ਨਿਊਜ਼ ਡੈਸਕ: ਹਿਮਾਚਲ ਪ੍ਰਦੇਸ਼ ਵਿੱਚ ਸੂਰਾਂ ਦੀ ਖਰੀਦੋ-ਫਰੋਖਤ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਫੈਸਲਾ ਸੂਬੇ ਦੇ ਪਸ਼ੂ ਪਾਲਣ ਵਿਭਾਗ ਵੱਲੋਂ ਸਵਾਈਨ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਲਿਆ ਗਿਆ ਹੈ। ਫਲੂ ਕਾਰਨ ਬਹੁਤ ਸਾਰੇ ਸੂਰ ਮਰ ਚੁੱਕੇ ਹਨ। ਪ੍ਰਸ਼ਾਸਨ ਵੱਲੋਂ ਕਈ ਸੂਰਾਂ ਨੂੰ ਵੀ ਮਾਰਿਆ ਗਿਆ ਹੈ। ਰਾਜ ਸਰਕਾਰ ਦੇ ਇੱਕ ਅਧਿਕਾਰੀ ਨੇ ਇਸ ਫੈਸਲੇ ਬਾਰੇ ਜਾਣਕਾਰੀ ਦਿੱਤੀ ਹੈ।
ਜਾਣਕਾਰੀ ਅਨੁਸਾਰ, ਹਾਲ ਹੀ ਵਿੱਚ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਝੰਡੂਟਾ ਸਬ-ਡਿਵੀਜ਼ਨ ਦੀ ਕੋਲਕਾ ਪੰਚਾਇਤ ਵਿੱਚ ਅਫਰੀਕੀ ਸਵਾਈਨ ਫਲੂ ਦੀ ਲਾਗ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸੂਰਾਂ ਦੀ ਖਰੀਦੋ-ਫਰੋਖਤ ‘ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਬਿਲਾਸਪੁਰ ਦੇ ਇੱਕ ਸੂਰ ਫਾਰਮ ਵਿੱਚ ਸਵਾਈਨ ਫਲੂ ਦੀ ਲਾਗ ਕਾਰਨ ਕੁੱਲ 36 ਸੂਰਾਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ, ਪਸ਼ੂ ਪਾਲਣ ਵਿਭਾਗ ਦੇ ਨਿਯਮਾਂ ਅਨੁਸਾਰ 4 ਸੂਰ ਮਾਰ ਦਿੱਤੇ ਹਨ। ਵਿਭਾਗ ਨੇ ਸੂਰ ਪਾਲਣ ਕੇਂਦਰ ਨੂੰ ਖਾਲੀ ਕਰਵਾ ਲਿਆ ਹੈ ਅਤੇ ਸੈਨੇਟਾਈਜ਼ੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀ ਦੇ ਅਨੁਸਾਰ, ਇਹ ਫਾਰਮ ਦਸਲੇਹਰਾ ਵੈਟਰਨਰੀ ਹਸਪਤਾਲ ਦੇ ਅਧੀਨ ਆਉਂਦਾ ਹੈ ਅਤੇ ਇਸ ਵਿੱਚ ਕੁੱਲ 40 ਸੂਰ ਪਾਲੇ ਗਏ ਸਨ।