ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਕਾਰਨ ਦੇਸ਼ ‘ਚ 17 ਮਈ ਤੱਕ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ‘ਚ ਹੀ ਦੇਸ਼ ਦੇ ਲੋਕਾਂ ਲਈ ਕੁਝ ਰਾਹਤ ਦੀ ਖਬਰ ਹੈ ਕਿ ਭਾਰਤੀ ਰੇਲਵੇ ਨੇ ਪੈਸੇਂਜਰ ਟਰੇਨਾਂ ਚਲਾਉਣ ਲਈ ਕਮਰ ਕੱਸ ਲਈ ਹੈ। ਭਾਰਤੀ ਰੇਲਵੇ ਨੇ ਐਲਾਨ ਕੀਤਾ ਹੈ ਕਿ ਉਹ 12 ਮਈ ਤੋਂ ਚਰਨਬੱਧ ਤਰੀਕੇ ਨਾਲ ਸੇਵਾਵਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਭਾਰਤੀ ਰੇਲਵੇ ਦੀ ਯੋਜਨਾ ਹੈ ਕਿ 12 ਮਈ ਤੋਂ ਹੌਲੀ ਹੌਲੀ ਟਰੇਨਾਂ ਦਾ ਸੰਚਾਲਨ ਸ਼ੁਰੂ ਕੀਤਾ ਜਾਵੇਗਾ।
ਇਹ ਸਾਰੀਆਂ ਸਪੈਸ਼ਲ ਟਰੇਨਾਂ ਹੋਣਗੀਆਂ ਜਿਨ੍ਹਾਂ ਨੂੰ ਨਵੀਂ ਦਿੱਲੀ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਚਲਾਇਆ ਜਾਵੇਗਾ। ਇਸ ਦੌਰਾਨ ਨਵੀਂ ਦਿੱਲੀ ਸਟੇਸ਼ਨ ਤੋਂ ਡਿਬਰੂਗੜ੍ਹ, ਅਗਰਤਲਾ, ਹਾਵੜਾ, ਪਟਨਾ, ਬਿਲਾਸਪੁਰ, ਰਾਂਚੀ, ਭੁਵਨੇਸ਼ਵਰ, ਸਿਕੰਦਰਾਬਾਦ, ਬੈਂਗਲੁਰੂ, ਚੇਨਈ, ਤਿਰੁਵਨੰਤਪੁਰਮ, ਮਡਗਾਂਵ, ਮੁੰਬਈ ਸੈਂਟਰਲ, ਅਹਿਮਦਾਬਾਦ ਤੇ ਜੰਮੂ ਤਵੀ ਨੂੰ ਜੋੜਨ ਵਾਲੀ ਇਨ੍ਹਾਂ ਟਰੇਨਾਂ ਨੂੰ ਵਿਸ਼ੇਸ਼ ਟਰੇਨਾਂ ਦੇ ਰੂਪ ‘ਚ ਚਲਾਇਆ ਜਾਵੇਗਾ।
ਰੇਲ ਮੰਤਰੀ ਪਿਊਸ਼ ਗੋਇਲ ਨੇ ਟਵੀਟ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਪਿਊਸ਼ ਗੋਇਲ ਨੇ ਟਵੀਟ ‘ਚ ਲਿਖਿਆ ਹੈ, ਭਾਰਤੀ ਰੇਲਵੇ ਹੌਲੀ-ਹੌਲੀ ਪੈਸੇਂਜਰ ਚਲਾਉਣ ਬਾਰੇ ਸੋਚ ਰਿਹਾ ਹੈ। ਇਸ ਨੂੰ 12 ਮਈ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਇਹ ਰੇਲਾਂ ਨਵੀਂ ਦਿੱਲੀ ਤੋਂ ਚੱਲਣਗੀਆਂ ਅਤੇ ਦੇਸ਼ ਦੇ ਵੱਖ-ਵੱਖ ਸਟੇਸ਼ਨਾਂ ਤੱਕ ਜਾਣਗੀਆਂ। ਸਪੈਸ਼ਲ ਰੇਲਾਂ ਦੀ ਬੁਕਿੰਗ ਆਈਆਰਟੀਸੀ ‘ਤੇ 11 ਮਈ ਯਾਨੀ ਕੱਲ ਸ਼ਾਮ 4 ਵਜੇ ਸ਼ੁਰੂ ਹੋਵੇਗੀ।