ਵਾਸ਼ਿੰਗਟਨ: ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਦੁਨੀਆ ਭਰ ਵਿੱਚ ਜਾਰੀ ਲਾਕਡਾਊਨ ਦੇ ਤਹਿਤ ਯਾਤਰਾ ‘ਤੇ ਰੋਕ ਲਾਗੂ ਹੈ। ਇਸ ਵਿੱਚ ਅਮਰੀਕਾ ‘ਚ ਫਸੇ ਭਾਰਤੀ ਨਾਗਰਿਕਾਂ ਨੂੰ ਲਿਆਉਣ ਲਈ ਇਸ ਹਫ਼ਤੇ ਵਿਸ਼ੇਸ਼ ਉਡਾਣਾਂ ਦਾ ਪ੍ਰਬੰਧ ਕੀਤਾ ਜਾਵੇਗਾ ਜੋ ਸੈਨ ਫ਼ਰਾਂਸਿਸਕੋ ਤੋਂ ਸ਼ੁਰੂ ਹੋਣਗੀਆਂ।
ਇਹ ਜਹਾਜ਼ ਸੈਨ ਫ਼ਰਾਂਸਿਸਕੋ, ਨਿਊਯਾਰਕ, ਸ਼ਿਕਾਗੋ ਅਤੇ ਵਾਸ਼ਿੰਗਟਨ ਡੀਸੀ ਤੋਂ ਉਡਾਣ ਭਰਨਗੇ।
ਕਮਿਊਨਿਟੀ ਆਗੂਆਂ ਨੇ ਭਾਰਤ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਸੋਮਵਾਰ ਨੂੰ ਭਾਰਤ ਸਰਕਾਰ ਨੇ ਐਲਾਨ ਕੀਤਾ ਕਿ ਵਿਦੇਸ਼ਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਤਨ ਵਾਪਸੀ ਲਈ ਵਿਸ਼ੇਸ਼ ਜਹਾਜ਼ਾਂ ਦਾ ਪ੍ਰਬੰਧ ਕਰਾਇਆ ਜਾਵੇਗਾ। ਜੋ ਕਈ ਹਿੱਸਿਆਂ ਵਿੱਚ 7 ਮਈ ਤੋਂ ਸ਼ੁਰੂ ਹੋਵੇਗਾ।
ਅਮਰੀਕਾ ਵਿੱਚ ਭਾਰਤੀ ਦੂਤਾਵਾਸ ਅਤੇ ਇਸਦੇ ਕੌਂਸਲੇਟ ਉਨ੍ਹਾਂ ਭਾਰਤੀ ਨਾਗਰਿਕਾਂ ਦੀ ਸੂਚੀ ਤਿਆਰ ਕਰ ਰਹੇ ਹਨ ਜਿਨ੍ਹਾਂ ਨੇ ਵਾਪਸ ਭਾਰਤ ਪਰਤਣਾ ਹੈ। ਇਹ ਸੂਚੀ ਆਨਲਾਇਨ ਰਜਿਸਟਰੇਸ਼ਨ ਫ਼ਾਰਮ ਦੇ ਜ਼ਰੀਏ ਬਣਾਈ ਜਾ ਰਹੀ ਹੈ।
ਜੈਪੁਰ ਫੁਟ ਅਮਰੀਕਾ ਚੇਅਰਮੈਨ ਪ੍ਰੇਮ ਭੰਡਾਰੀ ਨੂੰ ਅਮਰੀਕਾ ਵਿੱਚ ਫਸੇ ਅਨੇਕਾਂ ਭਾਰਤੀ ਨਾਗਰਿਕਾਂ ਦੇ ਫੋਨ ਕਾਲ ਆ ਰਹੇ ਹਨ। ਇਨ੍ਹਾਂ ‘ਚੋਂ ਕੁੱਝ ਅਜਿਹੇ ਵਿਦਿਆਰਥੀਆਂ ਦੇ ਹਨ ਜੋ ਰਹਿਣ ਲਈ ਥਾਂ ਲੱਭ ਰਹੇ ਹਨ।