ਅਮਨ ਅਰੋੜਾ ਵੱਲੋਂ ਠੋਸ ਕੂੂੜੇ ਤੇ ਰਹਿੰਦ-ਖੂੰਹਦ ਦੇ ਸੁਚੱਜੇ ਹੱਲ ਲਈ ਵਿਸਥਾਰਪੂਰਵਕ ਕੀਤੀ ਗਈ ਚਰਚਾ

Rajneet Kaur
3 Min Read

ਚੰਡੀਗੜ੍ਹ: ਮਿਉਂਸੀਪਲ ਠੋਸ ਕੂੜੇ ਤੇ ਰਹਿੰਦ-ਖੂੰਹਦ ਦੇ ਚਿਰ ਸਥਾਈ ਤੇ ਸੁਚੱਜੇ ਹੱਲ ਤਲਾਸ਼ਣ ਲਈ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਠੋਸ ਕੂੜੇ ਤੋਂ ਵਾਤਾਵਰਣ-ਪੱਖੀ ਊਰਜਾ ਅਤੇ ਬਾਇਓ-ਫਿਊਲ ਪੈਦਾ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ। ਉਨ੍ਹਾਂ ਵੱਲੋਂ ਇਕ ਬਾਇਓ-ਫਿਊਲ ਕੰਪਨੀ ਦੇ ਨੁਮਾਇੰਦਿਆਂ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ।

ਇਥੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਗ਼ੈਰ-ਰਵਾਇਤੀ ਅਤੇ ਕੁਦਰਤੀ ਊਰਜਾ ਸਰੋਤਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਤਾਂ ਜੋ ਪ੍ਰਦੂਸ਼ਨ ਦੀ ਸਮੱਸਿਆ ਤੋਂ ਨਿਜਾਤ ਪਾ ਕੇ ਵਾਤਾਵਰਣ ਨੂੰ ਬਚਾਇਆ ਜਾ ਸਕੇ।

ਠੋਸ ਰਹਿੰਦ-ਖੂੰਹਦ ਤੋਂ ਬਾਇਓ-ਫਿਊਲ ਅਤੇ ਹਾਈਡ੍ਰੋਜਨ ਪੈਦਾ ਕਰਨ ਦੀਆਂ ਸੰਭਾਵਨਾ ਬਾਰੇ ਪੇਸ਼ਕਾਰੀ ਦਿੰਦੇ ਹੋਏ, ਅਮਨ ਅਰੋੜਾ ਨੂੰ ਦੱਸਿਆ ਗਿਆ ਕਿ ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚੋਂ 2021 ਵਿੱਚ ਤਕਰੀਬਨ 3,800 ਟਨ ਪ੍ਰਤੀ ਦਿਨ ਕੂੜਾ ਪੈਦਾ ਹੁੰਦਾ ਸੀ। ਐਨੇ ਵੱਡੇ ਪੱਧਰ ’ਤੇ ਰਲੇ-ਮਿਲੇ (ਅਨਸੈਗਰੀਗੇਟਡ) ਕੂੜੇ ਨੂੰ ਨਜਿੱਠਣਾ ਇਕ ਵੱਡੀ ਚੁਣੌਤੀ ਹੈ, ਜਿਸ ਦੇ ਨਤੀਜੇ ਵਜੋਂ ਖੁੱਲੀਆਂ ਥਾਵਾਂ (ਲੈਂਡਫਿਲਜ਼) ਉਤੇ ਕੂੜੇ ਨੂੰ ਵੱਡੇ ਪੱਧਰ ’ਤੇ ਡੰਪ ਕੀਤਾ ਜਾਂਦਾ ਹੈ।

ਪੰਜਾਬ ਵਿੱਚ ਨਿਵੇਸ਼ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਉਂਦਿਆਂ ਡਾ. ਗੁਰਜੋਤ ਸਿੰਘ, ਡਾਇਰੈਕਟਰ ਬਾਇਓਸ਼ਕਤੀ ਕੰਪਨੀ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੇ  ਇਕ ਹੱਬ ਐਂਡ ਸਪੋਕ ਮਾਡਲ ਤਿਆਰ ਕੀਤਾ ਹੈ, ਜਿਸ ਵਿੱਚ ਨੇੜਲੀਆਂ ਸ਼ਹਿਰੀ ਸਥਾਨਕ ਇਕਾਈਆਂ ਵਿਖੇ ਆਟੋਮੈਟਿਕ ਤਰੀਕੇ ਨਾਲ ਰਹਿੰਦ-ਖੂੰਹਦ (ਅਨਸੈਗਰੀਗੇਟਡ ਵੇਸਟ) ਨੂੰ ਵੱਖ ਕੀਤਾ ਜਾਵੇਗਾ, ਜਿਸ ਨੂੰ ਅੱਗੇ ਸਥਾਪਤ ਤਕਨਾਲੋਜੀ ਰਾਹੀਂ ਜੈਵਿਕ ਭਰਭੂਰ ਅੰਸ਼ਾਂ ਅਤੇ ਬਲਣਸ਼ੀਲ ਅੰਸ਼ਾਂ (ਆਰ.ਡੀ.ਐਫ.) ਵਿੱਚ ਤਬਦੀਲ ਕੀਤਾ ਜਾਵੇਗਾ।

- Advertisement -

ਉਨ੍ਹਾਂ ਦੱਸਿਆ ਕਿ ਜੈਵਿਕ ਭਰਭੂਰ ਅੰਸ਼ਾਂ ਨੂੰ ਬਾਇਓ-ਸੀ.ਐਨ.ਜੀ. ਅਤੇ ਉੱਚ-ਗੁਣਵੱਤਾ ਵਾਲੀ ਖਾਦ ਬਣਾਉਣ ਲਈ ਇਕ ਡਰਾਈ ਐਨਾਇਰੋਬਿਕ ਡਾਇਜੈਸ਼ਨ ਪਲਾਂਟ ਵਿੱਚ ਪ੍ਰੋਸੈੱਸ ਕੀਤਾ ਜਾਵੇਗਾ, ਜਦੋਂਕਿ, ਆਰ.ਡੀ.ਐਫ. ਨੂੰ ਛੋਟੇ-ਛੋਟੇ ਭਾਗਾਂ ’ਚ ਤੋੜਕੇ, ਗੰਢਾਂ ਬਣਾ ਕੇ ਇਕ ਕੇਂਦਰੀ ਰਿਫਾਈਨਰੀ ਵਿੱਚ ਲਿਜਾਇਆ ਜਾਵੇਗਾ ਜਿੱਥੇ ਇਸ ਨੂੰ ਮੀਥਾਨੌਲ, ਬਾਇਓਡੀਜ਼ਲ ਅਤੇ ਹਵਾਬਾਜ਼ੀ ਲਈ ਵਰਤੇ ਜਾਣ ਵਾਲੇ ਈਂਧਣ ਬਣਾਉਣ ਲਈ ਗੈਸੀਫਾਈਡ ਕੀਤਾ ਜਾਵੇਗਾ।

ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਮਿਉਂਸੀਪਲ ਠੋਸ ਕੂੜੇ ਦੇ ਸੁਚੱਜੇ ਨਿਪਟਾਰੇ ਲਈ ਅਜਿਹਾ ਪਹਿਲਾ ਪਲਾਂਟ ਲੁਧਿਆਣਾ, ਪਟਿਆਲਾ, ਐਸ. ਏ.ਐਸ. ਨਗਰ ਅਤੇ ਨੇੜਲੇ ਯੂਐਲਬੀਜ਼ ਵਿੱਚ ਸਥਾਪਤ ਕੀਤੇ ਜਾਣ ਦੀ ਤਜਵੀਜ਼ ਹੈ। ਕੰਪਨੀ ਸ਼ਹਿਰੀ ਸਥਾਨਕ ਇਕਾਈਆਂ ਦੇ ਸਹਿਯੋਗ ਨਾਲ ਹੱਬ ਅਤੇ ਸਪੋਕਸ ਸਥਾਪਤ ਕਰਨ ਲਈ 1500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਹ ਪਲਾਂਟ 500 ਗ੍ਰੀਨ ਜਾਬਜ਼ ਪੈਦਾ ਕਰੇਗਾ ਅਤੇ ਰਾਜ ਦੇ ਇਨ੍ਹਾਂ ਪ੍ਰਮੁੱਖ ਸ਼ਹਿਰੀ ਕੇਂਦਰਾਂ ਤੋਂ 1600 ਟੀ.ਪੀ.ਡੀ. ਠੋਸ ਕੂੜੇ ਨੂੰ ਸੰਭਾਲਣ ਦੇ ਯੋਗ ਹੋਵੇਗਾ।

ਉਨ੍ਹਾਂ ਅੱਗੇ ਕਿਹਾ ਕਿ ਹਾਈਡ੍ਰੋਜਨ ਲੰਬੀ ਦੂਰੀ ਦੀ ਆਵਾਜਾਈ ਵਾਲੇ ਸੈਕਟਰ ਨੂੰ ਡੀਕਾਰਬੋਨਾਈਜ਼ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ, ਜਿਵੇਂ ਕਿ ਲੰਬੇ ਰੂਟ ਵਾਲੇ ਟਰੱਕਾਂ ਅਤੇ ਬੱਸਾਂ ਜਿਨ੍ਹਾਂ ਦਾ ਬਿਜਲੀਕਰਨ ਕਰਨਾ ਮੁਸ਼ਕਲ ਹੈ, ਉਨ੍ਹਾਂ ਵਿੱਚ ਹਾਈਡ੍ਰੋਜਨ ਦੀ ਈਂਧਣ ਵਜੋਂ ਵਰਤੋਂ ਕੀਤੀ ਜਾ ਸਕਦੀ ਹੈ। ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੰਦਿਆਂ ਅਮਨ ਅਰੋੜਾ ਨੇ ਪੇਡਾ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਵਿਸਥਾਰਤ ਕੰਸੈਪਟ ਨੋਟ ਪੇਸ਼ ਕਰਨ ਲਈ ਕਿਹਾ।

 

Share this Article
Leave a comment