ਪੰਜਾਬ ਵਿਧਾਨ ਸਭਾ ਦਾ ਅੱਜ ਹੋਵੇਗਾ ਵਿਸ਼ੇਸ਼ ਇਜਲਾਸ, ਹੰਗਾਮੇਦਾਰ ਰਹਿਣ ਦੇ ਆਸਾਰ

Rajneet Kaur
2 Min Read

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਅੱਜ ਹੋਣ ਵਾਲਾ ਇੱਕ ਦਿਨਾ ਵਿਸ਼ੇਸ਼ ਇਜਲਾਸ ਹੰਗਾਮਾਖੇਜ਼ ਰਹਿਣ ਦੇ ਆਸਾਰ ਬਣੇ ਹੋਏ ਹਨ। ਪੰਜਾਬ ਦੇ ਰਾਜਪਾਲ ਦੇ ਜਵਾਬ ‘ਚ ‘ਆਪ’ ਨੇ ਸੈਸ਼ਨ ਦੇ ਏਜੰਡੇ ‘ਚ ਜੀ.ਐੱਸ.ਟੀ., ਬਿਜਲੀ ਅਤੇ ਪਰਾਲੀ ਦੇ ਮੁੱਦੇ ਦੱਸੇ ਹਨ, ਪਰ ਖਦਸ਼ਾ ਹੈ ਕਿ ‘ਆਪ’ ਇਸ ਦੀ ਆੜ ‘ਚ ਭਰੋਸੇ ਦਾ ਮਤਾ ਲਿਆ ਸਕਦੀ ਹੈ।

ਉਧਰ ਵਿਰੋਧੀ ਧਿਰਾਂ ਨੇ ‘ਆਪ’ ਦੀ ਇਸ ਪੇਸ਼ਕਦਮੀ ਨੂੰ ਪ੍ਰਾਪੇਗੰਡਾ ਤੇ ਡਰਾਮਾ ਕਰਾਰ ਦਿੰਦਿਆਂ ਸੂਬੇ ਦੇ ਲੋਕਾਂ ’ਤੇ ਬੋਝ ਕਰਾਰ ਦਿੱਤਾ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਜਨਤਕ ਮੁੱਦਿਆਂ ਦੀ ਇਕ ਸੂਚੀ ਭੇਜ ਕੇ ਚਰਚਾ ਕਰਵਾਏ ਜਾਣ ਦੀ ਮੰਗ ਕੀਤੀ ਹੈ। ਵਿਰੋਧੀ ਧਿਰ ਨੇ ਐੱਸਵਾਈਐੱਲ, ਬੇਅਦਬੀ, ਕਾਨੂੰਨ ਵਿਵਸਥਾ, ਔਰਤਾਂ ਨੂੰ ਹਜ਼ਾਰ ਰੁਪਏ ਮਹੀਨੇ ਦੀ ਗਾਰੰਟੀ, ਬੇਰੁਜ਼ਗਾਰੀ, ਕੌਮੀ ਸੁਰੱਖਿਆ, ਗੈਰਕਾਨੂੰਨੀ ਖਣਨ, ਕੌਮੀ ਗਰੀਨ ਟ੍ਰਿਬਿਊਨਲ ਵੱਲੋਂ 2180 ਕਰੋੜ ਰੁਪਏ ਦਾ ਜੁਰਮਾਨਾ, ਕਿਸਾਨ ਖੁਦਕੁਸ਼ੀਆਂ, ਭ੍ਰਿਸ਼ਟਾਚਾਰ, ਮੂੰਗੀ ਦਾ ਸਮਰਥਨ ਮੁੱਲ ਅਤੇ ਲੰਪੀ ਸਕਿਨ ਆਦਿ ’ਤੇ ਬਹਿਸ ਕਰਵਾਉਣ ਦੀ ਮੰਗ ਕੀਤੀ ਹੈ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਲੈ ਕੇ ਪਿਛਲੇ ਦਿਨਾਂ ਦੌਰਾਨ ਸੂਬੇ ਦੇ ਰਾਜਪਾਲ ਅਤੇ ਸਰਕਾਰ ਦਰਮਿਆਨ ਖਿੱਚੋਤਾਣ ਵੀ ਚੱਲਦੀ ਹੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ 22 ਸਤੰਬਰ ਨੂੰ ਵਿਸ਼ੇਸ਼ ਇਜਲਾਸ ਬੁਲਾ ਕੇ ਭਰੋਸੇ ਦਾ ਵੋਟ ਸਾਬਤ ਕਰਨ ਦੀਆਂ ਤਿਆਰੀਆਂ ਕੀਤੀਆਂ ਸਨ, ਪਰ 92 ਵਿਧਾਇਕ ਹੋਣ ਦੇ ਬਾਵਜੂਦ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰਾਹਿਤ ਨੇ ਇਸ ਨੂੰ ਗੈਰ-ਸੰਵਿਧਾਨਕ ਦੱਸਦਿਆਂ ਸੈਸ਼ਨ ਦੇ ਸੱਦੇ ਨੂੰ ਮਨਜ਼ੂਰੀ ਨਹੀਂ ਦਿੱਤੀ। ਇਸ ਤੋਂ ਬਾਅਦ ‘ਆਪ’ ਨੇ ਆਪਣੀ ਯੋਜਨਾ ‘ਚ ਫੇਰਬਦਲ ਕਰਦੇ ਹੋਏ ਜੀਐੱਸਟੀ, ਬਿਜਲੀ ਅਤੇ ਪਰਾਲੀ ਦੇ ਮੁੱਦੇ ‘ਤੇ 27 ਸਤੰਬਰ ਨੂੰ ਸੈਸ਼ਨ ਬੁਲਾਉਣ ਦੀ ਤਿਆਰੀ ਕਰ ਲਈ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment