ਖੇਤਾਂ ‘ਚ ਦੁਪੱਟੇ ਨਾਲ ਬੰਨ੍ਹੀਆਂ ਮਿਲੀਆਂ ਨਾਬਾਲਗ ਤਿੰਨ ਲੜਕੀਆਂ, 2 ਦੀ ਮੌਤ

TeamGlobalPunjab
2 Min Read

ਲਖਨਊ : ਉੱਤਰ ਪ੍ਰਦੇਸ਼ ਦੇ ਉਨਾਵ ਚ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਸੋਹਾ ਥਾਣਾ ਖੇਤਰ ਦੇ ਬਬੂਰਹਾ ਪਿੰਡ ਵਿੱਚ ਤਿੰਨ ਨਾਬਾਲਗ ਲੜਕੀਆਂ ਬੇਹੋਸ਼ੀ ਦੀ ਹਾਲਤ ਵਿੱਚ ਦੁਪੱਟੇ ਨਾਲ ਬੰਨ੍ਹੀਆਂ ਹੋਈਆਂ ਮਿਲੀਆਂ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਪੁਲੀਸ ਨੂੰ ਸੂਚਨਾ ਦਿੱਤੀ, ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਤਾਂ ਦੋ ਲੜਕੀਆਂ ਦੀ ਮੌਤ ਹੋ ਚੁੱਕੀ ਸੀ। ਜਦਕਿ ਇਕ ਦੀ ਹਾਲਤ ਗੰਭੀਰ ਬਣੀ ਹੋਈ ਸੀ, ਜਿਸ ਤੋਂ ਬਾਅਦ ਉਸ ਨੂੰ ਕਾਨਪੁਰ ਰੈਫਰ ਕਰ ਦਿੱਤਾ ਗਿਆ। ਮੌਕੇ ‘ਤੇ ਪਹੁੰਚੇ ਐੱਸਪੀ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਹੀ ਮੌਤ ਦੀ ਅਸਲ ਵਜ੍ਹਾ ਦਾ ਪਤਾ ਚੱਲੇਗਾ। ਦੂਸਰੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਕਿ ਜ਼ਹਿਰੀਲੀ ਚੀਜ਼ ਖਾਣ ਦੇ ਨਾਲ ਇਨ੍ਹਾਂ ਦੀ ਮੌਤ ਹੋਣ ਦਾ ਖਦਸ਼ਾ ਹੈ।

ਤਿੰਨੇ ਲੜਕੀਆਂ ਬੀਤੇ ਦਿਨ ਪਸ਼ੂਆਂ ਲਈ ਚਾਰਾ ਇਕੱਠਾ ਕਰਨ ਲਈ ਖੇਤਾਂ ਚ ਗਈਆਂ ਹੋਈਆਂ ਸਨ। ਦੇਰ ਸ਼ਾਮ ਤੱਕ ਜਦੋਂ ਉਹ ਤਿੰਨੇ ਘਰ ਨਹੀਂ ਪਹੁੰਚਿਆ ਤਾਂ ਪਰਿਵਾਰਾਂ ਨੇ ਲੋਕਾਂ ਦੀ ਮਦਦ ਨਾਲ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦੋਂ ਪਿੰਡ ਵਾਸੀ ਸੂਰਜਪਾਲ ਦੇ ਖੇਤਾਂ ਚ ਪਹੁੰਚੇ ਤਾਂ ਤਿੰਨੇ ਲੜਕੀਆਂ ਬੇਹੋਸ਼ੀ ਦੀ ਹਾਲਤ ਵਿੱਚ ਮਿਲੀਆਂ। ਤਿੰਨਾਂ ਦੇ ਹੱਥ ਦੁਪੱਟੇ ਨਾਲ ਬੰਨ੍ਹੇ ਹੋਏ ਸਨ। ਕੋਮਲ ਅਤੇ ਕਾਜਲ ਦੀ ਮੌਤ ਹੋ ਚੁੱਕੀ ਸੀ ਤੇ ਰੋਸ਼ਨੀ ਦੇ ਸਾਹ ਚੱਲ ਰਹੇ ਸਨ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਨਸਾਫ ਦੇ ਲਈ ਪੁਲੀਸ ਅੱਗੇ ਗੁਹਾਰ ਲਗਾਈ ਹੈ। ਪੁਲੀਸ ਨੇ ਘਟਨਾ ਵਾਲੀ ਥਾਂ ‘ਤੇ ਕਬਜ਼ਾ ਕਰ ਲਿਆ ਹੈ। ਪੀੜਤ ਪਰਿਵਾਰ ਨੂੰ ਨਜ਼ਰਬੰਦ ਕਰ ਦਿੱਤਾ ਹੈ, ਕਿਸੇ ਦੇ ਨਾਲ ਵੀ ਗੱਲਬਾਤ ਕਰਨ ਦੀ ਅਨੁਮਤੀ ਨਹੀਂ ਦਿੱਤੀ ਗਈ। ਇੱਥੋਂ ਤਕ ਕਿ ਮੀਡੀਆ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ।

Share this Article
Leave a comment