ਚੰਡੀਗੜ੍ਹ: ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਹੈਂਡਲਰ ਅਤੇ ਬਰਤਾਨੀਆ ‘ਚ ਅਵਤਾਰ ਸਿੰਘ ਖੰਡਾ ਦੀ ਲੰਡਨ ਦੇ ਹਸਪਤਾਲ ‘ਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਉਸ ਨੂੰ ਬਲੱਡ ਕੈਂਸਰ ਸੀ ਅਤੇ ਉਸ ਨੂੰ ਲਾਈਫ ਸਪੋਰਟ ਸਿਸਟਮ ’ਤੇ ਰਖਿਆ ਗਿਆ ਸੀ। ਉਸ ਦੇ ਸਰੀਰ ਵਿਚ ਜ਼ਹਿਰ ਫੈਲ ਗਿਆ ਸੀ। ਫਿਲਹਾਲ ਡਾਕਟਰਾਂ ਨੇ ਅਜੇ ਮੌਤ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ।
ਜ਼ਿਕਰਯੋਗ ਹੈ ਕਿ ਖੰਡਾ ਪੰਜਾਬ ਦਾ ਵਸਨੀਕ ਸੀ। ਉਸ ਦਾ ਜਨਮ ਮੋਗਾ ਜ਼ਿਲ੍ਹੇ ਵਿੱਚ ਹੋਇਆ ਸੀ। ਅਵਤਾਰ ਸਿੰਘ ਖੰਡਾ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਸੀ । ਉਸ ਦੇ ਪਾਕਿਸਤਾਨ ਦੇ ਕਈ ਗ਼ਰਮਖ਼ਿਆਲੀਆਂ ਨਾਲ ਵੀ ਸਬੰਧ ਸਨ।
ਦਸਣਯੋਗ ਹੈ ਕਿ ਖੰਡਾ ਬੰਬ ਬਣਾਉਣ ਵਿੱਚ ਮਾਹਿਰ ਸੀ। ਖੰਡਾ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ 37 ਦਿਨਾਂ ਤੱਕ ਲੁਕਾ ਕੇ ਰੱਖਣ ਵਿੱਚ ਮਦਦ ਕੀਤੀ ਸੀ। ਵਿਦੇਸ਼ ‘ਚ ਰਹਿ ਕੇ ਗਰਮਖਿਆਲੀ ਲਹਿਰ ਚਲਾ ਰਹੇ ਅਵਤਾਰ ਸਿੰਘ ’ਤੇ ਭਾਰਤੀ ਹਾਈ ਕਮਿਸ਼ਨ ‘ਤੇ ਤਿਰੰਗੇ ਦਾ ਅਪਮਾਨ ਕਰਨ ਦੇ ਇਲਜ਼ਾਮ ਹਨ। ਇਸ ਦੇ ਨਾਲ ਹੀ ਪਿਛਲੇ ਦਿਨੀਂ NIA ਦੀ ਜਾਂਚ ਵਿਚ ਕਿਹਾ ਗਿਆ ਸੀ ਕਿ ਉਹ ਅੰਮ੍ਰਿਤਪਾਲ ਸਿੰਘ ਦਾ ਵੀ ਹੈਂਡਲਰ ਰਿਹਾ ਹੈ।