ਕੈਲੀਫੋਰਨੀਆ : ਆਪਣੀ ਪਤਨੀ ਅਤੇ ਤਿੰਨ ਬੱਚਿਆਂ ਦਾ ਕਤਲ ਕਰਨ ਵਾਲੇ ਭਾਰਤੀ ਮੂਲ ਦੇ ਸ਼ੰਕਰ ਨਾਗੱਪਾ ਨੂੰ ਅਮਰੀਕੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸ਼ੰਕਰ ਨਾਗੱਪਾ ਨੇ 2019 ‘ਚ ਕੈਲੇਫੋਰਨੀਆ ਦੇ ਰੋਜ਼ਵਿਲ ਤੋਂ 320 ਕਿਲੋਮੀਟਰ ਉੱਤਰ ਵੱਲ ਸਥਿਤ ਮਾਊਂਟ ਸ਼ਾਸਤਾ ਪੁਲਿਸ ਅੱਗੇ ਆਤਮ ਸਮਰਪਣ ਕਰਦਿਆਂ ਚਾਰ ਕਤਲ ਕਬੂਲ ਕੀਤੇ। ਪੁਲਿਸ ਨੇ ਸ਼ੰਕਰ ਦੀ ਪਤਨੀ ਅਤੇ ਦੋ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਜੰਕਸ਼ਨ ਰੋਡ ‘ਤੇ ਸਥਿਤ ਘਰ ‘ਚੋਂ ਬਰਾਮਦ ਕੀਤੀਆਂ ਜਦਕਿ ਉਸ ਦੇ ਵੱਡੇ ਬੇਟੇ ਦੀ ਲਾਸ਼ ਕਾਰ ਦੀ ਡਿੱਗੀ ‘ਚੋਂ ਬਰਾਮਦ ਕੀਤੀ ਗਈ।
ਪੁਲਿਸ ਮੁਤਾਬਕ ਸ਼ੰਕਰ ਨੇ ਪਹਿਲਾ ਕਤਲ 7 ਅਕਤੂਬਰ 2019 ਨੂੰ ਕੀਤਾ ਅਤੇ ਪੁਲਿਸ ਅੱਗੇ 13 ਅਕਤੂਬਰ ਨੂੰ ਪੇਸ਼ ਹੋਇਆ। ਇਸ ਦੌਰਾਨ ਉਸ ਨੇ 46 ਸਾਲੀ ਦੀ ਜੋਤੀ ਸ਼ੰਕਰ, 20 ਸਾਲ ਦੇ ਵਰੁਣ ਸ਼ੰਕਰ, 16 ਸਾਲ ਦੀ ਗੋਰੀ ਹੰਗੁੜ ਅਤੇ 13 ਸਾਲ ਦੇ ਨਿਸ਼ਚਲ ਹੰਗੁੜ ਦਾ ਕਤਲ ਕੀਤਾ।
ਸ਼ੰਕਰ ਨੇ ਪਹਿਲਾ ਤਾਂ ਕਤਲ ਕਬੂਲ ਕਰ ਲਏ ਪਰ ਬਾਅਦ ‘ਚ ਕਬੂਲਨਾਮੇ ਤੋਂ ਮੁਕਰ ਗਿਆ ਪਰ ਪਿਛਲੇ ਮਹੀਨੇ ਉਸ ਨੇ ਮੁੜ ਕਬੂਲਨਾਮਾ ਦਾਖ਼ਲ ਕਰਦਿਆਂ ਤਿੰਨ ਬੱਚਿਆਂ ਦਾ ਕਤਲ ਕਰਨ ਅਤੇ ਪਤਨੀ ਨੂੰ ਖੁਦਕੁਸ਼ੀ ਕਰਨ ‘ਚ ਮਦਦ ਕਰਨ ਦਾ ਜ਼ਿਕਰ ਕੀਤਾ। ਹੁਣ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਕਾਤਲ ਨੂੰ ਬਗ਼ੈਰ ਪੈਰੋਲ ਦੀ ਸੰਭਾਵਨਾ ਤੋਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।