ਜਾਰਜੀਆ: ਅਮਰੀਕਾ ਦੇ ਜੰਗਲ ਛੱਡ ਕੇ ਫਰਾਰ ਹੋਈ ਭਾਰਤੀ ਔਰਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਰਜੀਆ ਸੂਬੇ ਦੀ ਫਰਸਾਈਥ ਕਾਊਂਟੀ Forsyth County ‘ਚ ਚਾਰ ਸਾਲ ਪਹਿਲਾਂ ਲਾਵਾਰਿਸ ਮਿਲੀ ਬੱਚੀ ਦੀ ਮਾਂ 40 ਸਾਲ ਦੀ ਕਰੀਮਾ ਜੀਵਨੀ ਦੱਸੀ ਜਾ ਰਹੀ ਹੈ, ਜਿਸ ਨੂੰ ਪੁਲਿਸ ਨੇ ਜੇਲ੍ਹ ਵਿਚ ਡੱਕ ਦਿੱਤਾ ਹੈ। ਸ਼ੈਰਿਫ਼ ਰੋਨ ਫਰੀਮੈਨ (Sheriff Ron Freeman) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ 6 ਜੂਨ 2019 ਦੀ ਸ਼ਾਮ ਫੋਰਸਾਈਥ ਕਾਊਂਟੀ ਦੇ ਦੱਖਣ ਪੂਰਬੀ ਇਲਾਕੇ ਵਿਚ ਪੈਂਦੇ ਡੇਵਜ਼ ਕਰੀਕ ਰੋਡ ਦੇ 1900 ਬਲਾਕ ਨੇੜੇ ਸੁੰਨਸਾਨ ਇਲਾਕੇ ‘ਚ ਇੱਕ ਬੱਚੀ ਦੇ ਰੋਣ ਦੀ ਆਵਾਜ਼ ਆਈ। ਨੇੜ੍ਹੇ ਹੀ ਰਹਿੰਦੇ ਐਲਨ ਨੇ ਬੱਚੀ ਦੀ ਆਵਾਜ਼ ਸੁਣੀ ਤਾਂ ਤੁਰੰਤ ਐਮਰਜੰਸੀ ਨੰਬਰ ‘ਤੇ ਕਾਲ ਕੀਤੀ। ਪ੍ਰਮਾਤਮਾ ਦੀ ਮਿਹਰ ਸਦਕਾ ਬੱਚਾ ਜਿਊਂਦਾ ਮਿਲ ਗਿਆ ਅਤੇ ਇਸ ਨੂੰ ‘ਬੇਬੀ ਇੰਡੀਆ` ਨਾਮ ਦਿੱਤਾ ਗਿਆ।
ਬੱਚੀ ਨੂੰ ਲੈਣ ਗਏ ਪੁਲਿਸ ਅਫਸਰਾਂ ਦੇ ਬੌਡੀ ਕੈਮਰਿਆਂ ਰਾਹੀਂ ਰਿਕਾਰਡ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੱਚੀ ਦਾ ਨਾੜੂਆ ਹਾਲੇ ਵੀ ਜਿਉਂ ਦਾ ਤਿਉਂ ਕਾਇਮ ਸੀ। ਬੱਚੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਅੱਜ ਉਸ ਦੀ ਉਮਰ ਚਾਰ ਸਾਲ ਹੋ ਚੁੱਕੀ ਹੈ। ਸ਼ੈਰਿਫ਼ ਰੋਨ ਫਰੀਮੈਨ ਨੇ ਕਿਹਾ ਕਿ ਅਜਿਹੀ ਘਿਨਾਉਣੀ ਹਰਕਤ ਕੋਈ ਕਿਵੇਂ ਕਰ ਸਕਦਾ ਸੀ। ਪੁਲਿਸ ਨੇ ਮਾਮਲੇ ਦੀ ਪੜਤਾਲ ਜਾਰੀ ਰੱਖੀ ਅਤੇ ਲਗਭਗ 10 ਮਹੀਨੇ ਪਹਿਲਾਂ ਬੱਚੀ ਦੇ ਬਾਇਓਲੋਜੀਕਲ ਪਿਤਾ ਬਾਰੇ ਪਤਾ ਲੱਗ ਗਿਆ। ਪਿਤਾ ਦੇ ਡੀ.ਐਨ.ਏ. ਮਗਰੋਂ ਮਾਂ ਦੇ ਡੀ.ਐਨ.ਏ. ਮਿਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਆਖਰਕਾਰ ਉਹ ਵੀ ਮਿਲ ਗਈ।
ਕਰੀਮਾ ਜੀਵਨੀ ਵਿਰੁੱਧ ਇਰਾਦਾ ਕਤਲ, ਬੱਚਿਆਂ ਪ੍ਰਤੀ ਜ਼ਾਲਮਾਨਾ ਵਰਤਾਉ ਕਰਨ, ਹਮਲਾ ਕਰਨ ਅਤੇ ਬੱਚੀ ਨੂੰ ਲਾਵਾਰਿਸ ਛੱਡਣ ਦੇ ਦੋਸ਼ ਆਇਦ ਕੀਤੇ ਗਏ ਹਨ। ਬੱਚੀ ਦੇ ਪਿਤਾ ਵਿਰੁੱਧ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ ਕਿਉਂਕਿ ਉਸ ਨੂੰ ਜਣੇਪੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਬੱਚੀ ਦੇ ਪਿਤਾ ਨੇ ਕਰੀਮਾ ਦੇ ਪੋਤੜੇ ਫਰੋਲਦਿਆਂ ਕਿਹਾ ਕਿ ਉਸ ਦੇ ਕਈ ਹੋਰ ਬੱਚੇ ਵੀ ਹੋ ਸਕਦੇ ਹਨ ਜਿਨ੍ਹਾਂ ਦੀ ਉਮਰ ਸਕੂਲ ਜਾਣ ਵਾਲੇ ਬੱਚਿਆਂ ਤੋਂ ਲੈ ਕੇ ਬਾਲਗਾਂ ਤੱਕ ਹੋ ਸਕਦੀ ਹੈ।
ਦੱਸਣਯੋਗ ਹੈ ਕਿ ਕਰੀਮਾ ਜੀਵਨੀ ਨੇ ਕਈ ਵਾਰ ਲੁਕਵੇਂ ਤੌਰ ‘ਤੇ ਬੱਚਿਆਂ ਨੂੰ ਜਨਮ ਦਿਤਾ ਪਰ ਇਹ ਬੱਚੇ ਇਸ ਵੇਲੇ ਕਿਥੇ ਹਨ, ਕੋਈ ਨਹੀਂ ਜਾਣਦਾ। ਉੱਧਰ ਟੋਰਾਂਟੋ ਦੇ ਪੱਛਮ ਵੱਲ ਸਥਿਤ ਓਕਵਿਲ ਦੇ ਇੱਕ ਪਾਰਕ ‘ਚੋਂ ਫੀਟਸ ਯਾਨੀ ਭਰੂਣ ਮਿਲਣ ਦੀ ਘਟਨਾ ਨੇ ਭੜਥੂ ਪਾ ਦਿਤਾ। ਬੱਚੇ ਦੀ ਮੌਤ ਦਾ ਮਾਮਲਾ ਮੰਨਦਿਆਂ ਪੁਲਿਸ ਵੱਲੋਂ ਹੋਮੀਸਾਈਡ ਯੂਨਿਟ ਨੂੰ ਸੱਦਿਆ ਗਿਆ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 905-825-4776 ‘ਤੇ ਸੰਪਰਕ ਕਰੇ। ਸੰਭਾਵਤ ਤੌਰ ‘ਤੇ ਭਰੂਣ ਪਾਰਕ ਵਿਚ 18 ਮਈ ਨੂੰ ਸ਼ਾਮ ਤਕਰੀਬਨ 7 ਵਜੇ ਸੁੱਟਿਆ ਗਿਆ।