ਕੈਨੇਡਾ ‘ਚ ਜਨਮਦਿਨ ‘ਤੇ ਮਸਤੀ ਕਰਨ ਗਏ ਭਾਰਤੀ ਨੌਜਵਾਨ ਨੂੰ ਨਿਗਲ ਗਈ ਮੌਤ

Global Team
2 Min Read

ਟੋਰਾਂਟੋ : ਕੈਨੇਡਾ ‘ਚ ਭਾਰਤੀ ਵਿਦਿਆਰਥੀ ਦਾ ਜਨਮ ਦਿਨ ਹੀ ਉਸ ਦਾ ਆਖਰੀ ਦਿਨ ਬਣ ਗਿਆ। ਜਾਣਕਾਰੀ ਮੁਤਾਬਕ ਨੌਜਵਾਨ ਆਪਣੇ ਦੋਸਤਾਂ ਨਾਲ ਜਨਮਦਿਨ ਮਨਾਉਣ ਬਾਹਰ ਗਿਆ ਸੀ ਤਾਂ ਇਸ ਦੌਰਾਨ ਪ੍ਰਨੀਤ ਝੀਲ ਵਿਚ ਡੁੱਬ ਗਿਆ। ਮ੍ਰਿਤਕ ਨੌਜਵਾਨ ਪ੍ਰਨੀਤ ਮਾਸਟਰ ਡਿਗਰੀ ਕਰਨ ਤੋਂ ਬਾਅਦ ਨੌਕਰੀ ਦੀ ਭਾਲ ਕਰ ਰਿਹਾ ਸੀ ਅਤੇ ਇਸੇ ਦੌਰਾਨ ਦੋਸਤਾਂ ਨਾਲ ਘੁੰਮਣ ਫਿਰਨ  ਦਾ ਪ੍ਰੋਗਰਾਮ ਬਣਾਇਆ ਤੇ ਉਹ ਕਲੀਰ ਲੇਕ ਨੇੜੇ ਠਹਿਰੇ ਅਤੇ ਝੀਲ ‘ਚ ਤੈਰਨ ਚਲੇ ਗਏ। ਇਸੇ ਦੌਰਾਨ ਪ੍ਰਨੀਤ ਨੇ ਪਾਣੀ ਵਿਚ ਛਾਲ ਮਾਰੀ ਪਰ ਮੁੜ ਕੇ ਬਾਹਰ ਨਾ ਆਇਆ।

ਐਮਰਜੰਸੀ ਕਾਮਿਆਂ ਨੇ 10 ਘੰਟੇ ਦੀ ਕਰੜੀ ਮੁਸ਼ੱਕਤ ਮਗਰੋਂ ਪ੍ਰਨੀਤ ਦੀ ਦੇਹ ਝੀਲ ਵਿਚੋਂ ਕੱਢੀ। ਹੈਦਾਰਬਾਦ ਦੇ ਰੰਗਾ ਰੈਡੀ ਜ਼ਿਲ੍ਹੇ ਨਾਲ ਸਬੰਧਤ ਪ੍ਰਨੀਤ ਦੀ ਬੇਵਕਤੀ ਮੌਤ ਦੀ ਖਬਰ ਉਸ ਦੇ ਘਰ ਪੁੱਜੀ ਤਾਂ ਮਾਤਮ ਛਾ ਗਿਆ। ਦੁੱਖ ਵਿਚ ਡੁੱਬੇ ਪ੍ਰਨੀਤ ਦੇ ਪਿਤਾ ਏ. ਰਵੀ ਵੱਲੋਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਦੇ ਪੁੱਤ ਦੀ ਦੇਹ ਵਾਪਸ ਲਿਆਉਣ ਦੇ ਉਪਰਾਲੇ ਕੀਤੇ ਜਾਣ।

ਜ਼ਿਕਰਯੋਗ ਹੈ ਕਿ ਇਕ ਹਫ਼ਤਾ ਪਹਿਲਾਂ ਹੀ 23 ਸਾਲ ਦਾ ਪੰਜਾਬੀ ਨੌਜਵਾਨ ਓਂਕਾਰਦੀਪ ਸਿੰਘ ਐਡਮਿੰਟਨ ਨੇੜੇ ਦਰਿਆ ਵਿਚ ਰੁੜ੍ਹ ਗਿਆ ਸੀ। ਮੱਲਾਂਵਾਲਾ ਨਾਲ ਸਬੰਧਤ ਓਂਕਾਰਦੀਪ ਸਿੰਘ ਢਾਈ ਸਾਲ ਪਹਿਲਾਂ ਕੈਨੇਡਾ ਪੁੱਜਾ ਅਤੇ ਪੜ੍ਹਾਈ ਖਤਮ ਹੋਣ ਮਗਰੋਂ ਕੰਮ ਦੀ ਭਾਲ ਵਿਚ ਜੁਟ ਗਿਆ। ਓਂਕਾਰਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਨੇ ਆਖਰੀ ਉਨ੍ਹਾਂ ਦੀ ਬੇਟੇ ਨਾਲ ਗੱਲ 1 ਸਤੰਬਰ ਨੂੰ ਹੋਈ। ਇਸ ਮਗਰੋਂ ਉਸ ਦਾ ਫੋਨ ਲਗਾਤਾਰ ਬੰਦ ਆ ਰਿਹਾ ਸੀ। ਬਲਵਿੰਦਰ ਸਿੰਘ ਵੱਲੋਂ ਕੈਨੇਡਾ ਰਹਿੰਦੇ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕਰ ਕੇ ਓਂਕਾਰਦੀਪ ਸਿੰਘ ਦੀ ਉਘ ਸੁੱਘ ਲਾਉਣ ਦੀ ਗੁਜ਼ਾਰਿਸ਼ ਕੀਤੀ ਗਈ ਪਰ ਉਹ ਵੀ ਸਫਲ ਨਾ ਹੋ ਸਕੇ ਅਤੇ ਪੁਲਿਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿਤੀ ਗਈ।

Share this Article
Leave a comment