ਨਿਊਜ਼ ਡੈਸਕ – ਯੂਕਰੇਨ ਤੇ ਰੂਸ ਵੱਲੋਂ ਹਮਲਾ ਕੀਤੇ ਜਾਣ ਦੀਆਂ ਸ਼ੰਕਾਵਾਂ ਨੁੂੰ ਧਿਆਨ ‘ਚ ਰੱਖਦੇ ਹੋਇਆ ਉੱਥੇ ਰਹਿ ਰਹੇ ਭਾਰਤੀ ਵਿਦਿਆਰਥੀਆਂ ਅਤੇ ਵਸਨੀਕਾਂ ਨੂੰ ਦੇਸ਼ ਛੱਡਣ ਲਈ ਕਹਿ ਦਿੱਤਾ ਗਿਆ ਹੈ।
ਭਾਰਤੀ ਦੂਤਾਵਾਸ ਵੱਲੋਂ ਜਾਰੀ ਕੀਤੀ ਗਈ ਇੱਕ ਐਡਵਾਇਜ਼ਰੀ ‘ਚ ਕਿਹਾ ਗਿਆ ਹੈ ਕਿ ਜੇ ਰਹਿਣਾ ਬਹੁਤ ਜ਼ਰੂਰੀ ਨਾ ਹੋਵੇ ਤਾਂ ਬਿਹਤਰ ਹੈ ਕਿ ਫਿਲਹਾਲ ਦੇਸ਼ ਛੱਡ ਜਾਓ। ਵਿਦਿਆਰਥੀਆਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਮਾਪੇ ਚਿੰਤਾ ਚ ਹਨ ਇਸ ਕਰਕੇ ਉਹ ਸੁਰੱਖਿਅਤ ਜਗ੍ਹਾਵਾਂ ਤੇ ਚਲੇ ਜਾਣ । ਇਹ ਐਡਵਾਈਜ਼ਰੀ ਪਹਿਲਾਂ ਜਾਰੀ ਕੀਤੀ ਗਈ ਜਦੋਂ ਕਿ ਰੂਸ ਵੱਲੋਂ ਯੂਕਰੇਨ ਦੀਆਂ ਸਰਹੱਦਾਂ ਤੇ ਲਗਾਤਾਰ ਬਣਾਏ ਜਾਣ ਵਾਲੇ ਫ਼ੌਜੀ ਦਬਾਅ ਦੇ ਚਲਦੇ ਜੰਗ ਦੇ ਆਸਾਰ ਬਣਦੇ ਵਿਖਾਈ ਦੇ ਰਹੇ ਹਨ। ਭਾਰਤੀ ਦੂਤਾਵਾਸ ਨੇ ਯੂਕਰੇਨ ਵਿੱਚ ਆਪਣੇ ਨਾਗਰਿਕਾਂ ਲਈ ਸੇਵਾਵਾਂ ਨੂੰ ਜਾਰੀ ਰੱਖਣ ਦੀ ਗੱਲ ਬਾਰੇ ਵੀ ਦੱਸਿਆ ਹੈ।
ਭਾਰਤੀ ਦੂਤਾਵਾਸ ਨੇ ਖ਼ਾਸ ਤੌਰ ਤੇ ਯੂਕਰੇਨ ਚ ਰਹਿ ਰਹੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਸਥਾਈ ਤੌਰ ਤੇ ਯੂਕਰੇਨ ਛੱਡ ਦੇਣ ਕਿਉਂਕਿ ਮੌਜੂਦਾ ਹਾਲਾਤਾਂ ਦੇ ਚੱਲਦੇ ਰੂਸ ਕਿਸੇ ਵਕਤ ਵੀ ਯੂਕਰੇਨ ਤੇ ਹਮਲਾ ਕਰ ਸਕਦਾ ਹੈ।

ਹਾਲਾਂਕਿ ਇਸ ਬਣੇ ਫ਼ੌਜੀ ਦਬਾਅ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਦਰਮਿਆਨ ਟੈਲੀਫੋਨ ਤੇ ਲੰਮੀ ਗੱਲਬਾਤ ਵੀ ਹੋਈ ਹੈ। ਇਸ ਗੱਲਬਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਇਸ ਤਾਜ਼ਾ ਬਣੀ ਸਥਿਤੀ ਨੁੂੰ ਲੇੈ ਕੇ ਗੰਭੀਰ ਨਤੀਜਿਆਂ ਲਈ ਰੁੂਸ ਨੂੰ ਤਿਆਰ ਰਹਿਣ ਲਈ ਅਗਾਹ ਕੀਤਾ ਹੈ।
ਅਮਰੀਕਾ ਨੇ ਯੂਕਰੇਨ ਤੋਂ ਆਪਣੇ ਕਰਮਚਾਰੀਆਂ ਨੂੰ ਵਾਪਸ ਕੱਢਣ ਤਰਤੀਬ ਬਣਾ ਲਈ ਹੈ ਤੇ ਉਨ੍ਹਾਂ ਨੇ ਸਟਾਫ ਨੂੰ ਕੱਢਣ ਦੀਆਂ ਤਿਆਰੀਆਂ ਕਰ ਲਈਆਂ ਹਨ। ਮੌਜੂਦਾ ਸਥਿਤੀ ਨੂੰ ਲੈ ਕੇ ਪੂਰਬੀ ਯੂਰੋਪੀਅਨ ਮੁਲਕਾਂ ਦਾ ਮੰਨਣਾ ਹੈ ਕਿ ਜੇਕਰ ਜੰਗ ਦੀ ਸਥਿਤੀ ਬਣਦੀ ਹੈ ਤੇ ਫਿਰ ਵੱਡੇ ਪੱਧਰ ਤੇ ਮਨੁੱਖੀ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਹੈ ਤੇ ਵੱਡੀ ਗਿਣਤੀ ਚ ਰਿਫ਼ਿਊਜੀਆਂ ਦਾ ਤਾਂਤਾ ਲੱਗ ਜਾਵੇਗਾ । ਇਸ ਸਥਿਤੀ ਨੂੰ ਲੈ ਕੇ ਆਸਟ੍ਰੇਲੀਆ ਤੋੰ ਇੰਗਲੈਂਡ ਤੇ ਹੰਗਰੀ ਤੋਂ ਫਰਾਂਸ , ਸਾਰੇ ਮੁਲਕਾਂ ਦਾ ਇਹੀ ਮੰਨਣਾ ਹੈ।