ਭਾਰਤ ਨੇ ਸ਼ੁੱਕਰਵਾਰ ਨੂੰ ਫੈਸਲਾ ਲਿਆ ਕਿ ਉਹ 23 ਜੂਨ ਤੱਕ ਆਪਣੇ ਹਵਾਈ ਖੇਤਰ ਨੂੰ ਪਾਕਿਸਤਾਨੀ ਉਡਾਣਾ, ਜਿਨ੍ਹਾਂ ਵਿੱਚ ਵਪਾਰਕ ਅਤੇ ਫੌਜੀ ਉਡਾਣਾਂ ਸ਼ਾਮਲ ਹਨ, ਲਈ ਬੰਦ ਰੱਖੇਗਾ। ਭਾਰਤ ਨੇ 30 ਅਪ੍ਰੈਲ ਨੂੰ ਪਾਕਿਸਤਾਨੀ ਉਡਾਣਾਂ ਲਈ ਆਪਣਾ ਹਵਾਈ ਖੇਤਰ ਬੰਦ ਕੀਤਾ ਸੀ। ਇਸ ਦੇ ਜਵਾਬ ਵਿੱਚ ਪਾਕਿਸਤਾਨ ਨੇ ਵੀ ਸ਼ੁੱਕਰਵਾਰ ਨੂੰ ਭਾਰਤੀ ਏਅਰਲਾਈਨਜ਼ ਲਈ ਆਪਣਾ ਹਵਾਈ ਖੇਤਰ 24 ਜੂਨ ਤੱਕ ਬੰਦ ਕਰ ਦਿੱਤਾ। ਪਾਕਿਸਤਾਨ ਨੇ ਇਹ ਕਦਮ 22 ਅਪ੍ਰੈਲ ਦੇ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਚੁੱਕਿਆ ਸੀ।
ਇਹ ਫੈਸਲਾ ਉਸ ਸਮੇਂ ਲਿਆ ਗਿਆ ਜਦੋਂ ਦਿੱਲੀ ਤੋਂ ਸ੍ਰੀਨਗਰ ਜਾ ਰਹੀ ਇੰਡੀਗੋ ਦੀ ਇੱਕ ਉਡਾਣ ਤੂਫਾਨ ਵਿੱਚ ਫਸ ਗਈ ਸੀ। ਮੁਸ਼ਕਲ ਹਾਲਾਤ ਤੋਂ ਬਚਣ ਲਈ ਪਾਇਲਟ ਨੇ ਪਾਕਿਸਤਾਨੀ ਹਵਾਈ ਖੇਤਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਮੰਗੀ ਸੀ, ਪਰ ਪਾਕਿਸਤਾਨ ਨੇ ਇਸ ਨੂੰ ਠੁਕਰਾ ਦਿੱਤਾ। 220 ਤੋਂ ਵੱਧ ਯਾਤਰੀਆਂ ਨੂੰ ਲੈ ਜਾ ਰਿਹਾ ਇਹ ਜਹਾਜ਼ ਗੜੇਮਾਰੀ ਦੀ ਲਪੇਟ ਵਿੱਚ ਆ ਗਿਆ ਅਤੇ ਸਿਸਟਮ ਵਿੱਚ ਗੰਭੀਰ ਸਮੱਸਿਆਵਾਂ ਪੈਦਾ ਹੋਈਆਂ। ਹਾਲਾਂਕਿ, ਪਾਇਲਟ ਨੇ ਸੂਝਬੂਝ ਨਾਲ ਸਾਰੇ ਯਾਤਰੀਆਂ ਦੀ ਸੁਰੱਖਿਅਤ ਲੈਂਡਿੰਗ ਕਰਵਾਈ, ਪਰ ਜਹਾਜ਼ ਦਾ ‘ਨੋਜ਼ ਰੇਡੋਮ’ ਨੁਕਸਾਨਿਆ ਗਿਆ।
ਆਪ੍ਰੇਸ਼ਨ ਸਿੰਧੂਰ ਤੋਂ ਬਾਅਦ ਤਣਾਅ
ਅੰਤਰਰਾਸ਼ਟਰੀ ਨਾਗਰਿਕ ਹਵਾਬਾਜ਼ੀ ਸੰਗਠਨ (ICAO) ਦੇ ਨਿਯਮਾਂ ਮੁਤਾਬਕ ਹਵਾਈ ਖੇਤਰ ਨੂੰ ਇੱਕ ਵਾਰ ਵਿੱਚ ਸਿਰਫ਼ ਇੱਕ ਮਹੀਨੇ ਲਈ ਬੰਦ ਕੀਤਾ ਜਾ ਸਕਦਾ ਹੈ। ਇਹ ਪਾਬੰਦੀ ਦੋਵਾਂ ਦੇਸ਼ਾਂ ਵਿਚਕਾਰ ਵਧਦੇ ਤਣਾਅ ਦੇ ਵਿਚਕਾਰ ਆਈ ਹੈ, ਖਾਸਕਰ 7 ਮਈ ਨੂੰ ਭਾਰਤ ਵੱਲੋਂ ਪਾਕਿਸਤਾਨ ਅਤੇ PoK ਵਿੱਚ ਅੱਤਵਾਦੀ ਟਿਕਾਣਿਆਂ ‘ਤੇ ‘ਆਪ੍ਰੇਸ਼ਨ ਸਿੰਧੂਰ’ ਅਧੀਨ ਕੀਤੀ ਗਈ ਸਟੀਕ ਫੌਜੀ ਕਾਰਵਾਈ ਤੋਂ ਬਾਅਦ।
22 ਅਪ੍ਰੈਲ ਦਾ ਪਹਿਲਗਾਮ ਹਮਲਾ
ਆਪ੍ਰੇਸ਼ਨ ਸਿੰਧੂਰ ਕਸ਼ਮੀਰ ਦੇ ਪਹਿਲਗਾਮ ਵਿੱਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਦੀ ਸਿੱਧੀ ਫੌਜੀ ਪ੍ਰਤੀਕਿਰਿਆ ਸੀ। ਇਸ ਹਮਲੇ ਵਿੱਚ 26 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ ਜ਼ਿਆਦਾਤਰ ਸੈਲਾਨੀ ਸਨ। ਇਹ 26/11 ਮੁੰਬਈ ਹਮਲਿਆਂ ਤੋਂ ਬਾਅਦ ਨਾਗਰਿਕਾਂ ‘ਤੇ ਸਭ ਤੋਂ ਭਿਆਨਕ ਹਮਲਾ ਸੀ।