ਟੋਰਾਂਟੋ ਪੁਲਿਸ ਵਲੋਂ ਅਗਵਾ ਦੇ ਮਾਮਲੇ ‘ਚ ਭਾਰਤੀ ਮੂਲ ਦਾ ਵਿਅਕਤੀ ਗ੍ਰਿਫਤਾਰ

TeamGlobalPunjab
2 Min Read

ਟੋਰਾਂਟੋ: ਕੈਨੇਡਾ ਦੇ ਸਕਾਰਬ੍ਰੋਅ ਇਲਾਕੇ ਵਿਚ ਸੋਮਵਾਰ ਸ਼ਾਮ ਇਕ ਮਹਿਲਾ ਨੂੰ ਕਥਿਤ ਤੌਰ ‘ਤੇ ਅਗਵਾ ਕਰ ਲਿਆ ਗਿਆ ਜੋ ਕੁਝ ਘੰਟੇ ਬਾਅਦ ਮਿਲ ਗਈ। ਟੋਰਾਂਟੋ ਪੁਲਿਸ ਵਲੋਂ ਇਸ ਮਾਮਲੇ ‘ਚ 34 ਸਾਲਾ ਸੰਤੋਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਸੰਤੋਸ਼ ‘ਤੇ ਅਗਵਾ, ਪ੍ਰੇਸ਼ਾਨੀ, ਜ਼ਬਰਦਸਤੀ ਕੈਦ, ਹਮਲੇ ਸਣੇ ਹੋਰ ਕਈ ਦੋਸ਼ ਆਇਦ ਕੀਤੇ ਗਏ ਹਨ। ਟੋਰਾਂਟੋ ਪੁਲਿਸ ਦੇ ਕਾਂਸਟੇਬਲ ਡੇਵਿਡ ਹੌਪਕਿਨਜ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਹਿਲਾ ਦੇ ਸਰੀਰ ‘ਤੇ ਸੱਟਾਂ ‘ਤੇ ਨਿਸ਼ਾਨ ਮਿਲੇ ਪਰ ਇਹ ਗੰਭੀਰ ਨਹੀਂ ਹਨ।

ਪੁਲਿਸ ਮੁਤਾਬਕ ਸਕਾਰਬ੍ਰੋਅ ਦੀ ਐਂਮਪ੍ਰਿੰਘਮ ਡਰਾਈਵ ਅਤੇ ਸਵੈਲਜ਼ ਰੋਡ ‘ਤੇ ਸੋਮਵਾਰ ਸ਼ਾਮ 5:40 ਵਜੇ ਇਕ ਮਹਿਲਾ ਨੂੰ ਕਾਰ ‘ਚ ਜ਼ਬਰਦਸਤੀ ਬਿਠਾਇਆ ਗਿਆ। ਪੁਲਿਸ ਨੇ ਅਗਵਾਕਾਰ ਅਤੇ ਔਰਤ ਦਰਮਿਆਨ ਕਿਸੇ ਕਿਸਮ ਦੇ ਰਿਸ਼ਤੇ ਬਾਰੇ ਕੋਈ ਜ਼ਿਕਰ ਨਾ ਕੀਤਾ।

ਬੀਤੇ ਦਿਨੀਂ ਪੁਲਿਸ ਨੇ ਲੋਕਾਂ ਤੋਂ ਸੰਤੋਸ਼ ਕੁਮਾਰ ਦੀ ਭਾਲ ਲਈ ਸਹਾਇਤਾ ਮੰਗੀ ਸੀ। ਪੁਲਿਸ ਨੇ ਪਛਾਣ ਦੱਸਦੇ ਹੋਏ ਕਿਹਾ ਸੀ ਕਿ ਉਸ ਨੇ ਵਾਰਦਾਤ ਵੇਲੇ ਗਰੇਅ ਅਤੇ ਵਾਈਟ ਸ਼ਰਟ ਨਾਲ ਨੀਲੇ ਰੰਗ ਦਾ ਸ਼ੌਰਟਸ ਪਹਿਨੇ ਸਨ। ਵਾਰਦਾਤ ਦੌਰਾਨ ਵਰਤੀ ਗਈ ਗੱਡੀ ਕਾਲੇ ਰੰਗ ਦੀ ਐਕਿਊਰਾ ਟੀ ਐਸ ਐਕਸ ਦੱਸੀ ਗਈ ਹੈ ਜਿਸ ਦਾ ਨੰਬਰ ਸੀ.ਕੇ.ਜੇ. ਈ. 528 ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਜੇ ਕਿਸੇ ਨੂੰ ਸੰਤੋਸ਼ ਕੁਮਾਰ ਨਜ਼ਰ ਆਉਂਦਾ ਹੈ ਤਾਂ ਉਸ ਦੇ ਨਜ਼ਦੀਕ ਜਾਣ ਦੀ ਬਜਾਏ 911 ‘ਤੇ ਕਾਲ ਕੀਤੀ ਜਾਵੇ। ਪੁਲਿਸ ਨੇ ਸੰਤੋਸ਼ ਕੁਮਾਰ ਨੂੰ ਵੀ ਆਤਮ-ਸਮਰਪਣ ਕਰਨ ਦੀ ਅਪੀਲ ਕੀਤੀ ਸੀ।

Share this Article
Leave a comment