ਦੇਸ਼ ‘ਚ ਹੁਣ ਵੀ ਕੋਰੋਨਾ ਦੀ ਦੂਜੀ ਲਹਿਰ ਜਾਰੀ, ਵੈਕਸੀਨੇਸ਼ਨ ‘ਚ ਆਈ ਰਿਕਾਰਡ ਤੇਜ਼ੀ: ਕੇਂਦਰੀ ਸਿਹਤ ਸਕੱਤਰ

TeamGlobalPunjab
2 Min Read

ਨਵੀਂ ਦਿੱਲੀ : ਦੇਸ਼ ’ਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਹੁਣ ਵੀ ਕੇਰਲ ਸੂਬੇ ਤੋਂ ਆ ਰਹੇ ਹਨ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਦੱਸਿਆ ਕਿ ਦੇਸ਼ ’ਚ ਪਿਛਲੇ 24 ਘੰਟਿਆਂ ਅੰਦਰ 43,263 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਇਨ੍ਹਾਂ ’ਚੋਂ 32,000 ਤੋਂ ਵੱਧ ਮਾਮਲੇ ਕੇਰਲ ਸੂਬੇ ਤੋਂ ਹਨ।

ਪਿਛਲੇ ਹਫ਼ਤੇ ਆਏ ਕੋਰੋਨਾ ਵਾਇਰਸ ਦੇ ਕੁੱਲ ਨਵੇਂ ਮਾਮਲਿਆਂ ’ਚ ਕਰੀਬ 68 ਫ਼ੀਸਦ ਮਾਮਲੇ ਕੇਰਲ ਤੋਂ ਹਨ। ਕੇਂਦਰੀ ਸਿਹਤ ਸਕੱਤਰ ਨੇ ਅੱਗੇ ਕਿਹਾ ਕਿ ਦੇਸ਼ ’ਚ ਕੋਰੋਨਾ ਦੇ ਮਾਮਲਿਆਂ ’ਚ ਗਿਰਾਵਟ 50 ਫ਼ੀਸਦ ਤੋਂ ਥੋੜ੍ਹੀ ਘੱਟ ਹੈ, ਜੋ ਪਹਿਲੀ ਲਹਿਰ ’ਚ ਸੀ। ਉਨ੍ਹਾਂ ਨੇ ਕਿਹਾ ਕਿ ਦੇਸ਼ ’ਚ ਹਾਲੇ ਕੋਰੋਨਾ ਦੀ ਦੂਸਰੀ ਲਹਿਰ ਹੀ ਦੇਖੀ ਜਾ ਰਹੀ ਹੈ, ਜੋ ਕਿ ਇਹ ਹਾਲੇ ਖ਼ਤਮ ਨਹੀਂ ਹੋਈ ਹੈ।

ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਾਲੇ ਦੇਸ਼ ’ਚ ਸਿਰਫ਼ 38 ਜ਼ਿਲ੍ਹਿਆਂ ’ਚ ਪ੍ਰਤੀਦਿਨ 100 ਤੋਂ ਵੱਧ ਮਾਮਲੇ ਆ ਰਹੇ ਹਨ। ਦੇਸ਼ ਦੇ ਕੁੱਲ ਸਰਗਰਮ ਮਾਮਲਿਆਂ ਦੇ 61 ਫ਼ੀਸਦ ਕੇਰਲ ਅਤੇ ਮਹਾਰਾਸ਼ਟਰ ’ਚ 13 ਫ਼ੀਸਦ ਹਨ। ਕਰਨਾਟਕ, ਤਮਿਲਨਾਡੂ ਅਤੇ ਆਂਧਰ ਪ੍ਰਦੇਸ਼ ’ਚ 10,000 ਤੋਂ ਵੱਧ ਅਤੇ 50,000 ਤੋਂ ਘੱਟ ਸਰਗਰਮ ਮਾਮਲੇ ਹਨ।

ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਦੱਸਿਆ ਕਿ ਦੇਸ਼ ਵਿੱਚ ਮਈ ਮਹੀਨੇ ‘ਚ ਲੋਕਾਂ ਨੂੰ ਵੈਕਸੀਨ ਦੀ ਰੋਜ਼ਾਨਾ ਔਸਤਨ 20 ਲੱਖ ਖ਼ੁਰਾਕਾਂ ਦੇ ਰਹੇ ਸੀ , ਹੁਣ ਸਤੰਬਰ ਮਹੀਨੇ ਵਿੱਚ ਅਸੀਂ ਔਸਤਨ 78 ਲੱਖ ਖ਼ੁਰਾਕਾਂ ਰੋਜ਼ਾਨਾ ਦੇ ਰਹੇ ਹਾਂ।

Share this Article
Leave a comment