ਪਾਕਿਸਤਾਨ ਵੱਲੋਂ ਅਫਗਾਨਿਸਤਾਨ ‘ਤੇ ਕੀਤੇ ਹਵਾਈ ਹਮਲੇ ਦੀ ਭਾਰਤ ਨੇ ਕੀਤੀ ਨਿੰਦਾ

Global Team
2 Min Read

ਨਵੀ ਦਿੱਲੀ : ਪਾਕਿਸਤਾਨ ਦੀ ਫੌਜ ਨੇ ਐਤਵਾਰ ਨੂੰ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਕੀਤੇ ਗਏ ਹਮਲਿਆਂ ਵਿੱਚ ਘੱਟੋ-ਘੱਟ 70 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ। ਪਾਕਿਸਤਾਨ ਸਰਕਾਰ ਨੇ ਇਸ ਨੂੰ ਹਾਲ ਹੀ ਵਿੱਚ ਹੋਏ ਆਤਮਘਾਤੀ ਹਮਲਿਆਂ ਤੋਂ ਬਾਅਦ ਜਵਾਬੀ ਕਾਰਵਾਈ ਦੱਸਿਆ ਹੈ।

ਹਾਲਾਂਕਿ, ਅਫਗਾਨਿਸਤਾਨ ਨੇ ਕਿਹਾ ਹੈ ਕਿ ਪਾਕਿਸਤਾਨ ਵੱਲੋਂ ਕੀਤੇ ਹਮਲਿਆਂ ‘ਚ ਆਮ ਨਾਗਰਿਕ, ਜਿਸ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹਨ, ਮਾਰੇ ਗਏ ਹਨ। ਭਾਰਤ ਨੇ ਅਫਗਾਨਿਸਤਾਨ ‘ਤੇ ਕੀਤੇ ਗਏ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਬਲੋਚਿਸਤਾਨ ਨੇ ਵੀ ਅਫਗਾਨੀਆਂ ਨੂੰ ਭਰਾ ਕਹਿੰਦੇ ਹੋਏ ਉਨ੍ਹਾਂ ਦੇ ਨਾਲ ਖੜ੍ਹੇ ਹੋਣ ਦਾ ਭਰੋਸਾ ਦਿੱਤਾ ਹੈ।

ਅਫਗਾਨਿਸਤਾਨ ‘ਤੇ ਹਮਲੇ ਨੂੰ ਭਾਰਤ ਨੇ ਪਾਕਿਸਤਾਨ ਦੀ ਅੰਦਰੂਨੀ ਅਸਫਲਤਾ ਨੂੰ ਛੁਪਾਉਣ ਦੀ ਕੋਸ਼ਿਸ਼ ਦੱਸਿਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ, “ਅਫਗਾਨਿਸਤਾਨ ਵਿੱਚ ਪਾਕਿਸਤਾਨ ਵੱਲੋਂ ਕੀਤੀ ਗਈ ਏਅਰ ਸਟ੍ਰਾਈਕ ਦੀ ਭਾਰਤ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ, ਜਿਸ ਵਿੱਚ ਰਮਜ਼ਾਨ ਦੇ ਪਵਿੱਤਰ ਮਹੀਨੇ ਵਿੱਚ ਬੱਚਿਆਂ ਅਤੇ ਔਰਤਾਂ ਸਮੇਤ ਆਮ ਨਾਗਰਿਕਾਂ ਦੀ ਮੌਤ ਹੋਈ ਹੈ। ਇਹ ਪਾਕਿਸਤਾਨ ਵੱਲੋਂ ਆਪਣੀਆਂ ਅੰਦਰੂਨੀ ਕਮੀਆਂ ਨੂੰ ਛੁਪਾਉਣ ਦੀ ਇੱਕ ਹੋਰ ਕੋਸ਼ਿਸ਼ ਹੈ। ਭਾਰਤ ਪੂਰੀ ਤਰ੍ਹਾਂ ਅਫਗਾਨਿਸਤਾਨ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਉਸਦੀ ਆਜ਼ਾਦੀ ਦੇ ਨਾਲ ਖੜ੍ਹਾ ਹੈ।

ਅਫਗਾਨ ਰੱਖਿਆ ਮੰਤਰਾਲੇ ਨੇ ਬਿਆਨ ਵਿੱਚ ਕਿਹਾ ਕਿ ਪੂਰਬੀ ਅਫਗਾਨਿਸਤਾਨ ਦੇ ਨੰਗਰਹਾਰ ਅਤੇ ਪਕਤੀਕਾ ਸੂਬਿਆਂ ਵਿੱਚ ‘ਵੱਖ-ਵੱਖ ਨਾਗਰਿਕ ਖੇਤਰਾਂ’ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿੱਚ ਇੱਕ ਧਾਰਮਿਕ ਮਦਰੱਸਾ ਅਤੇ ਕਈ ਘਰ ਸ਼ਾਮਲ ਹਨ। ਬਿਆਨ ਵਿੱਚ ਇਸ ਨੂੰ ਅਫਗਾਨਿਸਤਾਨ ਦੀ ਹਵਾਈ ਖੇਤਰ ਅਤੇ ਪ੍ਰਭੂਸੱਤਾ ਦੀ ਉਲੰਘਣਾ ਦੱਸਿਆ ਗਿਆ।

ਅਫਗਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਇਕ ਸੋਸ਼ਲ ਮੀਡੀਆ ਪੋਸਟ ‘ਚ ਕਿਹਾ ਕਿ ਹਮਲਿਆਂ ਵਿੱਚ ‘ਦਰਜਨਾਂ ਲੋਕ ਮਾਰੇ ਅਤੇ ਜ਼ਖਮੀ ਹੋਏ ਹਨ, ਜਿਸ ਵਿੱਚ ਔਰਤਾਂ ਅਤੇ ਬੱਚੇ ਸ਼ਾਮਲ ਹਨ।’ ਉਨ੍ਹਾਂ ਨੇ ਪਾਕਿਸਤਾਨ ਦੇ 70 ਅੱਤਵਾਦੀਆਂ ਨੂੰ ਮਾਰ ਮੁਕਾਉਣ ਦੇ ਦਾਅਵੇ ਨੂੰ ‘ਗਲਤ’ ਦੱਸਿਆ। ਨੰਗਰਹਾਰ ਸੂਬੇ ਵਿੱਚ ਅਫਗਾਨ ਰੈੱਡ ਕ੍ਰੀਸੈਂਟ ਸੁਸਾਇਟੀ ਦੇ ਸੂਬਾਈ ਨਿਰਦੇਸ਼ਕ ਮੌਲਵੀ ਫਜ਼ਲ ਰਹਿਮਾਨ ਫੈਯਾਜ਼ ਨੇ ਕਿਹਾ ਕਿ 18 ਲੋਕ ਮਾਰੇ ਗਏ ਹਨ ਅਤੇ ਕਈ ਹੋਰ ਜ਼ਖਮੀ ਹੋਏ ਹਨ।

Share This Article
Leave a Comment