ਵਾਸ਼ਿੰਗਟਨ: ਭਾਰਤ ‘ਚ ਬਣੀ ਅੱਖਾਂ ‘ਚ ਪਾਣ ਵਾਲੀ ਬੂੰਦਾਂ (Eye Drops) ਦੇ ਅਮਰੀਕਾ ‘ਚ ਵਿਵਾਦਾਂ ‘ਚ ਆਉਣ ਤੋਂ ਬਾਅਦ ਭਾਰਤੀ ਕੰਪਨੀ ਨੇ ਸਟਾਕ ਨੂੰ ਵਾਪਸ ਬੁਲਾ ਲਿਆ ਹੈ। ਅਸਲ ‘ਚ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (CDC) ਨੇ ਲੋਕਾਂ ਨੂੰ ਇਸ ਆਈ ਡਰਾਪ ਦੀ ਵਰਤੋਂ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਵਿੱਚ ਬਣੀ ਇਸ ਦਵਾਈ ਨਾਲ ਲੋਕਾਂ ਨੂੰ ਇੱਕ ਖਾਸ ਕਿਸਮ ਦੀ ਲਾਗ ਹੋ ਰਹੀ ਹੈ। ਇਸ ਆਈ ਡ੍ਰੌਪ ਦਾ ਨਾਮ ‘ਐਜ਼ਰੀਕੇਅਰ ਆਰਟੀਫਿਸ਼ੀਅਲ ਟੀਅਰਸ’ ਹੈ। ਇਹ ਦਵਾਈ ਚੇਨਈ ਸਥਿਤ ਗਲੋਬਲ ਫਾਰਮਾ ਹੈਲਥਕੇਅਰ ਵਲੋਂ ਤਿਆਰ ਕੀਤੀ ਗਈ ਹੈ।
ਸੀਡੀਸੀ ਵਲੋਂ ਇਸ ਦਵਾਈ ਦੀ ਜਾਂਚ ਕੀਤੀ ਜਾ ਰਹੀ ਹੈ। ਗਲੋਬਲ ਫਾਰਮਾ ਹੈਲਥਕੇਅਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਕੰਪਨੀ ‘EzriCare, LLC- ਤੇ Delsam Pharma ਵਲੋਂ ਬਣਾਈ ਗਈ ਆਰਟੀਫਿਸ਼ੀਅਲ ਟੀਅਰਜ਼ ਲੁਬਰੀਕੈਂਟ ਆਈ ਡ੍ਰੌਪ ਦੇ ਸਟਾਕ ਨੂੰ ਵਾਪਸ ਮੰਗਵਾ ਰਹੀ ਹੈ।’
ਜਾਣਕਾਰੀ ਮੁਤਾਬਕ ਹੁਣ ਤੱਕ 55 ਲੋਕ ਇਨਫੈਕਸ਼ਨ ਨਾਲ ਪੀੜਤ ਦੱਸੇ ਜਾ ਰਹੇ ਹਨ ਅਤੇ ਇੱਕ ਦੀ ਮੌਤ ਹੋਣ ਦੀ ਵੀ ਖਬਰ ਹੈ। ਅਧਿਕਾਰੀਆਂ ਮੁਤਾਬਕ ਇਹ ਸੰਕਰਮਣ 12 ਸੂਬਿਆਂ ਵਿੱਚ ਫੈਲ ਚੁੱਕਿਆ ਹੈ ਅਤੇ ਇਹ ਖੂਨ, ਪਿਸ਼ਾਬ ਅਤੇ ਫੇਫੜਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਦਵਾਈ ਦੀ ਵਰਤੋਂ ਕਰਨ ਵਾਲੇ ਮਰੀਜ਼ਾਂ ਨੇ ਦੱਸਿਆ ਕਿ ਇਹ ਦਵਾਈ ਕੈਮਿਸਟ ਦੀ ਦੁਕਾਨ ‘ਤੇ ਡਾਕਟਰ ਦੀ ਪਰਚੀ ਤੋਂ ਬਗੈਰ ਉਪਲਬਧ ਹੈ ਅਤੇ ਇਸ ਦੀ ਵਰਤੋਂ ਅੱਖਾਂ ‘ਚ ਖੁਜਲੀ ਅਤੇ ਖੁਸ਼ਕੀ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਸੀਡੀਸੀ ਦੇ ਬੁਲਾਰੇ ਨੇ ਕਿਹਾ ਕਿ ਹੁਣ ਤੱਕ, 11 ਵਿੱਚੋਂ ਘੱਟੋ-ਘੱਟ ਪੰਜ ਮਰੀਜ਼ਾਂ ਦੀਆਂ ਅੱਖਾਂ ਵਿੱਚ ਸਿੱਧਾ ਸੰਕਰਮਣ ਹੋਇਆ ਹੈ ਤੇ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਖਤਮ ਹੋ ਗਈ ਹੈ।
ਡਾਕਟਰਾਂ ਨੇ Pseudomonas aeruginosa ਨਾਮ ਦੀ ਲਾਗ ਨੂੰ ਲੈ ਕੇ ਦੇਸ਼ ਵਿਆਪੀ ਅਲਰਟ ਜਾਰੀ ਕੀਤਾ ਹੈ। ਇਹ ਬੈਕਟੀਰੀਆ Eye Drop ਦੀਆਂ ਖੁੱਲ੍ਹੀਆਂ ਬੋਤਲਾਂ ਵਿੱਚ ਪਾਇਆ ਜਾਂਦਾ ਹੈ। ਹਾਲਾਂਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਲੋਕ ਇਸ ਬੈਕਟੀਰੀਆ ਕਾਰਨ ਬਿਮਾਰ ਹੋ ਰਹੇ ਹਨ ਜਾਂ ਇਨਫੈਕਸ਼ਨ ਕਿਸੇ ਹੋਰ ਥਾਂ ਤੋਂ ਆਈ ਹੈ।