ਕੈਲਗਰੀ ‘ਚ ਭਾਰਤੀ ਮੂਲ ਦੀ ਔਰਤ ਹੋਈ ਵੱਡੀ ਲੁੱਟ ਦੀ ਸ਼ਿਕਾਰ

Prabhjot Kaur
3 Min Read

ਕੈਲਗਰੀ : ਕੈਲਗਰੀ ਵਿਖੇ ਭਾਰਤੀ ਮੂਲ ਦੀ ਔਰਤ ਤੋਂ 35 ਹਜ਼ਾਰ ਡਾਲਰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਕ ਇੱਕ ਵਿਅਕਤੀ ਨੇ ਇੰਦੂ ਪਾਲ ਦਾ ਧਿਆਨ ਵਟਾਉਂਦਿਆਂ ਉਸ ਦੇ ਕਰੈਡਿਟ ਕਾਰਡਜ਼ ਰਾਹੀਂ ਇਹ ਲੁੱਟ ਕੀਤੀ।

ਰਿਪੋਰਟ ਮੁਤਾਬਕ ਇੱਕ ਵਿਅਕਤੀ ਇੰਦੂ ਪਾਲ ਦੀ ਗੱਡੀ ਕੋਲ ਆਇਆ ਅਤੇ ਟਾਇਰ ਪੈਂਚਰ ਹੋਣ ਦਾ ਇਸ਼ਾਰਾ ਕੀਤਾ। ਜਦੋਂ ਇੰਦੂ ਪਾਲ ਬਾਹਰ ਨਿੱਕਲੀ ਤਾਂ ਟਾਇਰ ਠੀਕ ਸੀ, ਫਿਰ ਉਸ ਨੇ ਕਿਹਾ ਕਿ ਦੂਜੇ ਪਾਸੇ ਵਾਲਾ ਟਾਇਰ ਠੀਕ ਨਹੀਂ। ਇਹ ਦੇਖਣ ਇੰਦੂ ਗੱਡੀ ਦੇ ਦੂਜੇ ਪਾਸੇ ਗਈ ਤਾਂ ਕੋਈ ਸਮੱਸਿਆ ਨਜ਼ਰ ਨਾ ਆਈ ਪਰ ਇਥੇ ਅਸਲ ਸਮੱਸਿਆ ਸ਼ੁਰੂ ਹੋ ਗਈ। ਇੰਦੂ ਘਰ ਪੁੱਜੀ ਉਸਦੇ ਫੋਨ ਤੇ ਨੋਟੀਫਿਕੇਸ਼ਨ ਆਈ। ਈਮੇਲ ‘ਚ ਦੱਸਿਆ ਗਿਆ ਕਿ ਕਿਸ ਨੇ ਕਰੇਡਿਟ ਕਾਰਡ ਵਰਤਣ ਦਾ ਯਤਨ ਕੀਤਾ ਪਰ ਬੈਂਕ ਨੇ ਟ੍ਰਾਂਜੈਕਸ਼ਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਇੰਦੂ ਪਾਲ ਨੇ ਆਪਣਾ ਪਰਸ ਚੈਕ ਕੀਤਾ ਤਾਂ ਉਸਦੇ ਦੋਵੇਂ ਕਰੈਡਿਟ ਕਾਰਡ ਗਾਇਬ ਨਿਕਲੇ।

ਇੰਦੂ ਪਾਲ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਅਤੇ ਫਿਰ ਆਪਣੇ ਬੈਂਕਾਂ ਨੂੰ ਕੁੱਲ ਮਿਲਾ ਕੇ 35 ਹਜ਼ਾਰ ਡਾਲਰ ਦਾ ਨੁਕਸਾਨ ਹੋਇਆ ਅਤੇ ਲੁੱਟ ਦੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਹੋ ਗਈ। ਇਦੂ ਪਾਲ ਮੁਤਾਬਕ ਸਕੋਸ਼ੀਆ ਬੈਂਕ ਨੇ ਸਾਰੀ ਰਕਮ ਵਾਪਸ ਕਰ ਦਿੱਤੀ ਪਰ ਬੈਂਕ ਆਫ਼ ਮੌਂਟਰੀਅਲ ਨੇ 10 ਹਜ਼ਾਰ ਡਾਲਰ ਅਦਾ ਨਹੀਂ ਕੀਤੇ। ਬੈਂਕ ਦਾ ਕਹਿਣਾ ਹੈ ਕਿ ਰਕਮ ਵਾਪਸ ਨਹੀਂ ਕੀਤੀ ਜਾ ਸਕਦੀ ਕਿਉਂਕਿ ਪਰਸਨਲ ਆਇਡੈਂਟੀਫਿਕੇਸ਼ਨ ਨੰਬਰ ਨਿਜੀ ਜਾਣਕਾਰੀ ‘ਤੇ ਆਧਾਰਤ ਸੀ। ਬੈਂਕ ਦਲੀਲ ਦੇ ਰਿਹਾ ਹੈ ਕਿ ਹਰ ਗਾਹਕ ਨੂੰ ਅਜਿਹਾ ਪਿਨ ਤਿਆਰ ਕਰਨਾ ਚਾਹੀਦਾ ਹੈ ਜਿਸ ਵਿਚ ਕੋਈ ਨਿਜੀ ਜਾਣਕਾਰੀ ਸ਼ਾਮਲ ਨਾ ਹੋਵੇ।

ਉਧਰ ਪੁਲਿਸ ਕਹਿ ਰਹੀ ਹੈ ਕਿ ਧਿਆਨ ਭਟਕਾ ਕੇ ਕੀਤੇ ਜਾਣ ਵਾਲੇ ਆਰਥਿਕ ਅਪਰਾਧਾਂ ‘ਚ ਸਭ ਤੋਂ ਪਹਿਲਾਂ ਪਿਨ ਹਾਸਲ ਕਰਨ ਦਾ ਯਤਨ ਕੀਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਕਾਰਡ ਹਾਸਲ ਕਰਨ ਦੇ ਯਤਨ ਹੁੰਦੇ ਹਨ। ਕੈਲਗਰੀ ਪੁਲਿਸ ਦੇ ਕਾਂਸਟੇਬਲ ਸ਼ੌਨ ਵੈਂਡਲ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਹ ਪੀੜਤਾਂ ਨੂੰ ਉਨ੍ਹਾਂ ਦੀ ਰਕਮ ਵਾਪਸ ਕਰਵਾਉਣ ‘ਚ ਮਦਦ ਕਰਦੇ ਹਨ। ਵੈਂਡਲ ਨੇ ਕਿਹਾ ਕਿ ਅਪਰਾਧੀਆਂ ਵੱਲੋਂ ਪੀੜਤਾਂ ਦਾ ਸਟੋਰਾਂ ਅਤੇ ਹੋਰ ਜਨਤਕ ਥਾਵਾਂ ਤੱਕ ਪਿੱਛਾ ਕੀਤਾ ਜਾਂਦਾ ਹੈ। ਪਹਿਲਾਂ ਉਹ ਪੀੜਤ ਨੂੰ ਪਿਨ ਨੰਬਰ ਭਰਦਿਆਂ ਵੇਖ ਕੇ ਇਸ ਨੂੰ ਯਾਦ ਕਰ ਲੈਂਦੇ ਹਨ ਅਤੇ ਫਿਰ ਕਾਰਡ ਚੋਰੀ ਕਰਨ ਦੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਜਾਂਦਾ ਹੈ।

- Advertisement -

Share this Article
Leave a comment