ਦੁਬਈ : ਭਾਰਤੀ ਕਾਰੋਬਾਰੀ ਯੂਸੁਫ ਅਲੀ ਦੇ ਖਾਤੇ ਵਿੱਚ ਇੱਕ ਹੋਰ ਵੱਡੀ ਉਪਲਬਧੀ ਜੁੜ ਗਈ ਹੈ। ਆਬੂਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਹਯਾਨ ਨੇ ਮਸ਼ਹੂਰ ਭਾਰਤੀ ਕਾਰੋਬਾਰੀ ਯੂਸੁਫ ਅਲੀ ਐੱਮਏ ਨੂੰ ਸਰਕਾਰ ਦੇ ਸਰਬਉੱਚ ਸੰਗਠਨ ‘ਚ ਉਪ ਮੁੱਖੀ ਨਿਯੁਕਤ ਕੀਤਾ ਹੈ। ਇਹ ਸੰਗਠਨ ਯੂਏਈ ਦੇ ਸਾਰੇ ਕਾਰੋਬਾਰਾਂ ਦੀ ਨਿਗਰਾਨੀ ਕਰਦਾ ਹੈ। 29 ਮੈਂਬਰੀ ਇਸ ਬੋਰਡ ‘ਚ ਸ਼ਾਮਲ ਕੀਤੇ ਜਾਣ ਵਾਲੇ ਉਹ ਇਕੱਲੇ ਭਾਰਤੀ ਹਨ।
65 ਸਾਲਾ ਯੂਸੁਫ ਅਲੀ ਆਬੂਧਾਬੀ ਸਥਿਤ ਲੁਲੁ ਗਰੁੱਪ ਦੇ ਮੁਖੀ ਤੇ ਮੈਨੇਜਿੰਗ ਡਾਇਰੈਕਟਰ ਹਨ। ਇਹ ਕੰਪਨੀ ਕਈ ਦੇਸ਼ਾਂ ‘ਚ ਹਾਈਪਮਾਰਕਿਟ ਤੇ ਰਿਟੇਲ ਕੰਪਨੀਆਂ ਦਾ ਸੰਚਾਲਨ ਕਰਦੀ ਹੈ। ਜ਼ਿਕਰਯੋਗ ਹੈ ਕਿ ਯੂਸਫ਼ ਅਲੀ ਨੂੰ ਪਿਛਲੇ ਸਾਲ ਫੋਰਬਸ ਮੈਗਜ਼ੀਨ ਦੁਆਰਾ ਯੂਏਈ ਵਿੱਚ ਸਭ ਤੋਂ ਅਮੀਰ ਵਿਦੇਸ਼ੀ ਦਾ ਦਰਜਾ ਦਿੱਤਾ ਗਿਆ ਸੀ ।
ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਨੇ ਆਬੂਧਾਬੀ ਚੈਂਬਰ ਆਫ ਦਾ ਕਾਮਰਸ ਐਂਡ ਇੰਡਸਟਰੀ (ADCCI) ਦੇ ਡਾਇਰੈਕਟਰ ਨੂੰ ਇਕ ਨਵੇਂ ਬੋਰਡ ਦੇ ਗਠਨ ਦੀ ਤਜਵੀਜ਼ ਜਾਰੀ ਕੀਤੀ ਸੀ। ਏਡੀਸੀਸੀਆਈ ਦੇ ਮੁਖੀ ਅਬਦੁੱਲਾ ਮੁਹੰਮਦ ਅਲਮਜਰੋਈ ਤੇ ਯੂਸੁਫ ਅਲੀ ਉਪ ਮੁਖੀ ਨਿਯੁਕਤ ਕੀਤੇ ਗਏ ਹਨ।
ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਹਯਾਨ
ਏਡੀਸੀਸੀਆਈ ਆਬੂਧਾਬੀ ‘ਚ ਸਥਾਪਿਤ ਸਾਰੇ ਕਾਰੋਬਾਰਾਂ ਦਾ ਸਰਬਉੱਚ ਸੰਗਠਨ ਹੈ। ਇਹ ਖਿੱਤੇ ਦਾ ਸਭ ਤੋਂ ਰਈਸ ਰਸੂਖ ਵਾਲਾ ਸੰਗਠਨ ਹੈ। ਇੱਥੋਂ ਦੇ ਸਾਰੇ ਅਸਰਦਾਰ ਤੇ ਵੱਡੇ ਕਾਰੋਬਾਰਾਂ ਨੂੰ ਏਡੀਸੀਸੀਆਈ ਤੋਂ ਹੀ ਲਾਇਸੈਂਸ ਲੈਣਾ ਪੈਂਦਾ ਹੈ। ਅਮੀਰਾਤ ਤੇ ਸੀਈਓ ਵਾਲੇ ਇਸ ਬੋਰਡ ‘ਚ ਯੂਸੁਫ ਅਲੀ ਇਕੱਲੇ ਭਾਰਤੀ ਹਨ। ਉਨ੍ਹਾਂ ਨੇ ਆਪਣੀ ਨਿਯੁਕਤੀ ਨੂੰ ਆਪਣੇ ਜੀਵਨ ਦਾ ਸਭ ਤੋਂ ਗੌਰਵਸ਼ਾਲੀ ਪਲ ਦੱਸਿਆ ਹੈ। ਨਾਲ ਹੀ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਪ੍ਰਤੀ ਧੰਨਵਾਦ ਪ੍ਰਗਟਾਇਆ ਹੈ।
ਆਬੂਧਾਬੀ ਦੀ ਤਰੱਕੀ ਵਿੱਚ ਵੱਡਮੁੱਲੇ ਯੋਗਦਾਨ ਲਈ ਕਾਰੋਬਾਰੀ ਯੂਸਫ਼ ਅਲੀ ਨੂੰ ਆਬੂਧਾਬੀ ਦੇ ਸ਼ਾਹੀ ਪਰਿਵਾਰ ਵਲੋਂ ਅਨੇਕਾਂ ਮੌਕਿਆਂ ਤੇ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ।
ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਹਯਾਨ ਮਸ਼ਹੂਰ ਭਾਰਤੀ ਕਾਰੋਬਾਰੀ ਯੂਸੁਫ ਅਲੀ ਐੱਮਏ ਨੂੰ ਦੇਸ਼ ਦਾ ਸਰਬਉੱਚ ਨਾਗਰਿਕ ਸਨਮਾਨ ਦਿੰਦੇ ਹੋਏ ।
ਤਸਵੀਰ 10 ਅਪ੍ਰੈਲ 2021 ਦੀ ਹੈ।