ਨਵੀਂ ਦਿੱਲੀ : ਕੰਟਰੋਲ ਲਾਈਨ (LAC) ‘ਤੇ ਚੀਨ ਦੀ ਚਾਲਬਾਜ਼ੀ ਨਾਲ ਨਿਪਟਣ ਲਈ ਭਾਰਤ ਨੇ ਵੀ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਚੀਨੀ ਫ਼ੌਜ ਨੂੰ ਮੂੰਹ-ਤੋੜ ਜਵਾਬ ਦੇਣ ਲਈ ਪੂਰਬੀ ਲੱਦਾਖ ਦੇ ਫਾਰਵਰਡ ਏਰੀਆ ‘ਚ ਭਾਰਤੀ ਫ਼ੌਜ ਨੇ ‘ਕੇ-9 ਵਜਰ ਆਟੋਮੈਟਿਕ ਹੋਵਿਤਜ਼ਰ ਰੈਜੀਮੈਂਟ’ ਨੂੰ ਤਾਇਨਾਤ ਕੀਤਾ ਹੈ। ਇਹ ਤੋਪ ਲਗਪਗ 50 ਕਿੱਲੋਮੀਟਰ ਦੀ ਦੂਰੀ ‘ਤੇ ਮੌਜੂਦ ਦੁਸ਼ਮਣ ਦੇ ਟਿਕਾਣਿਆਂ ‘ਤੇ ਹਮਲਾ ਕਰਨ ‘ਚ ਸਮਰੱਥ ਹੈ।
#WATCH K9-Vajra self-propelled howitzer in action in a forward area in Eastern Ladakh pic.twitter.com/T8PsxfvstR
— ANI (@ANI) October 2, 2021
ਭਾਰਤ-ਚੀਨ ਸਰਹੱਦ ‘ਤੇ ਚੱਲ ਰਹੇ ਰੇੜਕੇ ਦੀ ਸਥਿਤੀ ‘ਤੇ ਫ਼ੌਜ ਮੁਖੀ ਐੱਮ.ਐੱਮ. ਨਰਵਾਣੇ ਨੇ ਕਿਹਾ ਹੈ ਕਿ ਪਿਛਲੇ 6 ਮਹੀਨਿਆਂ ‘ਚ ਹਾਲਾਤ ਆਮ ਰਹੇ ਹਨ। ਸਾਨੂੰ ਉਮੀਦ ਹੈ ਕਿ ਅਕਤੂਬਰ ਦੇ ਦੂਸਰੇ ਹਫ਼ਤੇ 13ਵੇਂ ਦੌਰ ਦੀ ਗੱਲਬਾਤ ਹੋਵੇਗੀ ਤੇ ਅਸੀਂ ਇਸ ਗੱਲ ‘ਤੇ ਆਮ ਸਹਿਮਤੀ ‘ਤੇ ਪਹੁੰਚਾਂਗੇ ਕਿ ਡਿਸਐਂਗੇਜਮੈਂਟ ਕਿਵੇਂ ਹੋਵੇਗਾ।
ਫ਼ੌਜ ਮੁਖੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਚੀਨ ਨੇ ਸਾਡੇ ਪੂਰਬੀ ਕਮਾਨ ਤਕ ਪੂਰੇ ਪੂਰਬੀ ਲੱਦਾਖ ਤੇ ਉੱਤਰੀ ਮੋਰਚੇ ‘ਤੇ ਵੱਡੀ ਗਿਣਤੀ ‘ਚ ਤਾਇਨਾਤੀ ਕੀਤੀ ਹੈ। ਯਕੀਨੀ ਰੂਪ ‘ਚ ਮੂਹਰਲੇ ਖੇਤਰਾਂ ‘ਚ ਉਨ੍ਹਾਂ ਦੀ ਤਾਇਨਾਤੀ ‘ਚ ਵਾਧਾ ਹੋਇਆ ਹੈ ਜੋ ਸਾਡੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ।