜੀ ਵਿੱਚ ਭਾਰਤ ਦੇ ਲੋਕ ਏਅਰ ਇੰਡੀਆ ਕੰਪਨੀ ਨੂੰ ਵੇਚਣ ਦਾ ਖਮਿਆਜ਼ਾ ਭੁਗਤ ਰਹੇ ਹਨ। ਭਾਰਤੀ ਲੋਕਾਂ ਕੋਲ ਆਪਣੀ ਕੋਈ ਸਰਕਾਰੀ ਏਅਰਲਾਇਨਜ਼ ਨਹੀਂ ਹੈ, ਜਿਹੜੀ ਉਨਾਂ ਦੇ ਬੱਚਿਆਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆ ਸਕੇ।”

- Advertisement -

ਮਾਨ ਨੇ ਕਿਹਾ ਕਿ ਜੰਗ ਦੇ ਸਮੇਂ ‘ਚ ਪ੍ਰਾਈਵੇਟ ਏਅਰਲਾਇਜ਼ ਕੰਪਨੀਆਂ ਵਿੱਤੀ ਲਾਭ ਕਮਾਉਣ ‘ਚ ਜੁੱਟ ਗਈਆਂ ਹਨ ਅਤੇ ਕੰਪਨੀਆਂ ਨੇ ਏਅਰ ਟਿਕਟਾਂ ਦੀਆਂ ਕੀਮਤਾਂ ਵਿੱਚ ਤਿੰਨ- ਤਿੰਨ ਗੁਣਾ ਵਾਧਾ ਕਰ ਦਿੱਤਾ ਹੈ। ਪਹਿਲਾਂ ਜਿਹੜੀ ਇੱਕ ਟਿਕਟ ਕੇਵਲ 25 ਹਜ਼ਾਰ ਰੁਪਏ ਦੀ ਵੇਚੀ ਜਾਂਦੀ ਸੀ, ਹੁਣ ਇਹ ਟਿਕਟ 75 ਹਜ਼ਾਰ ਰੁਪਏ ਵਿੱਚ ਵੇਚੀ ਜਾ ਰਹੀ ਹੈ। ਇਸ ਦੇ ਨਾਲ ਹੀ ਯੂਕਰੇਨ ਵਿੱਚ ਖਾਣ- ਪੀਣ ਦੀਆਂ ਵਸਤਾਂ ਅਤੇ ਹੋਰ ਘਰੇਲੂ ਸਮਾਨ ਦੀਆਂ ਕੀਮਤਾਂ ਵੀ ਅਸਮਾਨ ਛੂਹ ਰਹੀਆਂ ਹਨ, ਜਿਸ ਕਰਕੇ ਉਥੇ ਰਹਿ ਰਹੇ ਭਾਰਤੀ ਲੋਕਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਵੱਖ- ਵੱਖ ਜ਼ਿਲਿਆਂ ਦੇ ਸੈਂਕੜੇ ਵਿਦਿਆਰਥੀ ਯੂਕਰੇਨ ਵਿੱਚ ਪੜ ਰਹੇ ਹਨ ਅਤੇ ਉਨਾਂ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਦੀ ਚਿੰਤਾ ਪ੍ਰੇਸ਼ਾਨ ਕਰ ਰਹੀ ਹੈ। ਮਾਨ ਨੇ ਕੇਂਦਰ ਸਰਕਾਰ ਅਤੇ ਪੰਜਾਬ ਦੇ ਰਾਜਪਾਲ ਨੂੰ ਅਪੀਲ ਕੀਤੀ ਕਿ ਯੂਕਰੇਨ ‘ਚੋਂ ਪੰਜਾਬ ਸਮੇਤ ਦੇਸ਼ ਦੇ ਵਿਦਿਆਰਥੀਆਂ ਅਤੇ ਯਾਤਰੀਆਂ ਨੂੰ ਸੁਰੱਖਿਅਤ ਅਤੇ ਮੁਫ਼ਤ ਵਿੱਚ ਦੇਸ਼ ਵਾਪਸ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ। ਪ੍ਰਾਈਵੇਟ ਏਅਰ ਕੰਪਨੀਆਂ ਵੱਲੋਂ ਵਿਦਿਆਰਥੀਆਂ ਦੀ ਕੀਤੀ ਜਾਂਦੀ ਆਰਥਿਕ ਲੁੱਟ ਨੂੰ ਬੰਦ ਕੀਤਾ ਜਾਵੇ।

Share this Article
Leave a comment