ਵਾਸ਼ਿੰਗਟਨ: ਅਮਰੀਕਾ ‘ਚ ਮਨੁੱਖੀ ਤਸਕਰੀ ਦੇ ਦੋਸ਼ ‘ਚ ਭਾਰਤੀ ਮੂਲ ਦੇ ਵਿਅਕਤੀ ਸਣੇ ਦੋ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਸਾਲ 2022 ਵਿੱਚ, ਅਮਰੀਕਾ-ਕੈਨੇਡਾ ਸਰਹੱਦ ‘ਤੇ ਇੱਕ ਭਾਰਤੀ ਪਰਿਵਾਰ ਦੀ ਠੰਢ ਕਾਰਨ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਅਮਰੀਕੀ ਰਾਜ ਮਿਨੇਸੋਟਾ ਦੀ ਜਿਊਰੀ ਨੇ ਭਾਰਤੀ ਮੂਲ ਦੇ ਹਰਸ਼ ਕੁਮਾਰ ਰਮਨਲਾਲ ਪਟੇਲ, ਜਿਸ ਨੂੰ ਡਰਟੀ ਹੈਰੀ ਵੀ ਕਿਹਾ ਜਾਂਦਾ ਹੈ, ਨੂੰ ਦੋਸ਼ੀ ਠਹਿਰਾਇਆ ਹੈ। ਹਰਸ਼ ਕੁਮਾਰ ਦੇ ਨਾਲ ਫਲੋਰੀਡਾ ਨਿਵਾਸੀ ਸਟੀਵ ਸ਼ੈਂਡ ਨੂੰ ਵੀ ਦੋਸ਼ੀ ਮੰਨਿਆ ਗਿਆ ਹੈ।
ਗੁਜਰਾਤੀ ਪਰਿਵਾਰ ਦੀ ਹੋਈ ਸੀ ਮੌਤ
ਡਰਟੀ ਹੈਰੀ ਅਤੇ ਸਟੀਵ ਸ਼ੈਂਡ ਇੱਕ ਗੈਰ-ਕਾਨੂੰਨੀ ਮਨੁੱਖੀ ਤਸਕਰੀ ਦੇ ਆਪ੍ਰੇਸ਼ਨ ਦਾ ਹਿੱਸਾ ਸਨ ਜੋ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਸੰਯੁਕਤ ਰਾਜ ਅਮਰੀਕਾ ਵਿੱਚ ਲਿਆਉਂਦੇ ਸਨ। ਪਟੇਲ, 29, ਅਤੇ ਸ਼ਾਂਡ, 50, ਨੂੰ ਮਨੁੱਖੀ ਤਸਕਰੀ ਦੇ ਚਾਰ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜ਼ਿਕਰਯੋਗ ਹੈ ਕਿ 19 ਜਨਵਰੀ 2022 ਨੂੰ ਗੁਜਰਾਤ ਦੇ ਰਹਿਣ ਵਾਲੇ 39 ਸਾਲਾ ਜਗਦੀਸ਼ ਪਟੇਲ, ਉਸ ਦੀ 30 ਸਾਲਾ ਪਤਨੀ ਵੈਸ਼ਾਲੀ ਬੇਨ, 11 ਸਾਲਾ ਬੇਟੀ ਵਿਹਾਂਗੀ ਅਤੇ ਤਿੰਨ ਸਾਲ ਦੇ ਬੇਟੇ ਧਾਰਮਿਕ ਦੀ ਮੌਤ ਹੋ ਗਈ ਸੀ। ਇਹ ਪਰਿਵਾਰ ਅਮਰੀਕਾ ਕੈਨੇਡਾ ਦੀ ਸਰਹੱਦ ‘ਤੇ ਸਥਿਤ ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਐਮਰਸਨ ਸ਼ਹਿਰ ਦੇ ਨੇੜੇ ਮ੍ਰਿਤ ਪਾਇਆ ਗਿਆ ਸੀ। ਇਹਨਾਂ ਦੀ ਮੌਤ ਦਾ ਕਾਰਨ ਹੱਡ ਜਮਾਉਂਦੀ ਠੰਢ ਸੀ। ਗੁਜਰਾਤ ਦਾ ਇਹ ਪਰਿਵਾਰ ਹਰਸ਼ ਕੁਮਾਰ ਪਟੇਲ ਅਤੇ ਸਟੀਵ ਦੀ ਯੋਜਨਾ ਅਨੁਸਾਰ ਅਮਰੀਕਾ ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ।
ਪਟੇਲ ਭਾਰਤੀ ਪ੍ਰਵਾਸੀਆਂ ਦੇ 11 ਮੈਂਬਰੀ ਸਮੂਹ ਦਾ ਹਿੱਸਾ ਸੀ ਜੋ ਅਮਰੀਕਾ ਵਿੱਚ ਗੈਰ-ਕਾਨੂੰਨੀ ਪ੍ਰਵੇਸ਼ ਲਈ ਤਸਕਰਾਂ ਨੂੰ ਪੈਸੇ ਦਿੰਦੇ ਸਨ। ਜਿਊਰੀ ਨੇ ਹਰਸ਼ ਕੁਮਾਰ ਅਤੇ ਸਟੀਵ ਸ਼ੈਂਡ ਨੂੰ ਦੋਸ਼ੀ ਠਹਿਰਾਉਂਦੇ ਹੋਏ ਕਿਹਾ ਕਿ ‘ਇਸ ਮੁਕੱਦਮੇ ਨੇ ਮਨੁੱਖੀ ਤਸਕਰੀ ਅਤੇ ਮੁਨਾਫ਼ੇ ਅਤੇ ਲਾਲਚ ਨੂੰ ਮਨੁੱਖੀ ਜੀਵਨ ਉੱਪਰ ਤਰਜੀਹ ਦੇਣ ਵਾਲਿਆ ਦਾ ਪਰਦਾਫਾਸ਼ ਕੀਤਾ ਹੈ। ‘ਕੁਝ ਹਜ਼ਾਰ ਡਾਲਰ ਕਮਾਉਣ ਲਈ, ਇਹਨਾਂ ਤਸਕਰਾਂ ਨੇ ਪੂਰੇ ਪਰਿਵਾਰ ਨੂੰ ਖ਼ਤਰੇ ‘ਚ ਪਾ ਦਿੱਤਾ ਜਿਸ ਨਾਲ ਪੂਰੇ ਪਰਿਵਾਰ ਦੀ ਦੁਖਦਾਈ ਮੌਤ ਹੋ ਜਾਂਦੀ ਹੈ।’ ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀਆਂ ਨੂੰ ਮਨੁੱਖੀ ਤਸਕਰੀ ਲਈ ਇਕ ਲੱਖ ਅਮਰੀਕੀ ਡਾਲਰ ਦਿੱਤੇ ਗਏ ਸਨ।