ਭਾਰਤੀ ਪੁਲਾੜ ਯਾਤਰੀ ਸ਼ੁਕਲਾ ISS ਜਾਣ ਲਈ ਤਿਆਰ, ਸਪੇਸ ਐਕਸ ਨੇ ਦਿੱਤੀ ਹਰੀ ਝੰਡੀ

Global Team
3 Min Read

ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੁ ਸ਼ੁਕਲਾ ਦੇ ਪੁਲਾੜ ਵਿੱਚ ਜਾਣ ਦੀ ਤਾਰੀਖ ਦਾ ਐਲਾਨ ਹੋ ਗਿਆ ਹੈ। ਸ਼ੁਭਾਂਸ਼ੁ ਦਾ ਪੁਲਾੜ ਵਿੱਚ ਜਾਣ ਦਾ ਸੁਪਨਾ ਹੁਣ ਜਲਦੀ ਹੀ ਪੂਰਾ ਹੋਣ ਵਾਲਾ ਹੈ। ਉਹ 19 ਜੂਨ, 2025 ਨੂੰ ਉਡਾਣ ਭਰਨਗੇ। ਸ਼ੁਭਾਂਸ਼ੁ ਅਤੇ ਤਿੰਨ ਹੋਰ ਯਾਤਰੀਆਂ ਨੂੰ ਲੈ ਕੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਜਾਣ ਵਾਲੇ ਐਕਸੀਓਮ-4 (Axiom-4 mission) ਮਿਸ਼ਨ ਦੀ ਨਵੀਂ ਤਾਰੀਖ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਮਿਸ਼ਨ ਹੁਣ 19 ਜੂਨ, 2025 ਨੂੰ ਲਾਂਚ ਕੀਤਾ ਜਾਵੇਗਾ।

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ’ਤੇ ਲੀਕ ਨਾਲ ਜੁੜੀ ਸਮੱਸਿਆ ਕਾਰਨ ਇਸ ਮਿਸ਼ਨ ਨੂੰ ਪਹਿਲਾਂ ਅੱਗੇ ਵਧਾਇਆ ਗਿਆ ਸੀ। ਇਸ ਸਮੱਸਿਆ ਨੂੰ ਹੱਲ ਕਰਨ ਦਾ ਕੰਮ ਜਾਰੀ ਸੀ। ਹੁਣ ਸਪੇਸ ਐਕਸ ਦੀ ਟੀਮ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੇ  ਸਾਰੀਆਂ ਸਮੱਸਿਆਵਾਂ ਹੱਲ ਕਰ ਦਿੱਤੀਆਂ ਹਨ, ਜਿਨ੍ਹਾਂ ਕਾਰਨ ਮਿਸ਼ਨ ਦੀ ਤਾਰੀਖ ਨੂੰ ਪਹਿਲਾਂ ਮੁਲਤਵੀ ਕੀਤਾ ਗਿਆ ਸੀ।

ਕਈ ਵਾਰ ਮੁਲਤਵੀ ਹੋਈ ਲਾਂਚਿੰਗ

ਇਸ ਮਿਸ਼ਨ ਲਈ ਪੁਲਾੜ ਯਾਤਰੀਆਂ ਨੂੰ 29 ਮਈ ਨੂੰ ਉਡਾਣ ਭਰਨੀ ਸੀ, ਪਰ ਇਸ ਨੂੰ ਬਾਅਦ ਵਿੱਚ 8 ਜੂਨ, 10 ਜੂਨ ਅਤੇ 11 ਜੂਨ ਲਈ ਟਾਲ ਦਿੱਤਾ ਗਿਆ। 11 ਜੂਨ ਤੋਂ ਬਾਅਦ ਇੱਕ ਹੋਰ ਸਮੱਸਿਆ ਸਾਹਮਣੇ ਆਈ, ਜਿਸ ਕਾਰਨ ਲਾਂਚਿੰਗ ਨੂੰ ਮੁੜ ਮੁਲਤਵੀ ਕਰਨਾ ਪਿਆ। ਹੁਣ 19 ਜੂਨ ਨੂੰ ਲਾਂਚਿੰਗ ਦੀ ਪੁਸ਼ਟੀ ਹੋ ਗਈ ਹੈ।

ਮਿਸ਼ਨ ਵਿੱਚ ਕੌਣ-ਕੌਣ ਸ਼ਾਮਲ?

ਨਾਸਾ ਦੀ ਸਾਬਕਾ ਪੁਲਾੜ ਯਾਤਰੀ ਅਤੇ ਐਕਸੀਓਮ ਸਪੇਸ ਵਿੱਚ ਮਨੁੱਖੀ ਪੁਲਾੜ ਉਡਾਣ ਦੀ ਡਾਇਰੈਕਟਰ ਪੈਗੀ ਵ੍ਹਿਟਸਨ ਮਿਸ਼ਨ ਦੀ ਕਮਾਂਡ ਸੰਭਾਲਣਗੇ, ਜਦਕਿ ਭਾਰਤੀ ਪੁਲਾੜ ਅਨੁਸੰਧਾਨ ਸੰਗਠਨ (ਇਸਰੋ) ਦੇ ਪੁਲਾੜ ਯਾਤਰੀ ਸ਼ੁਭਾਂਸ਼ੁ ਸ਼ੁਕਲਾ ਪਾਇਲਟ ਦੀ ਜ਼ਿੰਮੇਵਾਰੀ ਨਿਭਾਉਣਗੇ। ਇਸ ਮਿਸ਼ਨ ਵਿੱਚ ਪੋਲੈਂਡ ਦੇ ਸਲਾਵੋਜ਼ ਉਜ਼ਨਾਨਸਕੀ-ਵਿਸਨੀਵਸਕੀ ਅਤੇ ਹੰਗਰੀ ਦੇ ਟਿਬੋਰ ਕਾਪੂ ਵੀ ਸ਼ਾਮਲ ਹੋਣਗੇ।

ਕੌਣ ਹਨ ਸ਼ੁਭਾਂਸ਼ੁ ਸ਼ੁਕਲਾ?

ਸ਼ੁਭਾਂਸ਼ੁ ਸ਼ੁਕਲਾ 41 ਸਾਲਾਂ ਬਾਅਦ ਭਾਰਤੀ ਪੁਲਾੜ ਯਾਤਰੀ ਵਜੋਂ ਪੁਲਾੜ ਦੀ ਉਡਾਣ ਭਰਨ ਜਾ ਰਹੇ ਹਨ। 10 ਅਕਤੂਬਰ 1985 ਨੂੰ ਜਨਮੇ ਸ਼ੁਭਾਂਸ਼ੁ ਨੇ ਸਿਟੀ ਮੌਂਟੇਸਰੀ ਸਕੂਲ ਤੋਂ ਸਕੂਲੀ ਪੜ੍ਹਾਈ ਪੂਰੀ ਕਰਕੇ ਨੈਸ਼ਨਲ ਡਿਫੈਂਸ ਅਕੈਡਮੀ (NDA) ਵਿੱਚ ਸ਼ਾਮਲ ਹੋਏ। 2006 ਵਿੱਚ ਉਨ੍ਹਾਂ ਨੂੰ ਭਾਰਤੀ ਹਵਾਈ ਸੈਨਾ ਵਿੱਚ ਕਮਿਸ਼ਨ ਮਿਲਿਆ। ਉਨ੍ਹਾਂ ਨੇ ਸੁਖੋਈ-30 ਐਮਕੇਆਈ, ਮਿਗ-29, ਜਗੁਆਰ ਅਤੇ ਡੋਰਨੀਅਰ-228 ਸਮੇਤ ਕਈ ਜਹਾਜ਼ਾਂ ’ਤੇ 2,000 ਘੰਟਿਆਂ ਤੋਂ ਵੱਧ ਉਡਾਣ ਦਾ ਅਨੁਭਵ ਹਾਸਲ ਕੀਤਾ ਹੈ।

ਉਨ੍ਹਾਂ ਨੇ ਭਾਰਤੀ ਵਿਗਿਆਨ ਸੰਸਥਾਨ (IIS), ਬੈਂਗਲੁਰੂ ਤੋਂ ਏਰੋਸਪੇਸ ਇੰਜੀਨੀਅਰਿੰਗ ਵਿੱਚ ਐਮਟੈਕ ਦੀ ਡਿਗਰੀ ਵੀ ਪ੍ਰਾਪਤ ਕੀਤੀ। ਭਾਰਤੀ ਹਵਾਈ ਸੈਨਾ ਵਿੱਚ ਗਰੁੱਪ ਕੈਪਟਨ ਸ਼ੁਭਾਂਸ਼ੁ ਸ਼ੁਕਲਾ ਨੂੰ 2019 ਵਿੱਚ ਗਗਨਯਾਨ ਮਿਸ਼ਨ ਲਈ ਭਾਰਤ ਦੇ ਪੁਲਾੜ ਯਾਤਰੀ ਦਲ ਵਿੱਚ ਚੁਣਿਆ ਗਿਆ ਸੀ।

Share This Article
Leave a Comment