Home / ਓਪੀਨੀਅਨ / ਸਮਾਜਿਕ ਵਿਤਕਿਰਿਆਂ ਨਾਲ ਵਿਨ੍ਹਿਆ ਭਾਰਤੀ ਸਮਾਜ

ਸਮਾਜਿਕ ਵਿਤਕਿਰਿਆਂ ਨਾਲ ਵਿਨ੍ਹਿਆ ਭਾਰਤੀ ਸਮਾਜ

-ਰਾਜਿੰਦਰ ਕੌਰ ਚੋਹਕਾ;

ਭਾਵੇਂ ! ਅਸੀਂ 21ਵੀਂ ਸਦੀ ‘ਚ ਵਿਚਰਣ ਦੀਆਂ ਡੀਗਾਂ ਮਾਰ ਰਹੇ ਹਾਂ, ਪ੍ਰਤੂੰ ! ਅਜੇ ਤੱਕ ਵੀ ਅਨਪੜਤਾ, ਗਰੀਬੀ-ਗੁਰਬਤ ਅਤੇ ਪੱਛੜਾਪਣ ਸਾਡਾ ਪਿੱਛਾ ਨਹੀਂ ਛੱਡ ਰਿਹਾ ਹੈ। ਸਾਡੇ ਦੇਸ਼ ਦੀ ਅੱਧੀ ਆਬਾਦੀ ਤੋਂ ਵੱਧ ਲੋਕ ਗਰੀਬੀ-ਅਮੀਰੀ ਦੇ ਪਾੜੇ ਨੂੰ ਕਿਸਮਤ ਨਾਲ ਜੋੜ ਕੇ ਹੀ ਦੇਖ ਰਹੇ ਹਨ। ਸਮੁਚੇ ਦੇਸ਼ ਭਰ ਵਿੱਚ ਅੱਜ ! ਵੀ ਜਾਤਾਂ, ਪਾਤਾਂ ਦੇ ਅਧਾਰ ‘ਤੇ ਸਮਾਜ ਅੰਦਰ ਵਿਤਕਰਾ ਘਟਣ ਦੀ ਵਜਾਏ ਵੱਧ ਰਿਹਾ ਹੈ। ਪੱਛੜੇ ਜਾਂ ਛੋਟੀਆਂ ਜਾਤਾਂ ਵਿੱਚ ਪੈਦਾ ਹੋਣ ਵਾਲੇ ਲੋਕਾਂ ਅਤੇ ਉੱਚੀ ਜਾਤ ਵਿੱਚ ਪੈਦਾ ਹੋਏ ਲੋਕਾਂ ਵਿਚਕਾਰ ‘‘ਜਾਤ-ਪਾਤ, ਬਰਾਦਰੀਵਾਦ” ਦੀ ਡੂੰਘੀ ਖਾਈ ਦਿਨੋ-ਦਿਨ ਵਧਦੀ ਜਾ ਰਹੀ ਹੈ। ਭਾਂਵੇ ਇਸ ਊੱਚ-ਨੀਚ, ਛੂਆ-ਛਾਤ, ਗਰੀਬੀ-ਗੁਰਬਤ ਨੂੰ ਖੱਤਮ ਕਰਨ ਲਈ ਸਦੀਆਂ ਤੋਂ ਅੰਦੋਲਨ ਵੀ ਹੋਏ ਅਤੇ ਲਹਿਰਾਂ ਵੀ ਚਲੀਆਂ ਹਨ। ਪਰ ! ਅਜੇ ਤੱਕ ਵੀ ਇਸ ਖਾਈ ਨੂੰ ਪੂਰਿਆ ਨਹੀਂ ਜਾ ਸਕਿਆ ਹੈ !

ਸਾਡਾ ਦੇਸ਼ ਬਹੁ-ਕੌਮੀ, ਬਹੁ-ਭਾਸ਼ਾਈ, ਜਨਜਾਤੀਆਂ, ਆਦਿਵਾਸੀਆਂ, ਦਲਿਤਾਂ ਤੇ ਹੋਰ ਅਨੇਕਾਂ ਧਰਮਾਂ-ਜਾਤਾਂ-ਪਾਤਾਂ, ਖਿੱਤਿਆਂ ਦੇ ਵਿੱਚ ਵੰਡਿਆ ਹੋਇਆ ਬਹੁਲਤਾਵਾਦੀ ਦੇਸ਼ ਹੈ। ਇੱਕ ਰੀਪੋਰਟ ਮੁਤਾਬਿਕ ਦੁਨੀਆਂ ਭਰ ਵਿਚੋ ਇਨ੍ਹਾਂ ਸਮਾਜਿਕ ਵਿਤਕਰਿਆਂ ਦੇ ਸ਼ਿਕਾਰ ਹੋਣ ਵਾਲੇ ਲੋਕਾਂ ‘ਚ ਭਾਰਤ ਦਾ ਨਾਂ ਪਹਿਲੇ ਨੰਬਰਾਂ ਤੇ ਆਉਂਦਾ ਹੈ। ਸਾਲ 2014 ਤੋਂ ਬਾਅਦ ਸਮਾਜਿਕ ਵਿਤਕਰੇ, ਜਾਤਾਂ ਦੇ ਨਾਂ ਤੇ ਅਤੇ ਧਰਮਾਂ ਦੇ ਵਿਚਕਾਰ ਹੋ ਰਹੇ ਝਗੜਿਆਂ ਤੇ ਫਸਾਦਾਂ ਨੇ ਮਨੁੱਖਤਾ ਦੇ ਹੋ ਰਹੇ ਘਾਣ ਨੂੰ ਖਤਮ ਕਰਨ ਦੀ ਵਜਾਏ ਇਸ ਵਿਚ ਤੇਜੀ ਨਾਲ ਹੋਰ ਵਾਧਾ ਹੀ ਕੀਤਾ ਹੈ। ‘‘ਸੰਯੁਕਤ-ਰਾਸ਼ਟਰ“ ਦੀ ਇਕ ਰੀਪੋਰਟ ਮੁਤਾਬਿਕ 26-ਕਰੋੜ ਤੋਂ ਵੱਧ ਲੋਕ ਅਲੱਗ-ਅਲੱਗ ਕਾਰਨਾਂ ਕਰ ਕੇ ਸਮਾਜਿਕ ਵਿਤਕਿਰਿਆਂ ਦੇ ਸ਼ਿਕਾਰ ਹਨ। ਜਿਸ ਦਾ ਕਾਰਨ ਜਾਤੀ, ਭੇਦ-ਭਾਵ, ਛੂਆ-ਛਾਤ ਤੇ ਊੱਚ-ਨੀਚ, ਭਾਵ! ਬ੍ਰਾਹਮਣਵਾਦ, ਕਸ਼ਤਰੀ ਵੈਸ਼ ਤੇ ਸ਼ੂਦਰਾਂ ਦੇ ਵਿਚਕਾਰ ਖਾਈ ਘਟਣ ਥਾਂ ਵਧਦੀ ਹੀ ਜਾ ਰਹੀ ਹੈ। ਭਾਰਤ ਵਿੱਚ ਜਾਤੀ, ਭੇਦ-ਭਾਵ ਦੀ ‘‘ਜ਼ਹਿਰ“ ਪੁਰਾਣੀ ਚਲੀ ਆ ਰਹੀ ਹੈ। ਪਰ ! ਅਫਸੋਸ ਹੈ ਕਿ ਸਾਡਾ ਸਮਾਜ ਅਜੇ ਤੱਕ ਵੀ ਇਸ ‘ਜਾਤੀ-ਪ੍ਰਥਾ` ਤੋਂ ਮੁਕਤ ਨਹੀਂ ਹੋ ਸਕਿਆ ਹੈ`। ਭਾਵੇਂ ! ਇਸ ਜਾਤੀ, ਭੇਦ-ਭਾਵ, ਛੂਆ-ਛਾਤ, ਨੀਵੀਆਂ ਤੇ ਸਵਰਨ ਜਾਤੀਆਂ ਦੀ ਖਾਈ ਨੂੰ ਖਤਮ ਕਰਨ ਲਈ ਸਮੇਂ-ਸਮੇਂ ਤੇ ਬਹੁਤ ਸਾਰੇ ਅੰਦੋਲਨ ਵੀ ਹੋਏ ਤੇ ਲੋਕਾਂ ਨੂੰ ਜਾਗਰਿਤ ਕਰਨ ਲਈ ਕਈ ਲਹਿਰਾਂ ਵੀ ਚਲੀਆਂ। ਪ੍ਰਤੂੰ! ਦੇਸ਼ ਭਰ ਵਿੱਚ ਇਸ ਜਾਤ-ਪਾਤ ਦੀ ਗੈਰ ਬਰਾਬਰੀ ਦੀਆਂ ਜੜਾਂ ਏਨੀਆਂ ਮਜ਼ਬੂਤ ਹਨ, ਕਿ ‘‘ਉਨਾਂ ਤੋਂ ਮੁਕਤੀ ਹਾਸਲ ਨਹੀਂ ਹੋ ਸਕਦੀ ਹੈ। ਕਿਉਂਕਿ ਇਹ ਜਾਤ-ਪਾਤ ਦੇਸ਼ ਦੀ ਰਾਜ ਸਤਾ ਦਾ ਅੰਗ ਹੋਣ ਕਰਕੇ ਦਿਨੋ-ਦਿਨ ਵੱਧ ਫੁੱਲ ਰਿਹਾ ਹੈ।”

ਇਸ ਜਾਤੀ ਪਾਤੀ ਸਮਾਜਿਕ ਵਿਤਕਰੇ ਦੇ ਵਿਰੁੱਧ ਭਾਵੇਂ ! ਅਜ਼ਾਦੀ ਤੋਂ ਪਹਿਲਾਂ ਅਤੇ ਬਾਦ ਵੀ ਪ੍ਰੈਸ ਅਤੇ ਮੀਡੀਆ ਵਲੋਂ ਵੀ ਸਮੇਂ-ਸਮੇਂ ਤੇ ਛਪੇ ਲੇਖ, ਜਾਗਰੂਕਤਾ ਸਾਮਗਰੀ ਰਾਹੀਂ ਵੀ ਇਸ ਦਾ ਵਿਰੋਧ ਕੀਤਾ ਜਾਂਦਾ ਰਿਹਾ ਹੈ ? ਪਰ ! ਸਫਲਤਾ ਨਹੀਂ ਮਿਲ ਸਕੀ। ਦੇਸ਼ ਭਰ ਵਿੱਚ ਭਾਂਵੇ! ਦਰਜਨ ਤੋਂ ਵੱਧ ਕਾਨੂੰਨ ਵੀ ਬਣੇ ਹੋਏ ਹਨ। ‘‘ਕੀ ਜਾਤ, ਧਰਮ ਕਾਰਨ ਕਿਸੇ ਵੀ ਫਿਰਕੇ ਦੇ ਵਿਰੁੱਧ ਕਿਸੇ ਨਾਲ ਕੋਈ ਭੇਦ-ਭਾਵ ਨਹੀਂ ਕੀਤਾ ਜਾਵੇਗਾ ?“ ਪ੍ਰਤੂੰ ! ਇਸ ਤੇ ਨਾਂ ਤਾਂ ਅਮਲ ਹੋ ਰਿਹਾ ਹੈ ਤੇ ਨਾਂ ਹੀ ਦੋਸ਼ੀਆਂ ਨੂੰ ਇਨਾਂ ਕਾਨੂੰਨਾਂ ਤਹਿਤ ਕੋਈ ਸਜ਼ਾ ਹੀ ਦਿੱਤੀ ਜਾ ਰਹੀ ਹੈ ? ਸਗੋਂ ਤੇ ਜਾਤ-ਪਾਤ ਦੀ ਆਸਥਾ ਨੂੰ ਰਾਜ ਸਤਾ ਤੇ ਕਾਬਜ਼ ਹਾਕਮਾਂ ਨੇ ਵੀ ਖਤਮ ਕਰਨ ਦੀ ਥਾਂ ‘ਵੋਟ-ਰਾਜਨੀਤੀ ਲਈ ਉਤਸ਼ਾਹਿਤ ਹੀ ਕੀਤਾ ਹੈ“। ਪਿੰਡਾਂ ਦੀਆਂ ਪੰਚਾਇਤਾਂ, ਨਗਰ ਕਮੇਟੀ, ਨਗਰ ਕਾਰਪੋਰੇਸ਼ਨ, ਵਿਧਾਨ ਸਭਾਵਾਂ ਤੇ ਸੰਸਦ ਵਿੱਚ ਵੀ ਜਾਤ-ਪਾਤ ਦੀ ਆੜ ਹੇਠ ਅੱਜ ! ਵੀ ਸ਼ੋਸ਼ਤ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਹੈ। ਗਰੀਬੀ ਦੀ ਰੇਖਾ ਤੋਂ ਥੱਲੇ ਰਹਿ ਰਹੇ ਲੋਕਾਂ ਨੂੰ ਵੀ ਰੀਜ਼ਰਵੇਸ਼ਨ ਦੇ ਕੋਟੇ ਵਿੱਚ ਪਾ ਕੇ ਇਸ ਖਾਈ ਨੂੰ ਹੋਰ ਡੂੰਘੀ ਕੀਤਾ ਜਾ ਰਿਹਾ ਹੈ। ਪਿੰਡਾਂ ਵਿੱਚ ਵੱਖ-ਵੱਖ ਜਾਤਾ ਦੇ ਗੁਰਦੁਆਰੇ, ਧਰਮਸ਼ਾਲਾ, ਇਥੋਂ ਤੱਕ ਕਿ ਉਨਾਂ ਦੇ ਮੁਰਦਾ ਸਰੀਰ ਨੂੰ ਜਲਾਉਣ ਲਈ ਬਣੇ ‘ਸਿਵੇ` (ਸੰਸਕਾਰ ਸਥਾਨ) ਵੀ ਅਲੱਗ-ਅਲੱਗ ਬਣਾਏ ਗਏ ਹਨ। ਅੱਜੇ ਤੱਕ ਵੀ ਦੂਰ-ਦੁਰੇਡੇ ਇਲਾਕਿਆਂ ਵਿੱਚ ਵਸਦੇ ਲੋਕਾਂ ਨੂੰ ਪਾਣੀ ਖੂਹਾਂ ਤੋਂ ਹੀ ਲੈਣ ਜਾਣਾ ਪੈਂਦਾ ਹੈ। ਖੂਹ ਵੀ ਜਾਤ-ਪਾਤ ਅਤੇ ਬਰਾਦਰੀ ਦੇ ਨਾਂ ਤੇ ਹੀ ਬਣੇ ਹੋਏ ਹਨ, ਧਰਮਸ਼ਾਲਾ ਪਿੰਡਾਂ ਵਿੱਚ ਪਛੜੇ ਵਰਗ ਦੇ ਲੋਕਾਂ ਲਈ ਬਣਾਈਆਂ, ਵੱਖਰੀਆਂ ਕਲੋਨੀਆਂ ਵੀ ਪਾੜੇ ਪੈਦਾ ਕਰ ਰਹੀਆਂ ਹਨ। ਗੱਲ ਕੀ ਸਰਕਾਰ ਆਪ ਵੀ ਇਸ ਖਾਈ ਨੂੰ ਖਤੱਮ ਕਰਨ ਦੀ ਜਗ੍ਹਾ ਡੂੰਘੀ ਕਰ ਰਹੀ ਹੈ। ਦੇਸ਼ ਭਰ ਵਿੱਚ ਪਿੰਡਾਂ ਵਿੱਚ ਦਲਿਤਾਂ ਤੇ ਪਛੜੇ ਵਰਗ ਦੀਆਂ ਜਾਤਾਂ ਦੇ ਰਹਿ ਰਹੇ ਲੋਕਾਂ ਨਾਲ ਸਵਰਨ ਜਾਤਾਂ ਵਾਲੇ ਲੋਕ ਇਕ ‘‘ਮਨੁੱਖੀ ਭਾਈਚਾਰੇ“ ਵਜੋਂ ਨਹੀਂ ਸਗੋਂ ਇਕ ‘‘ਸ਼ੂਦਰ“ ਵਜੋਂ ਉਨਾਂ ਨਾਲ ਵਿਵਹਾਰ ਕਰ ਰਹੇ ਹਨ। ਸਰਕਾਰਾਂ ਵੱਲੋਂ ਇਨਾਂ ਵਿਤਕਿਰਿਆਂ ਨੂੰ ਖਤਮ ਕਰਾਉੁਣ ਲਈ ਵੀ ਕੋਈ ਪਹਿਲਕਦਮੀ ਨਹੀਂ ਕੀਤੀ ਜਾ ਰਹੀ ਹੈ।

ਦੇਸ਼ ਭਰ ਵਿੱਚ ਖਾਸ ਕਰਕੇ ਯੂ.ਪੀ., ਮੱਧ ਪ੍ਰਦੇਸ਼ ਜਿਥੇ ਭਾਜਪਾ ਦੀਆਂ ਸਰਕਾਰਾਂ ਹਨ, ਨੀਵੀਆਂ ਜਾਤਾ ਦੀਆਂ ਲੜਕੀਆਂ ਨਾਲ ਛੇੜ-ਛਾੜ, ਉਧਾਲਾ, ਯੌਨ ਸ਼ੋਸ਼ਣ, ਕੁੱਟ-ਮਾਰ, ਗਰੀਬ ਜਾਂ ਦੱਲਿਤ ਪ੍ਰੀਵਾਰਾਂ ਨਾਲ ਅਣ-ਵਿਵਹਾਰਕ ਵਿਵਹਾਰ ਦੀਆਂ ਸ਼ਕਾਇਤਾਂ ਪੁਲੀਸ ਪਾਸ ਕਰਨ ਦੇ ਬਾਵਜੂਦ ਵੀ ਪੁਲੀਸ ਦਾ ਪਖ-ਪਾਤੀ ਰਵੱਈਆ ਵੀ ਉੱਚ ਜਾਤੀ ਦੇ ਹੱਕ ‘ਚ ਹੀ ਭੁਗਤਦਾ ਹੈ। ਦੇਸ਼ ਭਰ ਵਿੱਚ ਅਖਵਾਰਾਂ, ਟੈਲੀਵੀਜ਼ਨ ਤੇ ਚੈਨਲਾਂ ਤੇ ਦਲਿਤ, ਕਬਾਇਲੀ ਤੇ ਪਛੜੇ-ਵਰਗ ਦੇ ਲੋਕਾਂ ਨਾਲ ਹੋ ਰਹੇ ਸਮਾਜਿਕ ਵਿਤਕਿਰਿਆਂ ਨੂੰ ਦੇਖਿਆ ਜਾ ਸਕਦਾ ਹੈ। ਕਿਵੇ ‘‘ਰਣਵੀਰ ਸੈਨਾਂ, ਬਜਰੰਗ ਦਲ, ਹਨੂੰਮਾਨ ਸੈਨਾਂ, ਹੁੜਦੁੰਗ ਅਤੇ ਹੋਰ ਨਾਵਾਂ ਤੇ ਬਣੀਆਂ ਸੈਨਾਂ“ ਵਲੋਂ ਬਿਨਾਂ ਦਸੇ ਬਿਨਾਂ ਪੁੱਛ ਪੜਤਾਲ ਤੋਂ ਪੀੜਤਾਂ ਨੂੰ ਕੁੱਟਿਆ ਜਾ ਰਿਹਾ ਹੈ। ਕਾਨੂੰਨਾਂ ਦੀ ਪ੍ਰਵਾਹ ਕੀਤਿਆਂ ਬਿਨਾਂ ਹੀ ਸੈਨਾਵਾਂ ਵਲੋਂ ਕਈ ਪੀੜਤਾਂ ਨੂੰ ਕੁੱਟ-ਕੁੱਟ ਕੇ ਮਾਰ ਵੀ ਦਿੱਤਾ ਗਿਆ। ਪਰ ਇਹੋ ਜਿਹੇ ਸਮੇਂ ਵਿਚ ਪੁਲੀਸ ਦਾ ਰੋਲ ਵੀ ਨਿੰਦਣ ਯੋਗ ਹੀ ਹੁੰਦਾ ਹੈ, ਜਾਂ ਫਿਰ ਇਨਾ ਹੁੜਦੁੰਗਾਂ ਤੋਂ ਬਚਣ ਲਈ ਪਾਸਾ ਹੀ ਵੱਟ ਲੈਂਦੀ ਹੈ। ਪੀੜਤ ਵਲੋਂ ਪੁਲੀਸ ਪਾਸ ਰੀਪੋਰਟ ਲਿਖਾਉਣ ਤੋਂ ਬਾਦ ਵੀ ਕਾਨੂੰਨੀ ਫੈਸਲਾ ਜਾਂ ਤਾਂ ਲਮਕਾ ਅਵਸਥਾ ਵਿਚ ਰਹਿੰਦਾ ਹੈ ਤੇ ਜਾਂ ਫਿਰ ਲੰਮੀ ਸੁਣਵਾਈ ਬਾਦ ਫੈਸਲਾ ਮੁੜ ਹੁੜਦੰਗ ਮਚਾਉਣ ਵਾਲਿਆਂ ਦੇ ਪੱਖ ‘ਚ ਹੋ ਜਾਣ ਕਰ ਕੇ ਅੱਜ ਘੱਟ ਗਿਣਤੀ, ਛੋਟੀਆਂ ਜਾਤਾਂ ਦੇ ਲੋਕਾਂ ਵਿੱਚ ਡਰ ਤੇ ਸਹਿਮ ਹੈ, ਕਿਉਂ ਕਿ ਨਿਆਂ ਸਮੇਂ ਸਿਰ ਨਾਂ ਮਿਲਣਾ, ਆਰਥਿਕ ਬਰਬਾਦੀ, ਖਜਲ ਖੁਆਰੀ ਤੇ ਸਮੇਂ ਦੀ ਬਰਬਾਦੀ ਹੋਣ ਤੋਂ ਬਾਦ ਵੀ ਉਹ ਬੇ-ਕਸੂਰ ਹੁੰਦਿਆਂ ਹੋਇਆਂ ਵੀ ਪੁਲੀਸ ਤੇ ਹੁੜੰਦੁਗਾਂ ਦੀ ਨਜ਼ਰ ‘ਚ ਦੋਸ਼ੀ ਬਣ ਜਾਂਦਾ ਹੈ ਅਤੇ ਦੋਸ਼ੀ ਬਾ-ਇੱਜ਼ਤ ਬਰੀ ਹੋ ਜਾਂਦੇ ਹਨ? -75 ਸਾਲਾਂ ਦੀ ਅਜ਼ਾਦੀ ਤੋਂ ਬਾਦ ਵੀ ਦੇਸ਼ ਭਰ ਵਿੱਚ ਹਜ਼ਾਰਾਂ ਅਜਿਹੇ ਕੇਸ ਹਨ ਜਿਵੇਂ ਰਣਵੀਰ, ਬਜਰੰਗ-ਦਲ ਆਦਿ ਵਲੋਂ ਕਤਲ, ਭੀੜ ਵਲੋ਼ ਬੇਦੋਸ਼ੇ ਲੋਕਾਂ ਨੂੰ ਕੁੱਟ-ਕੁੱਟ ਕੇ ਮਾਰ ਦੇਣ ਦੇ। ਪਰ ! ਕਾਨੂੰਨ ਦੇ ਰਾਖਿਆਂ ਤੋਂ ਪੀੜਤਾਂ ਨੂੰ ਕੋਈ ਨਿਆਂ ਨਹੀ ਮਿਲਿਆ ਹੈ । ਸਗੋਂ ਤੇ ਦੋਸ਼ੀਆਂ ਦਾ ਮਨੋਬਲ ਹੀ ਵਧਿਆ ਹੈ।

ਛੂਆ-ਛਾਤ, ਛੋਟੀਆਂ ਜਾਤਾਂ, ਬਰਾਦਰੀਆਂ ਤੇ ਦਲਿਤ ਪਰਿਵਾਰਾਂ ਨਾਲ ਹੋ ਰਹੇ ਵਿਤਕਰੇ ਤੇ ਅਣਮਨੁੱਖੀ ਘਟਨਾਵਾਂ ਵਾਲੇ ਤਸੀਹਿਆਂ ਨਾਲ ਇਤਿਹਾਸ ਦੇ ਪੰਨੇ ਭਰੇ ਪਏ ਹਨ। ਸਮੇਂ-ਸਮੇਂ ਤੇ ਇਨ੍ਹਾਂ ਖਿਲਾਫ ‘‘ਭਗਤੀ ਲਹਿਰ ਵੇਲੇ ਸੰਤਾਂ, ਗੁਰੂਆਂ ਫਕੀਰਾਂ ਨੇ ਆਵਾਜ ਉਠਾਈ। ਕੌਮੀ ਅੰਦੋਲਨ ਤੋਂ ਪਹਿਲਾਂ ਅਤੇ ਬਾਦ ਵਿੱਚ ਵੀ ਜਾਤ-ਪਾਤ ਵਿਰੁੱਧ ਡਾ: ਭੀਮ ਰਾਓ ਅੰਬੇਦਕਰ, ਸਵਿਤਰੀ ਬਾਈ ਫੂਲੇ, ਜੋਤਿਬਾ ਫੂਲੇ, ਕੈਪਟਨ ਲਕਛਮੀ ਸਹਿਗਲ ਆਦਿ ਬਹੁਤ ਸਾਰੇ ਹੋਰ ਵਿਦਵਾਨਾਂ, ਸਿਧਾਂਤਕਾਰਾਂ ਤੇ ਯੁੱਗ ਪਲਟਾਊ ਬੁੱਧੀਜੀਵੀਆਂ ਨੇ ਇਸ ਜਾਤੀ ਪ੍ਰਥਾ ਦੇ ਵਿਰੁੱਧ ਅਵਾਜ ਹੀ ਨਹੀਂ ਉਠਾਈ, ਸਗੋਂ ਤੇ ਇਸ ਤਰਾਸਦੀ ਨੂੰ ਆਪ ਵੀ ਭੋਗਿਆ ਅਤੇ ਕਈ ਲੇਖ ਲਿਖੇ, ਲੋਕਾਂ ਤੱਕ ਪਹੰੁਚ ਕੀਤੀ ਅਤੇ ਆਪ ਵੀ ਉਸ ਜੰਗਿ-ਏ-ਮੈਦਾਨ ਵਿੱਚ ਕੁੱਦ ਕੇ ਸੰਘਰਸ਼ ਕੀਤੇ। ਸਵਿਤਰੀ ਬਾਈ ਫੂਲੇ ਤੇ ਉਨਾ ਦੇ ਪਤੀ ਜੋਤਿਬਾ ਫੂਲੇ ਨੇ ਵੀ ਆਪ ਸਵਰਨ ਜਾਤੀਆ ਵਲੋਂ ਇਹ ਸੰਤਾਪ ਹੰਢਾਊਦਿਆਂ ਅਛੂਤ ਲੋਕਾਂ ਨੂੰ 18-ਵੀਂ ਸਦੀ ਵਿੱਚ ਵੀ ਲਾਮਬੰਦ ਕੀਤਾ।ਉਨਾ ਕਰਕੇ ਹੀ ਉਨ੍ਹਾਂ ਅਛੂਤ ਲੋਕਾਂ ਵਿੱਚ ਕੁਝ ਜਾਗਰਿਤੀ ਆਈ ਹੈ ਤੇ ਉਨਾਂ ਵਲੋਂ ਦਰਸਾਏ ਰਾਹਾਂ ਤੇ ਚੱਲ ਕੇ ਸਫਲਤਾ ਦੀ ਪੌੜੀ ਤੇ ਚੜ ਕੇ ਅੱਗੇ ਵਧੇ ਹਨ। ਪਰ ਅਫਸੋਸ ਹੈ ਕਿ 18-ਵੀਂ ਸਦੀ ਤੋਂ ਬਾਦ ਵੀ ਤੇ ਅਜ਼ਾਦੀ ਦੇ 75 ਸਾਲਾਂ ਬਾਦ ਵੀ ਇਹ ਖਾਈ ਬੰਦ ਹੋਣ ਦੀ ਥਾਂ ਹੋਰ ਡੂੰਘੀ ਹੁੰਦੀ ਜਾ ਰਹੀ ਹੈ।

ਸਾਨੂੰ ਭੁਲਣਾ ਨਹੀਂ ਚਾਹੀਦਾ ਕਿ ਅਜ਼ਾਦੀ ਤੋਂ ਬਾਦ ਸਮੇਂ-ਸਮੇਂ ਦੀਆ ਸਰਕਾਰਾਂ ਚਾਹੇ ਉਹ ਕੇਂਦਰ ਦੀ ਹੋਵੇ ਜਾ ਸੂਬਿਆਂ ਦੀਆਂ ਹੋਣ, ‘ਇਸ ਜਾਤ-ਪਾਤ ਦੀ ਖਾਈ ਦੀ ਆੜ ਹੇਠ ਹੀ ਗੂੁੜੀ ਨੀਂਦ ਸਤਾ ਦਾ ਸੁੱਖ ਭੋਗ ਰਹੀਆਂ ਹਨ। ਬਿਹਾਰ ਹੋਵੇ ਜਾਂ ਯੂ.ਪੀ. ਜਾਂ ਕੋਈ ਹੋਰ ਸੂਬਾ ਬਹੁਤ ਸਾਲਾਂ ਤੋਂ ਇਨ੍ਹਾਂ ਸਰਕਾਰਾਂ ਦੇ ਨੱਕ ਹੇਠ ਕਾਲਾ ਗੋਰਖ ਧੰਦਾਂ ਚੱਲ ਰਿਹਾ ਸੀ ਤੇ ਹੁਣ ਵੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਜਿਨਾਂ ਵਿੱਚ ਲਾਲ ਸੈਨਾ, ਰਣਵੀਰ ਸੈਨਾ ਤੇ ਹੋਰ ਜਾਤਾਂ ਦੀ ਸੈਨਾਵਾਂ ਜਿਹੜੀਆਂ ਸਵਰਨ ਜਾਤੀਆਂ ਨਾਲ ਸਬੰਧ ਰੱਖਦੀਆਂ ਹਨ, ਹਿੰਸਕ ਵਾਰਦਾਤਾਂ ਕਰਕੇ ਦਲਿਤਾਂ, ਇਸਤਰੀਆਂ, ਘੱਟ ਗਿਣਤੀਆਂ, ਬੱਚਿਆਂ ਤੇ ਗਰੀਬ ਲੋਕਾਂ ਦੀ ਕੁੱਟ ਮਾਰ ਕਰ ਕੇ ਬੇ-ਇਜ਼ਤੀ, ਇੱਥੋਂ ਤੱਕ ਇਸਤਰੀਆਂ ਤੇ ਬੱਚੀਆਂ ਨਾਲ ਕੁਕਰਮ, ਯੌਨ ਸ਼ੋਸ਼ਣ ਕਰਕੇ ਮਾਰ ਕੇ ਲਾਸ਼ਾਂ ਨੂੰ ਖੁਰਦ-ਬੁਰਦ ਕਰ ਕੇ ਸਾੜ ਦਿੱਤੀਆਂ ਜਾਂਦੀਆਂ ਹਨ। ਪਰ ! ਸਰਕਾਰਾਂ ਚੁੱਪ ਹਨ। ਕਿਉ ਕਿ ਉਨ੍ਹਾਂ ਨੂੰ ਆਪਣੇ ਵੋਟ ਬੈਂਕ ਦੀ ਫਿਕਰ ਹੈ ? ਨਾ ਕਿ ਮਨੁੱਖਤਾ ਨੂੰ ਬਚਾਉਣ ਦੀ ? ਇਕ ਰੀਪੋਰਟ ਮੁਤਾਬਿਕ 1997 ‘ਚ ਰਣਵੀਰ ਸੈਨਾ, ਲਾਲ ਸੈਨਾਂ ਵਲੋਂ ਕੀਤੀ ਗਈ ਜਾਤੀ ਹਿੰਸਾਂ ਦੇ ਵਿਰੁੱਧ ਇਕ ਜਾਂਚ ਕਮੇਟੀ ਵਲੋਂ ਨਿਰਪੱਖ ਜਾਂਚ ਕਰਨ ਦੀ ‘‘ਅਮੀਰ ਦਾਸ ਆਯੋਗ“ ਨੂੰ ਨਤੀਸ਼ ਸਰਕਾਰ ਨੇ ਇਸ ਲਈ ਭੰਗ ਕਰ ਦਿੱਤਾ ਸੀ ਤਾਂ ਜੋ ਇਹੋ ਜਿਹੜੇ ਭਾੜੇ ਦੇ ਗੁੰਡਿਆਂ ਦੀ ਵੋਟ ਬੈਂਕ ਕਿਤੇ ਟੁੱਟ ਨਾ ਜਾਵੇ। ਭਾਵੇ! ਇਨਸਾਫ ਪਸੰਦ ਲੋਕਾਂ ਨੇ ਸਮੇਂ-ਸਮੇਂ ਇਸ ਮੁੱਦੇ ਨੂੰ ਲੋਕ ਅਵਾਜ ਰਾਹੀਂ ਜਲਸਿਆਂ, ਮੁਜ਼ਾਹਰਿਆਂ ‘ਚੁਕਿਆ, ਪਰ ! ਇਸ ਤੋਂ ਸਾਬਿਤ ਹੁੰਦਾ ਹੈ ਕਿ ਸਰਕਾਰਾਂ ਨੂੰ ਰਾਜਸਤਾ ਅੰਦਰ ਆਪਣੀ ਹੋਂਦ ਬਚਾਉਣ ਦਾ ਫਿਕਰ ਹੈ ਨਾ ਕਿ ਲੋਕਾਂ ਨੂੰ ਨਿਆਂ ਦੇਣਾ।

ਮੌਜੂਦਾ ਕੇਂਦਰ ‘ਚ ਭਾਜਪਾ ਦੀ ਮੋਦੀ ਸਰਕਾਰ ਵੀ ਇਸ ਸਚਾਈ ਤੋਂ ਪੂਰੀ ਤਰਾਂ ਜਾਣੂ ਹੁੰਦੀ ਹੋਈ, ਕਿ ਹੰੁੜਦੁੰਗ ਮਚਾਉਣ ਵਾਲੀਆਂ ਬਣੀਆਂ ਸੈਨਾਵਾਂ ਨਾਲ ਭਾਰਤ ਵਿੱਚ 90-ਫੀ-ਸੱਦ ਸਮਾਜਿਕ ਵਿਤਕਰੇ ਛੂਆ-ਛਾਤ ਤੇ ਇਸਤਰੀਆਂ ਨਾਲ ਹੋ ਰਹੀਆਂ ਛੇੜ-ਛਾੜ ਦੀਆਂ ਘਟਨਾਵਾਂ ਲਈ ਇਹ ਜਥੇਬੰਦੀਆਂ ਜਿੰਮੇਵਾਰ ਹਨ। ਪਰ ! ਇਨਾ ਦੀ ਵੋਟ ਬੈਂਕ ਕਿਤੇ ਟੁੱਟ ਨਾ ਜਾਵੇ ਤਾਂ ਹੀ ਹਾਕਮ ਇਨਾ ਅਨਸਰਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਦੇ ਹਨ। ਜਾਤ-ਪਾਤ ਨੂੰ ਜਿੰਦਾ ਰੱਖ ਕੇ ਹਰ ਇਕ ਨੂੰ ਵਿਧਾਨਿਕ ਰੁਜਗਾਰ ਦਾ ਹੱਕ ਦੇਣ ਦੀ ਥਾਂ ਸੰਸਦੀ ਅਦਾਰਿਆਂ ਰਾਹੀ ਰਾਖਵਾਂਕਰਨ ਨੂੰ ਜਰੂਰੀ ਬਣਾਉਣ ਲਈ ਸੱਦਾ ਦਿੱਤਾ ਜਾਂਦਾ ਹੈ। ਪ੍ਰਤੂੰ ! ਅਫਸੋਸ ਹੈ ਕਿ, ਜੇਕਰ ਸਰਕਾਰਾਂ ਹੀ ਜਨਮ ਤੋਂ ਲੈ ਕੇ ਜਾਤ-ਪਾਤ, ਊੱਚ ਨੀਚ, ਭਿੰਨ-ਭੇਦ ਤੇ ਵਿਤਕਿਰਿਆਂ ਨੂੰ ਜਿਉਂ ਦਾ ਤਿਉਂ ਰੱਖਣ ਦਾ ਉਪਰਾਲਾ ਕਰਦੀਆਂ ਰਹਿਣਗੀਆਂ, ਤਾਂ ਮਨੁੱਖਤਾ ਨਾਲ ਹੋ ਰਿਹਾ ਇਹ ਵਿਤਕਰਾ ਅੱਗੇ ਤੋਂ ਅੱਗੇ ਵੱਧਦਾ ਹੀ ਜਾਵੇਗਾ। ਇਹੋ ਜਿਹਾ ਵਿਤਕਰਾ ਆਖਰ ਸਮਾਜ ਵਿੱਚ ਆਪਸੀ ਮੇਲ-ਮਿਲਾਪ, ਮਨੁੱਖੀ ਪਿਆਰ, ਪ੍ਰਵਾਰਿਕ ਅਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਵੱਡੀ ਢਾਹ ਲਾਵੇਗਾ।

ਇਨ੍ਹਾਂ ਵਿਤਕਿਰਿਆ ਕਾਰਨ ਅੱਜ ! ਸਮਾਜ ਦਾ ਹਰ ਕਮਜ਼ੋਰ ਹਿੱਸਾ ਹਾਕਮ ਜਮਾਤਾਂ ਤੇ ਰਾਜਨੀਤਕਾਂ ਵਲੋਂ ਅਪਣਾਈਆ ਗਈਆਂ ਦੋਹਰੀਆਂ ਨੀਤੀਆਂ ਦਾ ਸ਼ਿਕਾਰ ਹੋ ਰਿਹਾ ਹੈ। ਇਕ ਰਿਪੋਰਟ ਮੁਤਾਬਿਕ ਪਛੜੇ ਤੇ ਗੁਰਬਤ ਦੇ ਮਾਰੇ ਗਰੀਬ ਸੂਬਿਆਂ ਜਿਨ੍ਹਾਂ ਵਿੱਚ ਅੰਧ-ਵਿਸ਼ਵਾਸ਼, ਗਰੀਬੀ, ਗੁਰਬਤ, ਅਨਪੜਤਾ, ਧਰਮਾਂ ਤੇ ਜਾਤਾਂ ਦੀ ਖਾਈ ਡੂੰਘੀ ਹੈ, ਉਥੇ ਇਸ ਵਿਤਕਰੇ ਨੇ ਮਜ਼ਬੂਤੀ ਨਾਲ ਇਨ੍ਹਾਂ ਗਰੀਬ ਲੋਕਾਂ ਨੂੰ ਛੂਆ ਛਾਤ-ਛਾਤ ਤੇ ਜਾਤ-ਬਰਾਦਰੀ ਵਿਚ ਵੰਡਿਆ ਹੋਇਆ ਹੈ। ਬਿਹਾਰ ਵਿੱਚ ਬੀ.ਜੇ.ਪੀ. ਤੇ ਨਤੀਸ਼ ਸਰਕਾਰ ਵਲੋਂ ਆਪਣਾ -2020 ਦਾ ਵੋਟ ਬੈਂਕ ਪਕਾ ਕਰਨ ਲਈ ਸਮਾਜਿਕ ਤੌਰ ਤੇ ਪੱਛੜੇ, ਦੱਲਿਤ ਅਤੇ ਮਹਾਂ ਦੱਲਿਤ ਲੋਕਾਂ ਵਿੱਚ ਵੰਡ-ਪਾਊ, ਫੁੱਟ-ਪਾਊ ਤਰੀਕਾ ਅਪਣਾਇਆ। ਇਸ ਤੋੜ ਭੰਨ ਨਾਲ ਦੋਨਾਂ ਵਰਗਾਂ ਦੇ ਸਮਾਜ ਦੇ ਲੋਕ ਹੋਰ ਵਰਗਾਂ ਨਾਲੋਂ ਅਲੱਗ-ਥਲੱਗ ਪੈ ਗਏ। ਇਨ੍ਹਾਂ ਦੋਨਾਂ ਜਾਤੀਆਂ ਨੂੰ ਪਹਿਲਾਂ ਨਾਲੋਂ ਕਾਫੀ ਦੁੱਖ ਤੇ ਹੋਰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਉਦਾਹਰਨ ਦੇ ਤੌਰ ਤੇ ਭਾਵੇਂ ! ਉਹ ਪਿਛਲੀ ਜਗਨਨਾਥ ਮਿਸ਼ਰਾ ਦੀ ਸਰਕਾਰ ਸੀ, ਲਾਲੂ ਜਾਂ ਰਾਬੜੀ ਦੀ ਜਾਂ ਨਤੀਸ਼ + ਬੀ.ਜੇ.ਪੀ. ਸਰਕਾਰ ਰਹੀ ਹੋਵੇ, ਉਨ੍ਹਾਂ ਦੇ ਰਾਜਭਾਗ ਦੌਰਾਨ ਬਿਹਾਰ ਵਿੱਚ ਜਿੰਨੇ ਵੀ ਦਲਿਤ ਹੱਤਿਆਕਾਂਡ ਹੋਏ ਹਨ, ਸਿਰਫ ਇਕ ਦੋ ਨੂੰ ਛੱਡ ਕੇ ਬਾਕੀ ਖੂੰਖਾਰ ਅਪਰਾਧੀਆਂ ਨੂੰ ਸਜ਼ਾ ਹੀ ਨਹੀਂ ਦਿੱਤੀ ਗਈ।ਸਗੋਂ ਲੱਗ-ਪੱਗ ਸਾਰੇ ਹੀ ਮਾਮਲਿਆਂ ਵਿੱਚ ਕੋਰਟ ਵਲੋਂ ਸਰਕਾਰੀ ਵਕੀਲ ਦੀ ਢਿਲ ਮੱਠ, ਅਪਰਾਧੀਆਂ ਨੂੰ ਬਚਾਉਣ ਲਈ ਲਚਕੀਲਾ ਰਵੱਈਆ ਕਾਰਨ ਸ਼ੱਕ ਦਾ ਲਾਭ ਦੇ ਕੇ ਅਪਰਾਧੀਆਂ ਨੂੰ ‘ਬਾ-ਇਜ਼ਤ` ਬਰੀ ਕਰ ਦਿੱਤਾ ਜਾਂਦਾ ਰਿਹਾ ਹੈ।

ਇਕ ਇਹ ਵੀ ਸਵਾਲ ਉੱਭਰ ਕੇ ਸਾਹਮਣੇ ਆਇਆ ਹੈ ‘‘ਕਿ ਸਮਾਜਿਕ ਵਿਤਕਰੇੇ ਦਾ ਦੰਡ ਕੇਵਲ ਦੱਲਿਤ ਤੇ ਪੱਛੜੀ ਜਾਤੀਆਂ ਹੀ ਕਿਉ ਇਹ ਦੁੱਖ ਝੱਲ ਰਹੀਆਂ ਹਨ ? ਬਾਕੀ ਸਵਰਨ ਜਾਤੀਆਂ ਜਾਂ ਹੋਰ ਇਸ ਦਾ ਸ਼ਿਕਾਰ ਕਿਉਂ ਨਹੀਂ ਹੁੰਦੀਆਂ ?“ ਇਸ ਸਵਾਲ ਦਾ ਜਵਾਬ ਸਰਵ ਉੱਚ ਸੁਪਰੀਮ ਕੋਰਟ ਦੀ ਉਸ ਟਿਪਣੀ ਤੋਂ ਮਿਲੇਗਾ, ਜੋ ਕੋਰਟ ਨੇ ‘ਹਰਿਆਣਾ ਦੇ ਮਿਰਚਪੁਰ ਕਾਂਡ` ਦੇ ਮਾਮਲੇ ਵਿੱਚ ਦਿੱਤੀ ਸੀ। ਕੋਰਟ ਨੇ ਕਿਹਾ ਸੀ, ‘ਕਿ ਇਨ੍ਹਾਂ ਲੋਕਾਂ (ਭਾਵ ! ਦੱਲਿਤ ਜਾਤੀਆਂ) ਦਾ ਇਕੋ ਇਕ ਕਸੂਰ ਇਹੋ ਹੈ, ਕਿ ਇਹ ਗਰੀਬ ਤੇ ਦਲਿਤ ਹਨ।“ ਭਾਂਵੇ ! ਡਾ:ਭੀਮ ਰਾਓ ਅੰਬੇਦਕਰ ਨੇ ਕਿਹਾ ਸੀ, ‘‘ਕਿ ਪੜੋ, ਲਿਖੋ, ਸੰਘਰਸ਼ ਕਰੋ, ਅੱਗੇ ਵਧੋ ਤੇ ਹੱਕ ਲਈ ਲੜਾਈ ਲੜੋ।“ ਪਰ ਸਵਾਲ ਇਹ ਹੈ ‘ਕਿ ਕੀ ਪੜੇ ਲਿਖੇ ਦੱਲਿਤ ਮਰਦ ਤੇ ਇਸਤਰੀਆਂ ਦਾ ਉਤਪੀੜਨ ਨਹੀਂ ਹੋ ਰਿਹਾ ਹੈ ? ਸਿਰਫ਼ ਪੜਨ ਲਿਖਣ ਜਾਂ ਸੰਘਰਸ਼ ਕਰਨ ਨਾਲ ਗੱਲ ਨਹੀਂ ਬਣਦੀ। ਜਿੰਨੀ ਦੇਰ ਰਾਜ ਸਤਾ ਅੰਦਰ ਹਾਕਮ ਜਮਾਤਾਂ ਜਾਤ-ਪਾਤ, ਖਿੱਤਿਆਂ ਤੇ ਛੂਆ-ਛਾਤ ਨੂੰ ਜੜ ਤੋਂ ਨਹੀਂ ਪੁੱਟਦੀਆਂ। ਪਰ : ਜਿੰਨਾਂ ਚਿਰ ਹਾਕਮਾਂ ਦੀ ਇਨ੍ਹਾਂ ਲੋਕਾਂ ਪ੍ਰਤੀ ‘‘ਨੀਤੀ ਤੇ ਨੀਅਤ“ ਠੀਕ ਨਹੀਂ ਹੁੰਦੀ ਉਨਾਂ ਚਿਰ ਇਹ ਵਿਤਕਰਾ ਖੱਤਮ ਨਹੀਂ ਹੋ ਸਕਦਾ।

ਭਾਰਤ ਦਾ ਸਮਾਜਿਕ ਢਾਚਾਂ ਹੀ ਵਿਤਕਿਰਿਆਂ ਭਰਪੂਰ ਹੈ। ਜਨਮ ਕਿਸ ਜਾਤੀ ‘ਚ ਹੋਇਆ। ਉਸ ਦੇ ਅਧਾਰ ਤੇ ਹੀ ਊੱਚ-ਨੀਚ ਦੀ ਪ੍ਰਥਾ ਨੂੰ ਉਸ ਤੇ ਲਾਗੂ ਕਰ ਦਿੱਤਾ ਜਾਂਦਾ ਹੈ। ਇਹ ਬ੍ਰਾਹਮਣ ਹੈ, ਕੁਸ਼ਤਰੀ ਹੈ, ਨੀਚ ਨੂੰ ਸ਼ੂਦਰ ਤੇ ਵੈਸ਼ ਜਾਤੀ ਨਾਲ ਜੋੜ ਦਿੱਤਾ ਜਾਂਦਾ ਹੈ। ਨੀਚ ਲੋਕ ਗੋਹਾ-ਕੂੜਾ, ਝਾੜੂ-ਪੋਚਾ, ਨਾਲੀਆਂ, ਗਲੀਆਂ, ਸਾਫ ਕਰਨੀਆਂ, ਚੌਕੀਦਾਰੀ ਕਰਨੀ, ਜੁਤੀਆਂ ਬਣਾਉਣੀਆਂ, ਕੱਪੜੇ ਸੀਣੇ, ਛੀਬੇਂ, ਜੁਲਾਹੇ, ਤਾਣੀ, ਖੇਸ ਤੇ ਹੋਰ ਬੁਣਾਈ/ਖੱਡੀ ਦਾ ਕੰਮ ਕਰਨਾ ਆਦਿ ਇਨ੍ਹਾਂ ਪਛੜੇ ਲੋਕਾਂ ਲਈ ਰਾਖਵੇਂ ਕਰ ਦਿੱਤੇ। ਇਹ ਚਲਾਕ ਉੱਚੇ ਤੇ ਰਾਜ ਸਤਾ ਤੇ ਬੈਠੇ ਲੋਕਾਂ ਨੇ ਹੀ ਮਨੁੱਖਤਾ ਅੰਦਰ ਊੱਚ-ਨੀਚ, ਸ਼ੂਦਰ, ਜਾਤ-ਪਾਤ, ਬਰਾਦਰੀਆਂ ਦਾ ਪਾੜਾ ਪਾ ਕੇ ਸਮਾਜ ‘ਚ ਵਸਦੇ ਲੋਕਾਂ ਨੂੰ ਦੋ ਹਿੱਸਿਆਂ ‘ਚ ਵੰਡ ਕੇ ਬ੍ਰਾਹਮਣਾ ਨੂੰ ਧਾਰਮਿਕ ਉੱਚ ਸਥਾਨ ਤੇ ਬੈਠਾ ਦਿੱਤਾ। ਕੁਸ਼ਤਰੀ ਨੂੰ ਲੜਾਈ ਕਰਨ ਜੋ ਸਮਾਜ ਅੰਦਰ ਬ੍ਰਾਹਮਣਾਂ ਤੇ ਦੇਸ਼ ਦੀ ਰਖਵਾਲੀ ਕਰਨ, ਤੀਸਰੇ ਤੇ ਚੌਥੇ ਵਰਗ ਸ਼ੂਦਰ ਨੂੰ ਉਪਰਲੇ ਵਰਗਾਂ ਦੀ ਸੇਵਾ ਕਰਨ ਦੇ ਕੰਮ ਕਰਨ ਦਾ ਬੀੜਾ ਦੇ ਦਿੱਤਾ ਗਿਆ। ਅੱਜ ! ਅਸੀ 21-ਵੀਂ ਸਦੀ ‘ਚ ਪਹੰੁਚ ਗਏ ਹਾਂ। ਭਾਰਤ ਹੀ ਦੁਨੀਆਂ ‘ਚ ਅਜਿਹਾ ਦੇਸ਼ ਹੈ ਜਿਥੇ ਜਾਤ-ਪਾਤ, ਛੂਆ-ਛਾਤ ਜਿਹੀ ਲਾਹਨਤ ਹੈ। -75 ਸਾਲਾਂ ਬਾਦ ਵੀ ਇਸ ਕਲੰਕ ਨੂੰ ਸਰਕਾਰਾਂ ਖਤਮ ਨਹੀਂ ਕਰ ਸਕੀਆਂ ਹਨ। ਅੱਜ ਵੀ ਸੰਸਦ ਵਿੱਚ ਜਾਂ ਵਿਧਾਨ ਸਭਾਵਾਂ ਵਿੱਚ ਸਵਰਨ ਜਾਤੀ ਦੇ ਬੈਠੇ ਮੈਂਬਰ ਵੀ ਇਸ ਪਾੜੇ ਨੂੰ ਖਤਮ ਨਹੀਂ ਕਰ ਸਕੇ। ਸਗੋਂ ਤੇ ਇਸ ਪਾੜੇ ਨੂੰ ਹੋਰ ਅੱਗੇ ਵੱਲ ਵਧਾਇਆ ਜਾ ਰਿਹਾ ਹੈ। ਜੋ ਦੇਸ਼ ਲਈ ਹਾਨੀਕਾਰਕ ਸਿੱਧ ਹੋ ਸਕਦਾ ਹੈ। ਪਿਛਲੇ ਸਾਲ ਤੋਂ ਕੋਵਿਡ-19 ਦੀ ਮਹਾਂਮਾਰੀ ਦੌਰਾਨ ਵੀ ਜਾਤੀਵਾਦ ਦੇ ਨਾ ਤੇ ਸਭ ਤੋਂ ਵੱਧ ਮਾਰ ਆਰਥਿਕ ਪੱਖੋਂ ਕੰਮਜੋਰ ਵਰਗ ਤੇ ਹੀ ਪਈ ਹੈ। ਰੁਜਗਾਰ ਖੁਸਣ ਤੋਂ ਬਾਦ ਘਰ ਦੀ ਆਰਥਿਕਤਾ ‘ਚ ਬਿਹਤਰੀ ਲਈ ਕਾਰੀਗਰਾਂ, ਦਸਤਕਾਰਾਂ ਤੇ ਦਲਿਤ ਵਰਗ ਤੋਂ ਬਾਹਰ ਨਿਕਲੇ ਲੋਕਾਂ ਨੂੰ ਮੁੜ ਹੇਠਲੇ ਕਿੱਤਿਆਂ ‘ਚ ਰੁਜ਼ਗਾਰ ਖਾਤਰ ਕੰਮ ਕਰਨਾ ਪੈ ਰਿਹਾ ਹੈ। ਭਾਵ ! ਉਨਾਂ ਨੂੰ ‘‘ਨਾਂ ਤਾਂ ਸਮਾਜਿਕ ਤੇ ਨਾ ਹੀ ਆਰਥਿਕ“ ਆਜ਼ਾਦੀ ਮਿਲੀ। ਸਗੋਂ ਤੇ ਉਨਾਂ ਨੂੰ ਅੱਜ ਵੀ ਸਬਜੀ ਵੇਚਣੀ, ਜੁੱਤੀਆਂ ਵੇਚਣੀਆਂ, ਘਰਾਂ ‘ਚ ਸਾਫ ਸਫਾਈ ਆਦਿ ਤੇ ਹੋਰ ਕਈ ਕੰਮ ਕਰਨ ਲਈ ਪਾਪੜ ਵੇਲਣੇ ਪਏ ਹਨ। ਭਾਵ ! ਉਹ ਜਾਤ-ਪਾਤ ਦੀਆਂ ਵਲਗਣਾ ਤੋਂ ਮੁਕਤ ਨਹੀਂ ਹੋ ਸਕੇ ਹਨ। ਇਹ ਤਾਂ ਸੰਗਠਨ ਖੇਤਰ ਹੀ ਹੈ ਜਿਥੇ ਕਿਰਤੀ ਰੁਜਗਾਰ ਪ੍ਰਾਪਤ ਕਰਕੇ ਕਾਫੀ ਹੱਦ ਤੱਕ ਜਾਤ-ਪਾਤ ਦੇ ਘੇਰਿਆ ਤੋਂ ਮੁਕਤ ਹੋ ਜਾਂਦਾ ਹੈ। ਪਰ ਹਾਕਮਾਂ ਨੂੰ ਨਵ ਉਦਾਰੀਵਾਦ ਅੰਦਰ ਨਿਜੀਕਰਨ ਰਾਹੀ ਕਿਰਤੀਆਂ ਨੂੰ ਖੇਰੂ-ਖੇਰੂ ਕਰਕੇ ਜਿਥੇ ਆਪਣੇ ਸ਼ੋਸ਼ਣ ਨੂੰ ਤੇਜ ਕਰ ਦਿੱਤਾ ਹੈ। ਉਥੇ ਸਮਾਜਕ ਤੌਰ ਤੇ ਉਨਾਂ ਅੰਦਰ ਵੰਡੀਆਂ ਪਾਉਣ ਨੂੰ ਵੀ ਬੜਾਵਾ ਦਿੱਤਾ ਹੈ।

ਜਾਤ-ਪਾਤ ਅੱਤਿਆਚਾਰ ਅਤੇ ਵਿਤਕਰੇਬਾਜੀ ਵਿਰੁੱਧ ਖਾਸ ਕਰਕੇ ਦਲਿਤਾਂ ਅਤੇ ਅਤਿ ਪੱਛੜੇ ਵਰਗਾਂ ਦੇ ਜਨ ਸਮੂਹ ਦੇ ਸਬੰਧਤ ਮੁੱਦੇ ਲੈਕੇ ਉਨਾਂ ਨੂੰ ਜੱਥੇਬੰਦਕ ਕਰਕੇ ਸੰਘਰਸ਼ਾਂ ਵਿੱਚ ਪਾਉਣਾ ਚਾਹੀਦਾ ਹੈ। ਸਮਾਜਿਕ ਨਿਆਂ ਦੇ ਲਈ ਦਲਿਤਾਂ, ਦੂਸਰੇ ਕਮਜ਼ੋਰ ਭਾਗਾਂ ਦੀ ਲਾਮਬੰਦੀ ਹੀ ਉਨਾਂ ਨਾਲ ਹੋ ਰਹੇ ਹਰ ਪ੍ਰਕਾਰ ਦੇ ਵਿਤਕਿਰਿਆ ਤੋਂ ਮੁਕਤੀ ਵੱਲ ਵੱਧਣ ਦਾ ਰਾਹ ਹੈ। ਲੋਕਾਂ ਨੂੰ ਉਨ੍ਹਾਂ ਦੇ ਜਮਹੂਰੀ ਅਧਿਕਾਰਾਂ ਦੀ ਰਾਖੀ ਕਰਨ ਤੇ ਸਮਾਜਕ-ਆਰਥਿਕ ਮੁੱਦਿਆ ਲਈ ਜਾਣੂ ਕਰਕੇ ਲਾਮਬੰਦ ਕਰਨਾ ਚਾਹੀਦਾ ਹੈ ਅਤੇ ਸਮਾਜਕ ਵਿਤਕਿਰਿਆਂ ਤੋਂ ਆਜ਼ਾਦੀ ਵੱਲ ਵੱਧਣਾ ਹੋਵੇਗਾ।

ਸੰਪਰਕ: 91-98725-44738 ਕੈਲਗਰੀ :001-403-285-4208

Check Also

ਕੀ ਅਸੀਂ ਵਸਤੂਆਂ ਬਣ ਗਏ ?

ਜਿਨ੍ਹਾਂ ਸਮਿਆਂ ‘ਚ ਹੁਣ ਅਸੀਂ ਜ਼ਿੰਦਗੀ ਜਿਉਂ ਰਹੇ ਹਾਂ, ਇਹ ਜ਼ਿੰਦਗੀ ਨਹੀਂ, ਭਰਮ ਹੈ। ਅਸੀਂ …

Leave a Reply

Your email address will not be published. Required fields are marked *