ਜਿਸ ਦਿਨ ਤੋਂ ਜੰਮੂ ਕਸ਼ਮੀਰ ਅੰਦਰ ਧਾਰਾ 370 ਹਟਾਈ ਗਈ ਹੈ ਉਸ ਦਿਨ ਤੋਂ ਹੀ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਵਿਚਕਾਰ ਮਾਹੌਲ ਤਣਾਅ ਵਾਲਾ ਬਣਿਆ ਹੋਇਆ ਹੈ। ਇਸੇ ਦੌਰਾਨ ਅਮਰੀਕਾ ਦੇ ਇੱਕ ਅਧਿਐਨ ‘ਚ ਕਿਹਾ ਗਿਆ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਐਟਮੀ ਜੰਗ ਲਗਦੀ ਹੈ ਤਾਂ ਇਸ ਨਾਲ 10 ਕਰੋੜ ਤੋਂ ਵਧੇਰੇ ਵਿਅਕਤੀ ਮਾਰੇ ਜਾਣ ਦਾ ਖਦਸ਼ਾ ਹੈ ਅਤੇ ਇੱਥੇ ਹੀ ਬੱਸ ਨਹੀਂ ਪੂਰੀ ਦੁਨੀਆਂ ਵਿਚ ਭੁੱਖਮਰੀ ਫੈਲਣ ਦੀ ਸ਼ੰਕਾ ਵੀ ਪ੍ਰਗਟਾਈ ਜਾ ਰਹੀ ਹੈ।
ਦੱਸ ਦਈਏ ਕਿ ਭਾਰਤ ਦੁਆਰਾ ਜੰਮੂ ਕਸ਼ਮੀਰ ਅੰਦਰ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਨੇ ਦੁਨੀਆਂ ਭਰ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ ਪਰ ਮੁਸਲਿਮ ਦੇਸ਼ਾਂ ਨੇ ਵੀ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਅਮਰੀਕਾ ਦੀ ਰਟਗਰਸ ਯੂਨੀਵਰਸਿਟੀ ਦੇ ਅਧਿਐਨ ਮੁਤਾਬਿਕ ਜੇਕਰ ਪਰਮਾਣੂ ਯੁੱਧ ਹੁੰਦਾ ਹੈ ਤਾਂ ਇਹ ਕਿਸੇ ਖਾਸ ਥਾਂ ‘ਤੇ ਨਹੀਂ ਲੜਿਆ ਜਾਵੇਗਾ ਅਤੇ ਪਰਮਾਣੂ ਬੰਬ ਦੁਨੀਆਂ ਦੀ ਕਿਸੇ ਵੀ ਥਾਂ ‘ਤੇ ਸੁੱਟੇ ਜਾ ਸਕਦੇ ਹਨ। ਇਹ ਸੋਧ ਜਰਨਲ ਸਾਇੰਸ ਏਡਵਾਂਸੇਸ ‘ਚ ਪ੍ਰਕਾਸ਼ਿਤ ਹੋਈ ਹੈ। ਇਸ ਮੁਤਾਬਿਕ 2025 ‘ਚ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਯੁੱਧ ਹੋ ਸਕਦਾ ਹੈ। ਅਧਿਐਨ ਮੁਤਾਬਿਕ ਦੋਨੋਂ ਦੇਸ਼ ਕਸ਼ਮੀਰ ਮੁੱਦੇ ‘ਤੇ ਕਈ ਵਾਰ ਆਹਮਣੇ ਸਾਹਮਣੇ ਹੋ ਚੁਕੇ ਹਨ। 2025 ਤੱਕ ਭਾਰਤ ਅਤੇ ਪਾਕਿਸਤਾਨ ਦੇ ਕੋਲ ਕੁੱਲ ਮਿਲਾ ਕੇ 400 ਤੋਂ 500 ਪ੍ਰਮਾਣੂ ਹਥਿਆਰ ਹੋ ਚੁਕੇ ਹੋਣਗੇ। ਸ਼ੋਧਕਰਤਾਵਾਂ ਅਨੁਸਾਰ ਪਰਮਾਣੂ ਹਥਿਆਰਾਂ ਤੋਂ 16 ਤੋਂ 36 ਮਿਲੀਅਨ ਟਨ ਕਾਰਬਨ ਮਿਸ਼ਰਤ ਧੂੰਆ ਵਾਯੂਮੰਡਲ ਦੀ ਉਪਰੀ ਸਤ੍ਹਾ ‘ਚ ਫੈਲ ਜਾਵੇਗਾ ਅਤੇ ਕੁਝ ਹੀ ਦਿਨਾਂ ਵਿੱਚ ਇਹ ਪੂਰੀ ਦੁਨੀਆਂ ਵਿੱਚ ਫੈਲ ਜਾਵੇਗਾ।