ਨਵੀ ਦਿੱਲੀ : ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪੀ.ਟੀ. ਊਸ਼ਾ ਦੇ ਪਤੀ ਵੀ. ਸ੍ਰੀਨਿਵਾਸਨ ਦਾ ਸ਼ੁੱਕਰਵਾਰ ਤੜਕੇ ਦਿਹਾਂਤ ਹੋ ਗਿਆ। ਸ੍ਰੀਨਿਵਾਸਨ ਥਿੱਕੋਡੀ ਪੇਰੂਮਲਪੁਰਮ ਵਿੱਚ ਆਪਣੇ ਘਰ ਬੇਹੋਸ਼ ਹੋ ਕੇ ਡਿੱਗ ਪਏ ਸਨ। ਉਨ੍ਹਾਂ ਨੂੰ ਤੁਰੰਤ ਨੇੜੇ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੀ.ਟੀ. ਊਸ਼ਾ ਇੱਕ ਸੰਸਦੀ ਸੈਸ਼ਨ ਤੋਂ ਵਾਪਸ ਆ ਰਹੀ ਸੀ ਅਤੇ ਘਰ ਮੌਜੂਦ ਨਹੀਂ ਸੀ
ਪੀਟੀ ਊਸ਼ਾ ਦੇ ਪਤੀ ਦੇ ਅਚਾਨਕ ਦੇਹਾਂਤ ਨਾਲ ਹਰ ਕੋਈ ਬਹੁਤ ਸਦਮੇ ਵਿੱਚ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪੀਟੀ ਊਸ਼ਾ ਨਾਲ ਗੱਲਬਾਤ ਕੀਤੀ ਅਤੇ ਇਸ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਨਾਲ ਸੰਵੇਦਨਾ ਪ੍ਰਗਟ ਕੀਤੀ। ਉਨ੍ਹਾਂ ਨੇ ਇਸ ਮੁਸ਼ਕਲ ਸਮੇਂ ਦੌਰਾਨ ਪਰਿਵਾਰ ਨਾਲ ਵੀ ਸੰਵੇਦਨਾ ਪ੍ਰਗਟ ਕੀਤੀ। ਕਿਰੇਨ ਰਿਜਿਜੂ ਨੇ ਟਵੀਟ ਕਰਦਿਆਂ ਲਿਖਿਆ ਕਿ “ਰਾਜ ਸਭਾ ਮੈਂਬਰ ਅਤੇ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀ.ਟੀ. ਊਸ਼ਾ ਜੀ ਦੇ ਪਤੀ ਸ਼੍ਰੀ ਵੀ. ਸ੍ਰੀਨਿਵਾਸਨ ਜੀ ਦੇ ਦੇਹਾਂਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਊਸ਼ਾ ਜੀ ਅਤੇ ਦੁਖੀ ਪਰਿਵਾਰ ਪ੍ਰਤੀ ਮੇਰੀਆਂ ਡੂੰਘੀਆਂ ਸੰਵੇਦਨਾਵਾਂ। ਇਸ ਮੁਸ਼ਕਲ ਸਮੇਂ ਵਿੱਚ ਪਰਮਾਤਮਾ ਉਨ੍ਹਾਂ ਨੂੰ ਹਿੰਮਤ ਬਖਸ਼ੇ।”
ਦੱਸ ਦਈਏ ਕਿ ਪੀ.ਟੀ. ਊਸ਼ਾ ਦੇ ਪਤੀ, ਵੀ. ਸ਼੍ਰੀਨਿਵਾਸਨ, 67 ਸਾਲ ਦੇ ਸਨ। ਵੀ. ਸ੍ਰੀਨਿਵਾਸਨ ਦਾ ਜਨਮ ਕੁਟਿੱਕਾਡ ਪੋਨਾਨੀ ਦੇ ਵੇਂਗਾਲੀ ਥਾਰਵਾਦ ਵਿੱਚ ਨਾਰਾਇਣਨ ਅਤੇ ਸਰੋਜਨੀ ਦੇ ਘਰ ਹੋਇਆ ਸੀ। ਉਹ ਸੈਂਟਰਲ ਇੰਡਸਟਰੀਅਲ ਸਕਿਓਰਿਟੀ ਫੋਰਸ (CISF) ਵਿੱਚ ਡਿਪਟੀ ਸੁਪਰਡੈਂਟ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਨੇ 1991 ਵਿੱਚ ਪੀ.ਟੀ. ਊਸ਼ਾ ਨਾਲ ਵਿਆਹ ਕਰਵਾਇਆ ਸੀ।
ਕੇਂਦਰ ਸਰਕਾਰ ਦੇ ਸਾਬਕਾ ਕਰਮਚਾਰੀ ਵੀ. ਸ੍ਰੀਨਿਵਾਸਨ ਨੇ ਆਪਣੀ ਪਤਨੀ ਪੀ.ਟੀ. ਊਸ਼ਾ ਦੇ ਸ਼ਾਨਦਾਰ ਖੇਡ ਅਤੇ ਸਿਆਸੀ ਕਰੀਅਰ ਦੌਰਾਨ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ। ਉਨ੍ਹਾਂ ਨੂੰ ਪੀ.ਟੀ. ਊਸ਼ਾ ਦਾ ਮਜ਼ਬੂਤ ਸਹਾਰਾ ਅਤੇ ਉਨ੍ਹਾਂ ਦੀਆਂ ਕਈ ਪੇਸ਼ੇਵਰ ਪ੍ਰਾਪਤੀਆਂ ਪਿੱਛੇ ਪ੍ਰੇਰਨਾ ਸਰੋਤ ਮੰਨਿਆ ਜਾਂਦਾ ਸੀ। ਸ੍ਰੀਨਿਵਾਸਨ ਅਤੇ ਪੀ.ਟੀ. ਊਸ਼ਾ ਦਾ ਇੱਕ ਬੇਟਾ ਵੀ ਹੈ ਜਿਸਦਾ ਨਾਮ ਉੱਜਵਲ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

