ਨਵੀਂ ਦਿੱਲੀ: ਅਫਗਾਨਿਸਤਾਨ ਦੇ ਪੂਰਬੀ ਨੰਗਰਹਾਰ ਪ੍ਰਾਂਤ ’ਚ 1 ਸਤੰਬਰ ਦੇਰ ਰਾਤ 6.0 ਤੀਬਰਤਾ ਦਾ ਭੂਚਾਲ ਆਇਆ, ਜਿਸ ਦੀ ਡੂੰਘਾਈ 8 ਕਿਲੋਮੀਟਰ ਸੀ। ਇਸ ਨੇ ਪ੍ਰਾਂਤ ’ਚ ਭਿਆਨਕ ਤਬਾਹੀ ਮਚਾਈ, ਜਿਸ ’ਚ 1400 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।
ਅਫਗਾਨਿਸਤਾਨ ਦੀ ਇਸ ਮੁਸੀਬਤ ਦੀ ਘੜੀ ’ਚ ਭਾਰਤ ਸੱਚੇ ਮਿੱਤਰ ਵਜੋਂ ਸਾਹਮਣੇ ਆਇਆ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਮੰਗਲਵਾਰ ਨੂੰ ਦੱਸਿਆ ਕਿ ਭਾਰਤ ਨੇ ਪੂਰਬੀ ਅਫਗਾਨਿਸਤਾਨ ’ਚ ਸ਼ਨਿਚਰਵਾਰ ਨੂੰ ਆਏ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਕਾਬੁਲ ’ਚ 21 ਟਨ ਮਾਨਵੀ ਸਹਾਇਤਾ ਪਹੁੰਚਾਈ ਹੈ। ਉਨ੍ਹਾਂ ਨੇ ਐਕਸ ’ਤੇ ਪੋਸਟ ਕਰਦਿਆਂ ਲਿਖਿਆ, “ਭਾਰਤੀ ਭੂਚਾਲ ਸਹਾਇਤਾ ਹਵਾਈ ਮਾਰਗ ਰਾਹੀਂ ਕਾਬੁਲ ਪੁੱਜ ਗਈ ਹੈ। ਕੰਬਲ, ਟੈਂਟ, ਸਫਾਈ ਕਿੱਟਾਂ, ਪਾਣੀ ਭੰਡਾਰਣ ਟੈਂਕ, ਜਨਰੇਟਰ, ਰਸੋਈ ਦੇ ਬਰਤਨ, ਪੋਰਟੇਬਲ ਵਾਟਰ ਪਿਊਰੀਫਾਇਰ, ਸਲੀਪਿੰਗ ਬੈਗ, ਜ਼ਰੂਰੀ ਦਵਾਈਆਂ, ਵ੍ਹੀਲਚੇਅਰ, ਹੈਂਡ ਸੈਨੀਟਾਈਜ਼ਰ, ਪਾਣੀ ਸ਼ੁੱਧ ਕਰਨ ਵਾਲੀਆਂ ਗੋਲੀਆਂ, ਓਆਰਐਸ ਘੋਲ ਅਤੇ ਡਾਕਟਰੀ ਸਮੱਗਰੀ ਸਮੇਤ 21 ਟਨ ਰਾਹਤ ਸਮੱਗਰੀ ਅੱਜ ਹਵਾਈ ਮਾਰਗ ਰਾਹੀਂ ਪਹੁੰਚਾਈ ਗਈ।”
ਸੰਯੁਕਤ ਰਾਸ਼ਟਰ ਦੀ ਅਪੀਲ: ਅਫਗਾਨਿਸਤਾਨ ਨੂੰ ਹੋਰ ਸਹਾਇਤਾ ਦੀ ਜ਼ਰੂਰਤ
ਸੰਯੁਕਤ ਰਾਸ਼ਟਰ ਦੇ ਮਹਾਸਕੱਤਰ ਐਂਟੋਨੀਓ ਗੁਟੇਰਸ ਨੇ ਮੰਗਲਵਾਰ ਨੂੰ ਪੂਰਬੀ ਅਫਗਾਨਿਸਤਾਨ ’ਚ ਭੂਚਾਲ ਤੋਂ ਬਚੇ ਲੋਕਾਂ ਨੂੰ ਤੁਰੰਤ ਰਾਹਤ ਦੇਣ ਲਈ ਵਾਧੂ ਸਰੋਤਾਂ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਮਾਨਵੀ ਸਹਾਇਤਾ ਦੀ ਰਕਮ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਾਕਾਫੀ ਹੈ। ਗੁਟੇਰਸ ਨੇ ਇੱਕ ਬਿਆਨ ’ਚ ਕਿਹਾ ਕਿ ਸੰਯੁਕਤ ਰਾਸ਼ਟਰ, ਤਾਲਿਬਾਨ ਅਧਿਕਾਰੀਆਂ ਨਾਲ ਮਿਲ ਕੇ ਸਥਿਤੀ ਦਾ ਮੁਲਾਂਕਣ ਕਰ ਰਿਹਾ ਹੈ ਅਤੇ ਪ੍ਰਭਾਵਿਤ ਲੋਕਾਂ ਲਈ ਹੋਰ ਸਹਾਇਤਾ ਇਕੱਤਰ ਕਰ ਰਿਹਾ ਹੈ। ਸੰਯੁਕਤ ਰਾਸ਼ਟਰ ਨੇ ਰਾਹਤ ਯਤਨਾਂ ’ਚ ਸਹਾਇਤਾ ਲਈ ਆਪਣੇ ਐਮਰਜੈਂਸੀ ਫੰਡ ’ਚੋਂ 50 ਲੱਖ ਡਾਲਰ ਦਾ ਐਲਾਨ ਕੀਤਾ ਹੈ।
ਅਫਗਾਨਿਸਤਾਨ ’ਚ ਭੂਚਾਲ ਦਾ ਨੁਕਸਾਨ
ਤਾਲਿਬਾਨ ਨੇ ਮੰਗਲਵਾਰ ਨੂੰ ਦੱਸਿਆ ਕਿ ਕੁਨਾਰ ਪ੍ਰਾਂਤ ’ਚ ਆਏ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,411 ਹੋ ਗਈ ਹੈ, 3,000 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਅਤੇ 5,000 ਤੋਂ ਵੱਧ ਘਰ ਤਬਾਹ ਹੋ ਗਏ ਹਨ। ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਐਕਸ ’ਤੇ ਲਿਖਿਆ ਕਿ ਨੁਰਗਲ, ਸੂਕੀ, ਚਾਪਾ ਦਾਰਾ, ਪੇਚ ਦਾਰਾ ਅਤੇ ਅਸਦਾਬਾਦ ਜ਼ਿਲ੍ਹਿਆਂ ’ਚ ਲੋਕਾਂ ਦੀ ਮੌਤ ਦੀਆਂ ਖਬਰਾਂ ਮਿਲੀਆਂ ਹਨ।