ਭਾਰਤ-ਪਾਕਿਸਤਾਨ ਕੈਦੀਆਂ ਦੀ ਨਵੀਂ ਸੂਚੀ ਜਾਰੀ, ਜਾਣੋ ਸਰਹੱਦ ਪਾਰ ਕਿੰਨੇ ਭਾਰਤੀ ਨੇ ਕੈਦ

Global Team
3 Min Read

ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਮਾਹੌਲ ਦੇ ਬਾਵਜੂਦ, ਵਿਦੇਸ਼ ਮੰਤਰਾਲੇ ਨੇ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਪਾਕਿਸਤਾਨ ਦੀਆਂ ਜੇਲ੍ਹਾਂ ‘ਚ 246 ਭਾਰਤੀ ਨਾਗਰਿਕ ਕੈਦ ਹਨ, ਜਿਨ੍ਹਾਂ ‘ਚ 53 ਆਮ ਨਾਗਰਿਕ ਅਤੇ 193 ਮਛੇਰੇ ਸ਼ਾਮਲ ਹਨ, ਜੋ ਜਾਂ ਤਾਂ ਭਾਰਤੀ ਹਨ ਜਾਂ ਜਿਨ੍ਹਾਂ ਦਾ ਭਾਰਤੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਹ ਜਾਣਕਾਰੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਰ ਸਾਲ ਦੋ ਵਾਰ ਕੈਦੀਆਂ ਦੀ ਸੂਚੀ ਦੇ ਆਦਾਨ-ਪ੍ਰਦਾਨ ਦੌਰਾਨ ਸਾਹਮਣੇ ਆਈ। ਵਿਦੇਸ਼ ਮੰਤਰਾਲੇ (MEA) ਨੇ ਇਹ ਵੇਰਵੇ ਇੱਕ ਅਧਿਕਾਰਤ ਬਿਆਨ ‘ਚ ਜਾਰੀ ਕੀਤੇ।

ਸਾਲਾਨਾ ਪ੍ਰਕਿਰਿਆ

ਭਾਰਤ ਅਤੇ ਪਾਕਿਸਤਾਨ ਵਿਚਕਾਰ 2008 ‘ਚ ਹੋਏ ਦੂਤਾਵਾਸ ਪਹੁੰਚ ਸਮਝੌਤੇ (Consular Access Agreement) ਅਧੀਨ, ਹਰ ਸਾਲ 1 ਜਨਵਰੀ ਅਤੇ 1 ਜੁਲਾਈ ਨੂੰ ਦੋਵੇਂ ਦੇਸ਼ ਇੱਕ-ਦੂਜੇ ਨੂੰ ਆਪਣੀਆਂ ਜੇਲ੍ਹਾਂ ‘ਚ ਕੈਦ ਦੂਜੇ ਦੇਸ਼ ਦੇ ਨਾਗਰਿਕਾਂ ਦੀ ਜਾਣਕਾਰੀ ਸਾਂਝੀ ਕਰਦੇ ਹਨ। ਮੰਗਲਵਾਰ, 1 ਜੁਲਾਈ 2025 ਨੂੰ ਦੋਵਾਂ ਦੇਸ਼ਾਂ ਨੇ ਅਪਡੇਟਿਡ ਕੈਦੀ ਸੂਚੀਆਂ ਦਾ ਆਦਾਨ-ਪ੍ਰਦਾਨ ਕੀਤਾ।

ਪਾਕਿਸਤਾਨ ਦੀਆਂ ਜੇਲ੍ਹਾਂ ‘ਚ 246 ਭਾਰਤੀ

ਪਾਕਿਸਤਾਨ ਵੱਲੋਂ ਸਾਂਝੀ ਕੀਤੀ ਸੂਚੀ ਅਨੁਸਾਰ, ਉਸ ਦੀਆਂ ਜੇਲ੍ਹਾਂ ‘ਚ 53 ਆਮ ਭਾਰਤੀ ਨਾਗਰਿਕ ਅਤੇ 193 ਮਛੇਰੇ ਕੈਦ ਹਨ। ਇਹ ਸਾਰੇ ਜਾਂ ਤਾਂ ਭਾਰਤੀ ਹਨ ਜਾਂ ਭਾਰਤੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਦੂਜੇ ਪਾਸੇ, ਭਾਰਤ ਦੀਆਂ ਜੇਲ੍ਹਾਂ ‘ਚ 382 ਪਾਕਿਸਤਾਨੀ ਨਾਗਰਿਕ ਅਤੇ 81 ਪਾਕਿਸਤਾਨੀ ਮਛੇਰੇ ਕੈਦ ਹਨ।

ਹੁਣ ਤੱਕ ਕਿੰਨੇ ਰਿਹਾਅ ਹੋਏ?

ਭਾਰਤ ਸਰਕਾਰ ਮੁਤਾਬਕ, 2014 ਤੋਂ ਹੁਣ ਤੱਕ 2,661 ਭਾਰਤੀ ਮਛੇਰੇ ਅਤੇ 71 ਆਮ ਨਾਗਰਿਕ ਪਾਕਿਸਤਾਨ ਦੀਆਂ ਜੇਲ੍ਹਾਂ ਤੋਂ ਰਿਹਾਅ ਹੋ ਕੇ ਵਾਪਸ ਮੁੜੇ ਹਨ। ਸਿਰਫ਼ 2023 ਤੋਂ ਹੁਣ ਤੱਕ 500 ਮਛੇਰੇ ਅਤੇ 13 ਆਮ ਨਾਗਰਿਕ ਵਾਪਸ ਆਏ ਹਨ। ਭਾਰਤ ਨੇ ਸਪੱਸ਼ਟ ਕੀਤਾ ਕਿ ਮਾਨਵੀ ਮੁੱਦਿਆਂ ਨੂੰ ਸਿਆਸੀ ਰਿਸ਼ਤਿਆਂ ਤੋਂ ਉੱਪਰ ਰੱਖਿਆ ਜਾਵੇਗਾ, ਖਾਸਕਰ ਕੈਦੀਆਂ ਅਤੇ ਮਛੇਰਿਆਂ ਦੇ ਮਾਮਲੇ ‘ਚ। ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਮੁੱਦੇ ਨੂੰ ਤਰਜੀਹ ਨਾਲ ਹੱਲ ਕਰਨਾ ਚਾਹੁੰਦੀ ਹੈ ਤਾਂ ਜੋ ਨਿਰਦੋਸ਼ ਲੋਕ ਸਾਲਾਂ ਤੱਕ ਜੇਲ੍ਹਾਂ ‘ਚ ਨਾ ਸੜਨ।

ਸਜ਼ਾ ਪੂਰੀ ਕਰਨ ਵਾਲਿਆਂ ਨੂੰ ਵਾਪਸ ਭੇਜੋ: ਭਾਰਤ

ਭਾਰਤ ਨੇ ਪਾਕਿਸਤਾਨ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ 159 ਭਾਰਤੀਆਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ, ਉਨ੍ਹਾਂ ਨੂੰ ਜਲਦੀ ਭਾਰਤ ਵਾਪਸ ਕੀਤਾ ਜਾਵੇ। ਨਾਲ ਹੀ, 26 ਅਜਿਹੇ ਕੈਦੀਆਂ ਨੂੰ ਤੁਰੰਤ ਦੂਤਾਵਾਸੀ ਸੰਪਰਕ (ਕਾਉਂਸਲਰ ਐਕਸੈਸ) ਦਿੱਤਾ ਜਾਵੇ, ਜਿਨ੍ਹਾਂ ਨਾਲ ਹੁਣ ਤੱਕ ਸੰਪਰਕ ਦੀ ਇਜਾਜ਼ਤ ਨਹੀਂ ਮਿਲੀ। ਭਾਰਤ ਨੇ ਮੰਗ ਕੀਤੀ ਕਿ ਜਦੋਂ ਤੱਕ ਇਨ੍ਹਾਂ ਕੈਦੀਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਨ੍ਹਾਂ ਦੀ ਸੁਰੱਖਿਆ, ਸਿਹਤ ਅਤੇ ਮੁੱਢਲੀਆਂ ਸਹੂਲਤਾਂ ਦੀ ਜ਼ਿੰਮੇਵਾਰੀ ਪਾਕਿਸਤਾਨ ਨਿਭਾਵੇ।

ਭਾਰਤ ਨੇ 80 ਪਾਕਿਸਤਾਨੀ ਕੈਦੀਆਂ ਦੀ ਨਾਗਰਿਕਤਾ ਦੀ ਪੁਸ਼ਟੀ ਲਈ ਪਾਕਿਸਤਾਨ ਨੂੰ ਜਾਣਕਾਰੀ ਭੇਜੀ ਹੈ। ਇਨ੍ਹਾਂ ਦੀ ਵਾਪਸੀ ਸਿਰਫ਼ ਇਸ ਕਾਰਨ ਅਟਕੀ ਹੈ ਕਿ ਪਾਕਿਸਤਾਨ ਨੇ ਅਜੇ ਤੱਕ ਇਨ੍ਹਾਂ ਦੀ ਨਾਗਰਿਕਤਾ ਦੀ ਪੁਸ਼ਟੀ ਨਹੀਂ ਕੀਤੀ।

Share This Article
Leave a Comment