ਨੀਦਰਲੈਂਡਜ਼ : ਭਾਰਤੀ ਮਹਿਲਾ ਹਾਕੀ ਟੀਮ ਦਾ ਹਾਕੀ ਵਰਲਡ ਕੱਪ ਦੇ ਸੈਮੀਫ਼ਾਈਨਲ ਵਿੱਚ ਪਹੁੰਚਣ ਦਾ ਸੁਪਨਾ ਟੁੱਟ ਗਿਆ ਹੈ। ਨੀਦਰਲੈਂਡਜ਼ ਦੇ ਐਮਸਟੇਲਵੀਨ ਸਥਿਤ ਵੈਗਨਰ ਹਾਕੀ ਸਟੇਡੀਅਮ ਵਿੱਚ ਆਸਟ੍ਰੇਲੀਆ ਵਿਰੁੱਧ ਖੇਡਿਆ ਗਿਆ ਅਹਿਮ ਮੁਕਾਬਲਾ ਬਿਨਾਂ ਕਿਸੇ ਗੋਲ ਦੇ 0-0 ਦੀ ਬਰਾਬਰੀ ‘ਤੇ ਖ਼ਤਮ ਹੋਇਆ।
ਸੈਮੀਫ਼ਾਈਨਲ ਵਿੱਚ ਜਗ੍ਹਾ ਪੱਕੀ ਕਰਨ ਲਈ ਭਾਰਤੀ ਟੀਮ ਵਾਸਤੇ ਇਸ ਮੈਚ ਵਿੱਚ ਜਿੱਤ ਦਰਜ ਕਰਨੀ ਲਾਜ਼ਮੀ ਸੀ, ਪਰ ਟੀਮ ਦੇ ਫਾਰਵਰਡ ਖਿਡਾਰੀ ਗੋਲ ਕਰਨ ਦੇ ਮੌਕਿਆਂ ਵਿੱਚ ਅਸਫ਼ਲ ਰਹੇ। ਦੂਜੇ ਪਾਸੇ, ਮੈਚ ਡਰਾਅ ਕਰਵਾ ਕੇ ਆਸਟ੍ਰੇਲੀਆਈ ਟੀਮ ਟਾਪ-4 ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੀ।
ਟੂਰਨਾਮੈਂਟ ਵਿੱਚ ਇਹ ਲਗਾਤਾਰ ਤੀਜਾ ਅਜਿਹਾ ਮੈਚ ਰਿਹਾ ਜਿਸ ਵਿੱਚ ਭਾਰਤੀ ਟੀਮ ਇੱਕ ਵੀ ਗੋਲ ਨਹੀਂ ਕਰ ਸਕੀ। ਇਸ ਤੋਂ ਪਹਿਲਾਂ ਨੀਦਰਲੈਂਡਜ਼ ਨੇ ਭਾਰਤ ਨੂੰ 0-2 ਨਾਲ ਮਾਤ ਦਿੱਤੀ ਸੀ, ਜਦਕਿ ਇੰਗਲੈਂਡ ਖ਼ਿਲਾਫ਼ ਖੇਡਿਆ ਗਿਆ ਮੈਚ ਵੀ ਬਿਨਾਂ ਕਿਸੇ ਗੋਲ ਦੇ 0-0 ‘ਤੇ ਬਰਾਬਰ ਰਿਹਾ ਸੀ।
ਭਾਰਤ ਵੱਲੋਂ ਟੂਰਨਾਮੈਂਟ ਦਾ ਆਖ਼ਰੀ ਗੋਲ 18 ਅਗਸਤ ਨੂੰ ਦੱਖਣੀ ਅਫ਼ਰੀਕਾ ਵਿਰੁੱਧ ਹੋਏ ਮੈਚ ਵਿੱਚ ਕੀਤਾ ਗਿਆ ਸੀ, ਜਿਸ ਵਿੱਚ ਭਾਰਤ ਨੇ 6-1 ਨਾਲ ਵੱਡੀ ਜਿੱਤ ਹਾਸਲ ਕੀਤੀ ਸੀ।
ਭਾਰਤ ਦੇ ਸੈਮੀਫ਼ਾਈਨਲ ਦੇ ਸਮੀਕਰਨ ਨੀਦਰਲੈਂਡਜ਼ ਅਤੇ ਚੀਨ ਵਿਚਾਲੇ ਹੋਏ ਮੈਚ ‘ਤੇ ਵੀ ਨਿਰਭਰ ਕਰਦੇ ਸਨ। ਨੀਦਰਲੈਂਡਜ਼ ਨੇ ਚੀਨ ਨੂੰ 4-1 ਨਾਲ ਹਰਾ ਕੇ ਭਾਰਤ ਦੇ ਅੱਗੇ ਵਧਣ ਦਾ ਰਸਤਾ ਸਾਫ਼ ਕਰ ਦਿੱਤਾ ਸੀ, ਜਿਸ ਨਾਲ ਭਾਰਤ ਨੂੰ ਸਿਰਫ਼ ਆਸਟ੍ਰੇਲੀਆ ਖ਼ਿਲਾਫ਼ ਜਿੱਤ ਦਰਜ ਕਰਨ ਦੀ ਲੋੜ ਸੀ।
ਇਸ ਡਰਾਅ ਤੋਂ ਬਾਅਦ ਗਰੁੱਪ ਵਿੱਚ ਭਾਰਤ, ਆਸਟ੍ਰੇਲੀਆ ਅਤੇ ਚੀਨ ਦੇ ਬਰਾਬਰ 2-2 ਅੰਕ ਰਹੇ। ਗੋਲ ਅੰਤਰ ਦੇ ਹਿਸਾਬ ਨਾਲ ਵੀ ਭਾਰਤ ਅਤੇ ਆਸਟ੍ਰੇਲੀਆ ਬਰਾਬਰੀ ‘ਤੇ ਸਨ, ਪਰ ਆਸਟ੍ਰੇਲੀਆ ਵੱਲੋਂ ਪੂਰੇ ਟੂਰਨਾਮੈਂਟ ਵਿੱਚ ਜ਼ਿਆਦਾ ਗੋਲ ਕੀਤੇ ਜਾਣ ਦੇ ਆਧਾਰ ‘ਤੇ ਉਸ ਨੂੰ ਸੈਮੀਫ਼ਾਈਨਲ ਦੀ ਟਿਕਟ ਮਿਲ ਗਈ।

