ਭਾਰਤੀ ਫੌਜ ਦੀ ਵਰਦੀ ‘ਚ ਬਦਲਾਅ! ਮੁੱਛਾਂ ਦੇ ਅਕਾਰ, ਪਰਫਿਊਮ ਅਤੇ ਟੈਟੂ ਸਮੇਤ ਕਈ ਚੀਜ਼ਾਂ ‘ਤੇ ਵੀ ਲੱਗੀ ਪਾਬੰਦੀ

Global Team
4 Min Read

ਨਵੀ ਦਿੱਲੀ : ਭਾਰਤੀ ਸੈਨਾ ਨੇ ਆਪਣੀ ਵਰਦੀ ਅਤੇ ਡਰੈੱਸ ਨਿਯਮਾਂ ਵਿੱਚ ਵੱਡਾ ਬਦਲਾਅ ਕਰਦਿਆਂ ਲੰਬੇ ਸਮੇ ਤੋਂ ਚੱਲੀਆਂ ਆ ਰਹੀਆਂ ਕਈ ਪਰੰਪਰਾਵਾਂ ਅਤੇ ਪ੍ਰਤੀਕਾਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਸੈਨਾ ਵੱਲੋਂ ਜਾਰੀ ਕੀਤੇ ਗਏ ਨਵੇਂ ‘ਆਰਮੀ ਯੂਨੀਫਾਰਮਸ-2026’ (Army Uniforms-2026) ਪੈਂਫਲੈਟ ਵਿੱਚ ਡਰੈੱਸ ਕੋਡ ਨੂੰ ਇੱਕਸਾਰ ਕਰਨ ਦੇ ਨਾਲ-ਨਾਲ ਭਾਰਤੀ ਪਛਾਣ ਅਤੇ ਰਾਸ਼ਟਰੀ ਕਦਰਾਂ-ਕੀਮਤਾਂ ਦੇ ਅਨੁਕੂਲ ਕਈ ਮਹੱਤਵਪੂਰਨ ਸੋਧਾਂ ਕੀਤੀਆਂ ਗਈਆਂ ਹਨ।

ਨਵੇਂ ਨਿਯਮਾਂ ਤਹਿਤ ਹੁਣ ਫਾਰਮਲ ਪ੍ਰੋਗਰਾਮਾਂ ਵਿੱਚ ਬੰਦ ਗਲੇ ਵਾਲੀ ਬੰਡੀ ਜੈਕਟ ਪਹਿਨਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ, ਜਦਕਿ ਰਵਾਇਤੀ ਪਾਊਚ ਬੈਲਟ ਨੂੰ ਹਟਾ ਦਿੱਤਾ ਗਿਆ ਹੈ। ਇਸ ਨੂੰ ਪੂਰੀਆਂ ਬਾਹਾਂ ਦੀ ਕਮੀਜ਼ ਦੇ ਉੱਪਰ ਪਹਿਨਿਆ ਜਾ ਸਕਦਾ ਹੈ। ਇਹ ਜੈਕਟ ਇੱਕ ਰੰਗੀ ਅਤੇ ਸਾਦੇ ਰੰਗ ਦੀ ਹੋਵੇਗੀ, ਜਿਸ ਨੂੰ ਬਿਨਾਂ ਹੁੱਕ ਜਾਂ ਹੁੱਕ ਦੇ ਨਾਲ (ਦੋਵਾਂ ਪੈਟਰਨਾਂ ਵਿੱਚ) ਪਹਿਨਿਆ ਜਾ ਸਕਦਾ ਹੈ।ਇਸ ਤੋਂ ਇਲਾਵਾ, ਪਰੇਡ ਦੌਰਾਨ ਸਮੀਖਿਆ ਅਧਿਕਾਰੀਆਂ ਲਈ ਤਲਵਾਰ ਲੈ ਕੇ ਜਾਣ ਦੀ ਲਾਜ਼ਮੀਅਤ ਨੂੰ ਵੀ ਵਿਕਲਪਿਕ ਬਣਾ ਦਿੱਤਾ ਗਿਆ ਹੈ।

ਮਹਿਲਾ ਅਧਿਕਾਰੀਆਂ ਨੂੰ ਸਾਦੇ ਰੰਗਾਂ ਦੀ ਸਾੜੀ, ਕੁੜਤਾ-ਸਲਵਾਰ ਜਾਂ ਦੁਪੱਟੇ ਦੇ ਨਾਲ ਗਿੱਟੇ ਤੱਕ ਦੀ ਸਿੱਧੀ ਪੈਂਟ ਪਹਿਨਣ ਦੀ ਇਜਾਜ਼ਤ ਦਿੱਤੀ ਗਈ ਹੈ। ਹਾਲਾਂਕਿ, ਸਲੀਵਲੇਸ (ਬਿਨਾਂ ਬਾਹਾਂ ਵਾਲੇ) ਕੁੜਤੇ, ਪਲਾਜ਼ੋ ਅਤੇ ਸਿਗਰੇਟ ਪੈਂਟ ਵਰਗੇ ਕੈਜ਼ੂਅਲ ਕੱਪੜਿਆਂ ‘ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ।

ਸੈਨਿਕਾਂ ਦੀਆਂ ਮੁੱਛਾਂ ਦਾ ਅਕਾਰ 12 ਸੈਂਟੀਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ। ਵਰਦੀ ਵਿੱਚ ਹੁੰਦਿਆਂ ਡੀਓਡਰੈਂਟ ਜਾਂ ਪਰਫਿਊਮ ਲਗਾਉਣ ‘ਤੇ ਪਾਬੰਦੀ ਹੋਵੇਗੀ, ਹਾਲਾਂਕਿ ਆਫਟਰ-ਸ਼ੇਵ ਲੋਸ਼ਨ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਮਹਿਲਾ ਸੈਨਿਕਾਂ ਅਤੇ ਸੈਨਾ ਅਧਿਕਾਰੀਆਂ ਲਈ ਲਿਪਸਟਿਕ, ਰੰਗੀਨ ਨੇਲ ਪਾਲਿਸ਼, ਬਿੰਦੀ ਅਤੇ ਨੋਜ਼ ਪਿੰਨ ਪਹਿਨਣ ‘ਤੇ ਸਖ਼ਤ ਰੋਕ ਲਗਾਈ ਗਈ ਹੈ। ਮਹਿਲਾ ਕਰਮਚਾਰੀ ਸਿੰਦੂਰ ਲਗਾ ਸਕਦੀਆਂ ਹਨ, ਬਸ਼ਰਤੇ ਉਹ ਇਸ ਤਰ੍ਹਾਂ ਲਗਾਇਆ ਜਾਵੇ ਕਿ ਬੈਰੇਟ (ਗੋਲ ਫੌਜੀ ਟੋਪੀ) ਜਾਂ ਪੀਕ ਕੈਪ ਪਹਿਨਣ ਤੋਂ ਬਾਅਦ ਬਾਹਰੋਂ ਦਿਖਾਈ ਨਾ ਦੇਵੇ।

ਇਸ ਤੋਂ ਇਲਾਵਾ ਸਰੀਰ ‘ਤੇ ਟੈਟੂ ਬਣਵਾਉਣ ਅਤੇ ਬੌਡੀ ਪੀਅਰਸਿੰਗ ‘ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਵਰਦੀ ਵਿੱਚ ਕਿਸੇ ਵੀ ਤਰ੍ਹਾਂ ਦਾ ਬ੍ਰੇਸਲੇਟ ਪਹਿਨਣ ਦੀ ਇਜਾਜ਼ਤ ਨਹੀਂ ਹੋਵੇਗੀ। ਸਿਰਫ਼ ਪੂਜਾ ਵਾਲੇ ਦਿਨ ਗੁੱਟ ‘ਤੇ ਇੱਕ ਪਵਿੱਤਰ ਧਾਗਾ ਯਾਨੀ ਕਿ ਕਲਾਵਾ (ਮੌਲੀ) ਬੰਨ੍ਹਣ ਦੀ ਛੋਟ ਹੋਵੇਗੀ। ਸਿੱਖ ਸੈਨਿਕਾਂ ਨੂੰ ਛੱਡ ਕੇ ਕਿਸੇ ਵੀ ਹੋਰ ਸੈਨਿਕ ਨੂੰ ਧਾਰਮਿਕ ਚਿੰਨ੍ਹ ਪ੍ਰਗਟ ਕਰਨ ਦੀ ਇਜਾਜ਼ਤ ਨਹੀਂ ਹੈ।

ਇਹ ਸਾਰੇ ਬਦਲਾਅ ਸੈਨਾ ਵੱਲੋਂ ਜਾਰੀ ਆਰਮੀ ਯੂਨੀਫਾਰਮਸ-2026 ਨਾਮ ਦੇ ਇੱਕ ਨਵੇਂ 174 ਪੰਨਿਆਂ ਦੇ ਮੈਨੂਅਲ ਵਿੱਚ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਸੈਨਾ ਨੇ ਕਰੀਬ ਅੱਠ ਸਾਲ ਪਹਿਲਾਂ ਆਪਣੀ ਵਰਦੀ ਨੂੰ ਲੈ ਕੇ ਅਜਿਹਾ ਕੋਈ ਵਿਆਪਕ ਮੈਨੂਅਲ ਜਾਰੀ ਕੀਤਾ ਸੀ।

ਇਸ ਮੈਨੂਅਲ ਦੇ ਇੱਕ ਹਿੱਸੇਵਿੱਚ ਕਿਹਾ ਗਿਆ ਹੈ ਕਿ ਦੇਸ਼ ਦੀਆਂ ਭਾਵਨਾਵਾਂ ਅਤੇ ਬਦਲਦੀ ਪ੍ਰਭੂਸੱਤਾ ਸੰਪੰਨ (ਸੰਪ੍ਰਭੂ) ਪਛਾਣ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਬਦਲਾਅ ਕੀਤੇ ਗਏ ਹਨ। ਇਹ ਸੁਧਾਰ ਭਾਰਤੀ ਸੈਨਾ ਦੀ ਸ਼ਾਨ (ਗਰਿਮਾ), ਕਾਰਜਕੁਸ਼ਲਤਾ ਅਤੇ ਸਥਾਈ ਪਰੰਪਰਾਵਾਂ ਨੂੰ ਬਰਕਰਾਰ ਰੱਖਦੇ ਹੋਏ ਬਸਤੀਵਾਦੀ ਦੌਰ ਦੇ ਬਚੇ ਹੋਏ ਪ੍ਰਤੀਕਾਂ ਨੂੰ ਹਟਾਉਣ ਦਾ ਇੱਕ ਅਗਾਂਹਵਧੂ ਯਤਨ ਹਨ। ਸੈਨਾ ਵਿੱਚ ਪੁਰਾਣੇ ਸਮੇਂ ਤੋਂ ਚਲੇ ਆ ਰਹੇ ‘ਰੋਇਲ’ ਵਰਗੇ ਬ੍ਰਿਟਿਸ਼ ਕਾਲ ਦੇ ਸ਼ਬਦਾਂ ਦੀ ਵਰਤੋਂ ਨੂੰ ਵੀ ਹੁਣ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ ਗਿਆ ਹੈ।

 

 

Share This Article
Leave a Comment